← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 20 ਜੁਲਾਈ 2020: ਕਿਸਾਨ-ਉਜਾੜੂ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020 ਰੱਦ ਕਰਾਉਣ ਲਈ ਪੰਜਾਬ ਦੀਆਂ 13 ਕਿਸਾਨ ਜਥੇਬੰਦੀਆਂ ਦੇ ਤਾਲਮੇਲਵੇਂ ਸੰਘਰਸ਼ ਦੇ ਪਹਿਲੇ ਪੜਾਅ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਮੀਂਹ ਦੇ ਬਾਵਜੂਦ ਕਰੋਨਾ-ਰੋਕੂੂ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ 9 ਜ਼ਿਲਿਆਂ ਦੇ 30 ਪਿੰਡਾਂ ਵਿੱਚ ਕੇਂਦਰੀ ਭਾਜਪਾ ਗੱਠਜੋੜ ਹਕੂਮਤ ਦੇ ਪੁਤਲੇ ਫੂਕੇ। ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਂ-ਥਾਂ ਕੀਤੇ ਗਏ ਅਰਥੀ ਫੂਕ ਮੁਜਾਹਰਿਆਂ ਵਿੱਚ ਔਰਤਾਂ ਸਮੇਤ ਕੁੱਲ ਮਿਲਾ ਕੇ ਹਜ਼ਾਰਾਂ ਕਿਸਾਨ ਸ਼ਾਮਲ ਹੋਏ ਅਤੇ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ਨਾਹਰੇ ਲਾਏ ਅਤੇ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਉਹਨਾਂ ਤੋਂ ਇਲਾਵਾ ਸੂਬਾ ਕਾਰਜਕਾਰੀ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਗੰਢੂਆਂ ਸੰਦੀਪ ਸਿੰਘ ਚੀਮਾ ਅਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਸਰਗਰਮ ਜ਼ਿਲਾ ਆਗੂ ਸ਼ਾਮਲ ਸਨ। ਉਨਾਂ ਦੱਸਿਆ ਕਿ ਕੇਂਦਰ ਵੱਲੋਂ 5 ਜੂਨ ਨੂੰ ਜਾਰੀ ਕੀਤੇ ਗਏ ਤਿੰਨੇ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕਰਦੇ ਹੋਏ ਬੁਲਾਰਿਆਂ ਨੇ ਦੋਸ਼ ਲਾਇਆ ਕਿ ਤਿੰਨਾਂ ਆਰਡੀਨੈਂਸਾਂ ਦਾ ਟੀਚਾ ਕਣਕ ਝੋਨਾ ਆਦਿ ਮੁੱਖ ਫਸਲਾਂ ਦੀ ਸਰਕਾਰੀ ਖਰੀਦ ਨੂੰ ਪੰਜਾਬ ਹਰਿਆਣਾ ਵਿੱਚ ਵੀ ਠੱਪ ਕਰਨਾ ਹੈ। ਇਸ ਕਰਕੇ ਘੱਟੋਂ-ਘੱਟ ਸਮਰਥਨ ਮੁੱਲ ਮਿਥਣ ਦੀ ਵੀ ਕੋਈ ਤੁਕ ਨਹੀਂ ਬਣਨੀ ਜਿਵੇਂ ਸਰਕਾਰੀ ਖਰੀਦ ਤੋਂ ਸੱਖਣੇ ਬਾਕੀ ਸਾਰੇ ਸੂਬਿਆਂ ਦੀ ਸਥਿਤੀ ਪਹਿਲਾਂ ਹੀ ਬਣੀ ਹੋਈ ਹੈ। ਮੰਡੀਕਰਨ ਸਿਸਟਮ ਤੋੜ ਕੇ ਖੁੱਲੀ ਮੰਡੀ ਦੀ ਨੀਤੀ ਤਹਿਤ ਸਾਰੀਆਂ ਖੇਤੀ ਜਿਣਸਾਂ ਦੀ ਖਰੀਦ-ਵੇਚ ਦੇਸੀ ਵਿਦੇਸ਼ੀ ਕਾਰਪੋਰੇਟ ਵਪਾਰੀਆਂ ਦੇ ਰਹਿਮ ’ਤੇ ਛੱਡਣ ਨਾਲ ਕਣਕ ਝੋਨੇ ਸਮੇਤ ਸਾਰੀਆਂ ਫਸਲਾਂ ਮੱਕੀ ਵਾਂਗ ਹੀ ਕੌਡੀਆਂ ਦੇ ਭਾਅ ਰੁਲਣੀਆਂ ਹਨ। ਬਿਜਲੀ ਸੋਧ ਬਿੱਲ ਰਾਹੀਂ ਇੱਕੋ ਇੱਕ ਸਿੱਧੀ ਖੇਤੀ ਸਬਸਿਡੀ ਦਾ ਖਾਤਮਾ ਕਰਕੇ ਪਹਿਲਾਂ ਹੀ ਭਾਰੀ ਕਰਜ਼ਿਆਂ ਦੇ ਬੋਝ ਥੱਲੇ ਲਗਾਤਾਰ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਆਮ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਘਰੀਂ ਸਾੜਸਤੀ ਲਿਆਉਣੀ ਹੈ। ਉਨਾਂ ਦੱਸਿਆ ਕਿ ਵੱਡੇ ਵਪਾਰੀਆਂ ਨੂੰ ਜਿੰਨੇ ਮਰਜ਼ੀ ਫਸਲੀ ਭੰਡਾਰ ਜਮਾਂ ਕਰਨ ਦੀ ਖੁੱਲ ਅਤੇ ਜਨਤਕ ਵੰਡ ਪ੍ਰਣਾਲੀ ਦੇ ਖਾਤਮੇ ਨਾਲ ਡੀਜ਼ਲ ਪ੍ਰੈਟੋਲ ਵਾਂਗ ਹੀ ਜ਼ਰੂਰੀ ਵਸਤਾਂ ਦੀ ਲੱਕ ਤੋੜ ਮਹਿੰਗਾਈ ਨੇ ਕਰੋੜਾਂ ਗਰੀਬਾਂ ਦੇ ਘਰੀਂ ਭੁੱਖਮਰੀ ਦੇ ਸੱਥਰ ਵਿਛਾਉਣੇ ਹਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕਰੋਨਾ ਦੀ ਆੜ ਹੇਠ ਜਨਤਕ ਇਕੱਠਾਂ ’ਤੇ ਪਾਬੰਦੀ ਲਾਉਣ ਵਾਲੇ ਕਾਂਗਰਸੀ ਕੈਪਟਨ ਸਰਕਾਰ ਦੇ ਫੈਸਲੇ ਨੇ ਵੀ ਖੇਤੀ ਆਰਡੀਨੈਂਸਾਂ ਦੇ ਨਕਲੀ ਵਿਰੋਧ ਵਾਲੇ ਇਸਦੇ ਮੌਕਾਪ੍ਰਸਤ ਸਿਆਸੀ ਪੈਂਤੜੇ ਨੂੰ ਨੰਗਾ ਕਰ ਦਿੱਤਾ ਹੈ। ਉਹਨਾਂ ਪਟਿਆਲਾ ਵਿਖੇ ਪਾਵਰਕਾਮ ਦੇ ਸੰਘਰਸ਼ਸ਼ੀਲ ਠੇਕਾ ਕਾਮਿਆਂ ਅਤੇ ਮੁਕਤਸਰ ਜ਼ਿਲੇ ’ਚ ਸੰਘਰਸ਼ਸ਼ੀਲ ਖੇਤ ਮਜ਼ਦੂਰਾਂ ਵਿਰੁੱਧ ਦਰਜ ਕੀਤੇ ਨਜਾਇਜ ਪੁਲਿਸ ਕੇਸਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਹ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ । ਬੁਲਾਰਿਆਂ ਨੇ ਐਲਾਨ ਕੀਤਾ ਕਿ ਇਹ ਅਰਥੀ ਫੂਕ ਮੁਜ਼ਾਹਰੇ 26 ਜੁਲਾਈ ਤੱਕ ਸਾਵਧਾਨੀਆਂ ਸਹਿਤ ਜਾਰੀ ਰਹਿਣਗੇ ਅਤੇ 27 ਜੁਲਾਈ ਨੂੰ ਜ਼ਿਲਾ ਪੱਧਰ ਦੇ ਇਕੱਠ ਕਰਕੇ ਭਾਜਪਾ ਅਕਾਲੀ ਕੇਂਦਰੀ ਮੰਤਰੀਆਂ ਪਾਰਲੀਮੈਂਟ ਮੈਬਰਾਂ ਜਾਂ ਮੁੱਖ ਪਾਰਟੀ ਆਗੂਆਂ ਦੇ ਘਰਾਂ ਤੱਕ ਟ੍ਰੈਕਟਰਾਂ ਰਾਹੀਂ ਮਾਰਚ ਕੀਤੇ ਜਾਣਗੇ।
Total Responses : 267