ਅੰਮ੍ਰਿਤਸਰ, 18 ਮਈ 2019 - ਲੋਕ ਸਭਾ ਚੋਣਾਂ ਦੀਆਂ ਹੋ ਰਹੀਆਂ ਰਹਿਰਸਲਾਂ ਵਿਚ ਹੁਣ ਤੱਕ ਹਾਜ਼ਰ ਨਾ ਹੋਣ ਵਾਲੇ 80 ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵੱਲੋਂ ਉਨਾਂ ਦੇ ਵਿਭਾਗਾਂ ਨੂੰ ਲਿਖਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਰਚੇ ਦਰਜ ਕਰਵਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ। ਉਕਤ ਜਾਣਕਾਰੀ ਦਿੰਦੇ ਵਧੀਕ ਜਿਲ੍ਹਾ ਚੋਣ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਕੀਤੇ ਗਏ ਅਭਿਆਸ ਵਿਚ ਜਿਹੜੇ ਕਰਮਚਾਰੀ ਬਿਨਾਂ ਦੱਸੇ ਹਾਜ਼ਰ ਨਹੀਂ ਹੋਏ, ਉਨਾਂ ਵਿਰੁੱਧ ਕਾਰਵਾਈ ਲਈ ਜਿਲ੍ਹਾ ਚੋਣ ਅਧਿਕਾਰੀ ਵੱਲੋਂ ਪਿਤਰੀ ਵਿਭਾਗਾਂ ਨੂੰ ਲਿਖਣ ਦੇ ਨਿਰਦੇਸ਼ ਆ ਚੁੱਕੇ ਹਨ, ਪਰ ਜੇਕਰ ਉਹ ਕੱਲ੍ਹ ਫਾਈਨਲ ਅਭਿਆਸ ਕਮ ਚੋਣ ਸਮਾਨ ਮੌਕੇ ਹਾਜ਼ਰ ਹੋ ਜਾਂਦੇ ਹਨ ਤਾਂ ਇਹ ਕਾਰਵਾਈ ਟਾਲੀ ਜਾ ਸਕਦੀ ਹੈ।
ਜਿਲ੍ਹਾ ਚੋਣ ਅਧਿਕਾਰੀ ਵੱਲੋਂ 144 ਤਹਿਤ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਜਿਲ੍ਹਾ ਚੋਣ ਅਧਿਕਾਰੀ ਕਮ ਜਿਲ੍ਹਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਇਕ ਹੁਕਮ ਰਾਹੀਂ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਅੰਦਰ ਮੋਬਾਈਲ ਫੋਨ ਜਾਂ ਵਾਇਰਲੈਸ ਲੈ ਕੇ ਜਾਣ ਉਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਚੋਣ ਡਿਊਟੀ ਉਤੇ ਤਾਇਨਾਤ ਕਰਮਚਾਰੀਆਂ ਉਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਖੇਤਰ ਵਿਚ ਇਥੋਂ ਦੇ ਵੋਟਰਾਂ ਤੋਂ ਬਿਨਾਂ ਬਾਹਰੀ ਵਿਅਕਤੀਆਂ ਦੇ ਰਹਿਣ ਉਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਚੋਣਾਂ ਨੂੰ ਵੇਖਦੇ ਹੋਏ ਹਲਕੇ ਵਿਚ ਲਾਊਡ ਸਪੀਕਰਾਂ ਦੀ ਵਰਤੋਂ ਉਤੇ ਪਾਬੰਦੀ ਲਗਾਈ ਗਈ ਹੈ। ਜਿਲ੍ਹਾ ਚੋਣ ਅਧਿਕਾਰੀ ਨੇ ਇਸ ਤੋਂ ਇਲਾਵਾ ਚੋਣਾਂ ਅਮਨਪੂਰਵਕ ਤੇ ਬਿਨਾਂ ਕਿਸੇ ਡਰ ਦੇ ਕਰਵਾਉਣ ਲਈ ਜਿਲ੍ਹੇ ਵਿਚ ਹਰ ਕਿਸਮ ਦੇ ਹਥਿਆਰ, ਅਗਨ ਸਾਸ਼ਤਰ, ਵਿਸਫੋਟਕ ਪਦਾਰਥ, ਜਲਣਸ਼ੀਲ ਚੀਜਾਂ ਅਤੇ ਤੇਜ਼ ਹਥਿਆਰ, ਜਿਸ ਵਿਚ ਟਕੂਏ, ਬਰਛੇ, ਛੁਰੇ ਆਦਿ ਵੀ ਸ਼ਾਮਿਲ ਹਨ, ਲੈ ਕੇ ਚੱਲਣ ਉਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 19 ਮਈ ਸ਼ਾਮ ਤੱਕ ਲਾਗੂ ਰਹਿਣਗੇ।
ਚੋਣ ਪ੍ਰਚਾਰ ਖਤਮ ਹੋਣ ਕਾਰਨ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਚੋਣ ਅਧਿਕਾਰੀ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ 17 ਮਈ ਸ਼ਾਮ 6 ਵਜੇ ਤੋਂ ਬਾਅਦ 20 ਮਈ ਸ਼ਾਮ 6 ਵਜੇ ਤੱਕ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਜਨਤਕ ਮੀਟਿੰਗ ਕਰਨ, ਰੈਲੀਆਂ ਕਰਨ ਉਤੇ ਪਾਬੰਦੀ ਲਗਾ ਦਿੱਤੀ ਹੈ। ਜਾਰੀ ਹੁਕਮ ਅਨੁਸਾਰ ਰਾਜਸੀ ਪਾਰਟੀਆਂ 5 ਤੋਂ ਵੱਧ ਵਿਅਕਤੀਆਂ ਨੂੰ ਇਕੱਠੇ ਕਰਕੇ ਲਾਊਡ ਸਪੀਕਰਾਂ ਦੀ ਵਰਤੋਂ ਨਾਲ ਚੋਣ ਪ੍ਰਚਾਰ ਨਹੀਂ ਕਰ ਸਕਦੇ। ਇਹ ਹੁਕਮ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਵਾਲਿਆਂ ਉਤੇ ਲਾਗੂ ਨਹੀਂ ਹੋਵੇਗਾ, ਪਰ ਉਹ ਸਪੀਕਰ ਦੀ ਵਰਤੋਂ ਨਹੀਂ ਕਰ ਸਕਣਗੇ।