ਡਾ. ਧਰਮਵੀਰ ਗਾਂਧੀ ਆਪਣੇ ਰੋਡ ਸ਼ੋਅ ਦੌਰਾਨ ਆਪਣੇ ਸਮਰਥਕਾਂ ਨੂੰ ਦਾ ਪਿਆਰ ਕਬੂਲਦੇ ਹੋਏ।
ਸਮਾਣਾ /ਪਾਤੜਾਂ/ਪਟਿਆਲਾ, 16 ਮਈ 2019: ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪਟਿਆਲਾ ਤੋਂ ਲੈ ਕੇ ਸਮਾਣਾ ਸ਼ਹਿਰ ਅਤੇ ਪਿੰਡਾਂ ਸਮੇਤ ਹਲਕਾ ਸ਼ੁਤਰਾਣਾ ਦੇ ਪਿੰਡਾਂ ਅਤੇ ਪਾਤੜਾਂ ਸ਼ਹਿਰ ਵਿੱਚ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਨਾਲ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਦੌਰਾਨ ਡਾ. ਗਾਂਧੀ ਨੂੰ ਹਲਕਾ ਸਮਾਣਾ ਅਤੇ ਸ਼ੁਤਰਾਣਾ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਅਤੇ ਥਾਂ-ਥਾਂ 'ਤੇ ਵੱਡੀ ਗਿਣਤੀ ਲੋਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਡਾ. ਗਾਂਧੀ ਦਾ ਸੁਆਗਤ ਕੀਤਾ ਗਿਆ।
ਇਸ ਦੌਰਾਨ ਡਾ. ਗਾਂਧੀ ਦੇ ਚੋਣ ਪ੍ਰਚਾਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਮਾਣਾ ਦੇ ਮੁਸਲਿਮ ਭਾਈਚਾਰੇ ਨੇ ਡਾ. ਗਾਂਧੀ ਦੀ ਹਮਾਇਤ ਦਾ ਐਲਾਨ ਕੀਤਾ, ਜਿਸ ਲਈ ਡਾ. ਗਾਂਧੀ ਨੇ ਉਹਨਾਂ ਦਾ ਧੰਨਵਾਦ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਉਹ ਆਪਣੇ ਸਾਰੇ ਸਮਰਥਕਾਂ ਦੇ ਹਮੇਸ਼ਾ ਰਿਣੀ ਰਹਿਣਗੇ ਜੋ ਅੱਤ ਦੀ ਗਰਮੀ ਦੇ ਬਾਵਜੂਦ ਉਹਨਾਂ ਲਈ ਪ੍ਰਚਾਰ ਕਰ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਇਹ ਚੋਣ ਮੇਰੀ ਇਕੱਲੇ ਦੀ ਨਹੀਂ ਸਗੋਂ ਲੋਕ ਸਭਾ ਹਲਕਾ ਪਟਿਆਲਾ ਵਿੱਚ ਰਹਿਣ ਵਾਲੇ ਹਰ ਉਸ ਵਿਅਕਤੀ ਦੀ ਹੈ ਜੋ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ ਹੈ ਅਤੇ ਇਮਾਨਦਾਰ ਸਿਆਸਤ ਦੀ ਹਾਮੀਂ ਭਰਦਾ ਹੈ।
ਡਾ. ਗਾਂਧੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦੂਜੀ ਵਾਰ ਐਮ.ਪੀ ਬਣਾਓ ਤਾਂ ਜੋ ਮੈਂ ਹੋਰ ਮਿਹਨਤ ਤੇ ਲਗਨ ਨਾਲ ਵਿਕਾਸ ਕਾਰਜ ਕਰਾਵਾ ਸਕਾਂ ਅਤੇ ਆਪਣੇ ਹਲਕੇ ਲਈ ਵੱਡੇ ਪ੍ਰੋਜੈਕਟ ਲਿਆਵਾਂ। ਉਹਨਾਂ ਕਿਹਾ ਕਿ ਸ਼੍ਰੀਮਤੀ ਪ੍ਰਨੀਤ ਕੌਰ 15 ਸਾਲ ਲਗਾਤਾਰ ਐਮ.ਪੀ ਰਹੇ ਅਤੇ 5 ਸਾਲ ਵਿਦੇਸ਼ ਰਾਜ ਮੰਤਰੀ ਵੀ ਰਹੇ ਪਰ ਉਹਨਾਂ ਨੇ ਪਟਿਆਲਾ ਹਲਕੇ ਦੇ ਲੋਕਾਂ ਲਈ ਕੋਈ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ, ਜਦਕਿ ਮੈਂ ਐਮ.ਪੀ ਬਣਨ ਉਪਰੰਤ ਪੰਜਾਂ ਸਾਲਾਂ ਵਿੱਚ ਹੀ ਕਈ ਪ੍ਰੋਜੈਕਟ ਲੈ ਕੇ ਆਇਆ ਹਾਂ, ਜਿਸ ਵਿੱਚ ਰਾਜਪੁਰਾ ਤੋਂ ਬਠਿੰਡਾ ਰੇਲ ਲਿੰਕ ਨੂੰ ਡਬਲ ਕਰਨਾ ਅਤੇ ਉਸਦਾ ਬਿਜਲੀਕਰਨ ਕਰਨਾ, ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲ ਲਿੰਕ ਪਾਸ ਕਰਾਉਣਾ, ਪਟਿਆਲਾ ਵਾਸਤੇ ਵੱਖਰਾ ਪਾਸਪੋਰਟ ਦਫਤਰ ਪਟਿਆਲਾ ਵਿੱਚ ਖੁਲਵਾਉਣਾ, 1000 ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਸਮੇਤ ਸਿੱਖ ਕੌਮ ਲਈ ਵੱਖਰਾ ਸਿੱਖ ਮੈਰਿਜ਼ ਐਕਟ ਮਨਜ਼ੂਰ ਕਰਵਾਉਣ ਲਈ ਬਿੱਲ ਮਨਜ਼ੂਰ ਕਰਵਾਇਆ ਅਤੇ ਪੰਜਾਬ ਵਿੱਚ ਭੁੱਕੀ-ਅਫੀਮ ਦੇ ਠੇਕੇ ਖੁਲਵਾਉਣ ਲਈ ਬਿੱਲ ਪੇਸ਼ ਕੀਤਾ। ਡਾ. ਗਾਂਧੀ ਨੇ ਕਿਹਾ ਕਿ ਮੈਂ ਜਿੱਤਣ ਉਪਰੰਤ ਪੰਜਾਬ ਵਿੱਚੋਂ ਚਿੱਟਾ ਅਤੇ ਸੰਥੈਟਿਕ ਨਸ਼ੇ ਦੇ ਖਾਤਮੇ ਵਾਸਤੇ ਭੁੱਕੀ-ਅਫੀਮ ਦੇ ਠੇਕੇ ਖੁਲਵਾਉਣ ਲਈ ਯਤਨਸ਼ੀਲ ਰਹਾਂਗਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢਿਆ ਜਾ ਸਕੇ।