ਨਵੀਂ ਦਿੱਲੀ, 7 ਮਈ 2019 - ਭਾਰਤ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਗਰਮਾਹਟ ਦੇ ਨਾਲ ਨਾਲ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ, ਸਲੋਗਨ ਲੇਖਕਾਂ ਅਤੇ ਬੁਲੇਟ ਪਰੂਫਿੰਗ ਗੱਡੀਆਂ ਦੇ ਮਾਹਿਰਾਂ 'ਚ ਵੀ ਕਾਫੀ ਗਰਮਾਹਟ ਵਧੀ ਹੋਈ ਹੈ ਕਿਉਂਕਿ ਇੰਨ੍ਹੀ ਦਿਨੀਂ ਅਜਿਹੇ ਮਾਹਿਰਾਂ ਦੀ ਭਾਰਤ ਵਿਚ ਮੰਗ ਬਹੁਤ ਜ਼ਿਆਦਾ ਵਧੀ ਹੋਈ ਹੈ ਅਤੇ ਇੰਨ੍ਹਾਂ ਵੱਲੋਂ ਲੋਕ ਸਭਾ ਚੋਣਾਂ 'ਚ ਚੰਗੀ ਮੋਟੀ ਕਮਾਈ ਕੀਤੀ ਜਾ ਰਹੀ ਹੈ।
ਲੋਕ ਸਭਾ ਚੋਣਾਂ, ਜਿਥੇ ਕਰੀਬ 900 ਮਿਲੀਅਨ ਨਾਗਰਿਕਾਂ ਨੇ ਸੱਤ ਪੜਾਵਾਂ ਵਿੱਚ ਆਪਣਾ ਵੋਟ ਪਾਉਣਾ ਹੈ। ਇੰਨ੍ਹਾਂ ਚੋਣਾਂ ਦੌਰਾਨ ਭਾਰਤ 'ਚ ਨੌਜਵਾਨਾਂ ਲਈ ਕਾਰੋਬਾਰ ਦੇ ਮੌਕੇ ਪੈਦਾ ਕੀਤੇ ਹਨ । 'ਦ ਪ੍ਰਿੰਟ' ਦੀ ਰਿਪੋਰਟ ਅਨੁਸਾਰ ਇਸ ਵਾਰ ਚੋਣ ਖਰਚ ਵਿੱਚ ਬਹੁਤ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਇਹ ਧਰਤੀ ਉੱਤੇ ਸਭ ਤੋਂ ਮਹਿੰਗਾ ਪੋਲ ਮੰਨਿਆ ਜਾ ਰਿਹਾ ਹੈ। ਨਵੀਂ ਦਿੱਲੀ ਸਥਿਤ ਥਿੰਕ ਟੈਂਕ ਸੈਂਟਰ ਫਾਰ ਮੀਡੀਆ ਸਟੱਡੀਜ਼ ਅਨੁਸਾਰ, ਖਰਚਾ 40 ਫੀਸਦੀ ਤੋਂ ਵਧ ਕੇ 7 ਅਰਬ ਡਾਲਰ ਹੋ ਗਿਆ ਹੈ।
ਬੁਲੇਟ ਪਰੂਫ ਗੱਡੀਆਂ ਬਣਾਉਣ ਵਾਲੇ ਲਾ ਰਹੇ ਓਵਰ ਟਾਈਮ
ਇਸ ਚੋਣ ਸੀਜ਼ਨ ਦੌਰਨ ਮੰਤਰੀਆਂ ਸੰਤਰੀਆਂ ਦੁਆਰਾ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਆਪਣੀਆਂ ਮਹਿੰਗੀਆਂ ਗੱਡੀਆਂ ਨੂੰ ਬੁਲੇਟ ਪਰੂਫ ਕਰਾਇਆ ਜਾ ਰਿਹਾ ਹੈ, ਜਿਸ ਕਾਰਨ ਕਾਰੋਬਾਰੀਆਂ ਦੇ ਕਾਰੋਬਾਰ 'ਚ ਚੌਗਣਾ ਵਾਧਾ ਹੋਇਆ ਹੈ। ਪੰਜਾਬ ਅਧਾਰਤ ਗਰਾਜ ਦੇ ਮਾਲਕ ਸੰਚਿਤ ਸੋਭਤੀ , ਜੋ ਕਿ ਲੱਘਰ ਇੰਡਸਟਰੀਜ਼ ਦੇ ਨਿਰਦੇਸ਼ਕ ਹਨ, ਦਾ ਕਹਿਣਾ ਹੈ ਕਿ ਉਹ ਤੇ ਉਨ੍ਹਾਂ ਦਾ 70 ਨੌਜਵਾਨਾਂ ਦੇ ਕਰੀਬ ਸਟਾਫ ਗੱਡੀਆਂ ਨੂੰ ਬੁਲੇਟ ਪਰੂਫ ਕਰਨ 'ਚ ਓਵਰਟਾਈਮ ਲਗਾ ਰਹੇ ਹਨ ਤਾਂ ਜੋ ਸਮੇਂ ਸਿਰ ਮੰਤਰੀਆਂ ਦੀਆਂ ਗੱਡੀਆਂ ਦਾ ਆਰਡਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇੱਕ ਕਾਰ ਨੂੰ ਬੁਲੇਟ ਪਰੂਫ ਕਰਨ 'ਤੇ ਅੰਦਾਜ਼ਨ ਖਰਚਾ 6 ਲੱਖ ਰੁਪਏ ਤੱਕ ਆ ਜਾਂਦਾ ਹੈ ਤੇ ਹੁਣ ਤੱਕ ਉਹ ਕਰੀਬ 30 ਤੋਂ 35 ਕਾਰਾਂ ਨੂੰ ਬੁਲੇਟ ਪਰੂਫ ਕਰ ਚੁੱਕੇ ਹਨ, ਜਿਸ 'ਚ 2 ਤੋਂ 3 ਮਹੀਨੇ ਦਾ ਸਮਾਂ ਲੱਗਾ ਹੈ।
ਸੋਸ਼ਲ ਮੀਡੀਆ 'ਤੇ ਉਮੀਦਵਾਰਾਂ ਦੀ ਚੰਗੀ ਇਮੇਜ ਬਣਾਉਣ ਲਈ ਵੀ ਨੌਜਵਾਨਾਂ ਨੂੰ ਮਿਲਿਆ ਰੁਜ਼ਗਾਰ
ਸੋਸ਼ਲ ਮੀਡੀਆ 'ਤੇ ਉਮੀਦਵਾਰਾਂ ਦੀ ਚੰਗੀ ਇਮੇਜ ਬਣਾਉਣ ਲਈ ਵੀ ਕਰੀਏਟਿਵ ਨੌਜਾਵਾਨਾਂ ਦੀ ਇੱਕ ਟੀਮ ਨੂੰ ਰੁਜ਼ਗਾਰ ਮਿਲਿਆ ਹੈ। ਇਹੋ ਜਿਹੀਆਂ ਕੰਪਨੀਆਂ ਸਿਆਸਤਦਾਨਾਂ ਦੀਆਂ ਸੋਸ਼ਲ ਮੀਡੀਆ ਆਈਡੀਆਂ ਹੈਂਡਲ ਕਰਦੀ ਹੈ ਤੇ ਕਿਹੜੀ ਆਡੀਐਂਸ ਨੂੰ ਟਾਰਗੇਟ ਕਰਨਾ ਤੇ ਕਿਵੇਂ ਕਰਨਾ, ਸਭ 'ਤੇ ਤਿੱਖੀ ਨਜ਼ਰ ਰੱਖਦੀ ਹੈ।
ਸਿਆਸਤਦਾਨਾਂ ਦੇ ਰੁਤਬੇ ਦਾ ਸਵਾਲ
ਕਈ ਸਿਆਸਤਦਾਨਾਂ ਵੱਲੋਂ ਆਪਣਾ ਰੁਤਬਾ ਦਿਖਾਉਣ ਦੀ ਖਾਤਿਰ ਕਾਰਾਂ ਨਹੀਂ, ਸਗੋਂ ਹਵਾਈ ਸਫਰ ਕਰਨਾ ਪਸੰਦ ਕੀਤਾ ਜਾ ਰਿਹਾ ਹੈ। ਭਾਵ ਕਿ ਹੈਲੀਕਾਪਟਰਾਂ 'ਚ ਰੈਲੀ ਸਥਾਨਾਂ 'ਤੇ ਪੁੱਜਣਾ ਆਦਿ। 'ਦ ਪ੍ਰਿੰਟ' ਦੀ ਰਿਪੋਰਟ ਮੁਤਾਬਕ ਇੱਕ ਇੰਜਣ ਵਾਲੇ ਹੈਲੀਕਾਪਟਰ ਦਾ ਇੱਕ ਘੰਟੇ ਦਾ ਕਿਰਾਇਆ ਡੇਢ ਲੱਖ ਰੁਪਏ ਜਦਕਿ ਟਵਿਨ ਇੰਜਣ ਵਾਲੇ ਹੈਲੀਕਾਪਟਰ ਦਾ ਕਿਰਾਇਆ ਢਾਈ ਲੱਖ ਰੁਪਏ ਰੱਖਿਆ ਗਿਆ ਹੈ। ਇਥੇ ਹੀ ਬੱਸ ਨਹੀਂ, ਮਹਿੰਗੇ ਜੈੱਟ 'ਚ ਸਫਰ ਕਰਨ ਦਾ ਇੱਕ ਘੰਟੇ ਦਾ ਕਿਰਾਇਆ ਚਾਰ ਲੱਖ ਸੱਠ ਹਜ਼ਾਰ ਰੁਪਏ ਹੈ।
ਜੋ ਵੀ ਹੈ, ਇੰਨ੍ਹਾਂ ਚੋਣਾਂ 'ਚ ਜਿਥੇ ਸਿਆਸੀ ਪਾਰਟੀਆਂ ਵੱਲੋਂ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਵੀ ਪੈਦਾ ਹੋਏ ਹਨ।