ਲੁਧਿਆਣਾ, 12 ਮਈ 2019: ਗਿੱਲ ਹਲਕੇ ਦੇ ਪਿੰਡ ਧਾਂਦਰਾ ਵਿਖੇ ਕਾਂਗਰਸ ਉਮੀਦਵਾਰ ਐਮਪੀ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਵਿਧਾਇਕ ਕੁਲਦੀਪ ਸਿੰਘ ਵੈਦ, ਗੁਰਜੀਤ ਸਿੰਘ ਧਾਂਦਰਾ ਅਤੇ ਮੋਹਨ ਸਿੰਘ ਸਰਪੰਚ ਵੱਲੋਂ ਇੱਕ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਜੋਸ਼ੀਲੇ ਨਾਅਰੇ ਲਗਾਉਂਦੇ ਲੋਕਾਂ ਦੇ ਭਰਵੇਂ ਇਕੱਠ ਨੇ ਸ. ਬਿੱਟੂ ਦੀ ਵੱਡੀ ਹਿਮਾਇਤ ਦਾ ਸਾਫ ਸੰਕੇਤ ਦੇ ਦਿੱਤਾ।
ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੋਟਬੰਦੀ ਅਤੇ ਜੀਐਸਟੀ ਵਰਗੀਆਂ ਲੋਕ ਵਿਰੋਧੀ ਨੀਤੀਆਂ ਨੇ ਕਿਸਾਨਾਂ ਅਤੇ ਸਮਾਜ ਦੇ ਕਮਜੋਰ ਵਰਗਾਂ ਦੇ ਲੋਕਾਂ ਨੂੰ ਬੁਰੀ ਤਰਾਂ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਦੇਸ਼ ਵਿੱਚ ਮੋਦੀ-ਵਿਰੋਧੀ ਲਹਿਰ ਜੋਰਾਂ 'ਤੇ ਹੈ ਅਤੇ ਲੋਕਾਂ ਨੇ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਫੈਸਲਾ ਕਰ ਲਿਆ ਹੈ।
ਸ. ਬਿੱਟੂ ਨੇ ਦਾਅਵਾ ਕੀਤਾ ਕਿ ਚੋਣਾਂ ਮਗਰੋਂ ਬਣਨ ਜਾ ਰਹੀ ਯੂਪੀਏ ਸਰਕਾਰ 25 ਕਰੋੜ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਲਈ 'ਨਿਆਏ' ਸਕੀਮ ਲਾਗੂ ਕਰੇਗੀ ਜਿਸ ਦੇ ਤਹਿਤ ਉਨਾਂ ਦੇ ਖਾਤਿਆਂ ਵਿੱਚ ਹਰ ਮਹੀਨੇ 6 ਹਜਾਰ ਰੁਪਏ ਜਮਾਂ ਕਰਵਾਏ ਜਾਣਗੇ ਅਤੇ ਮਨਰੇਗਾ ਸਕੀਮ ਅਧੀਨ ਕਿਰਤੀਆਂ ਦੀ ਉਜਰਤ ਰੋਜਾਨਾਂ 240 ਰੁਪਏ ਤੋਂ ਵੱਧਾ ਕੇ 300 ਰੁਪਏ ਕੀਤੀ ਜਾਵੇਗੀ ਜਦ ਕਿ ਦਿਹਾੜੀਆਂ ਦੀ ਗਿਣਤੀ 100 ਤੋਂ ਵੱਧਾ ਕੇ 150 ਕੀਤੀ ਜਾਵੇਗੀ।
ਸ. ਬਿੱਟੂ ਨੇ ਕਿਹਾ ਕਿ ਸਿਮਰਜੀਤ ਬੈਂਸ ਬਲੈਕਮੇਲਿੰਗ ਲਈ ਬਦਨਾਮ ਹੋ ਚੁੱਕਾ ਹੈ ਅਤੇ ਹੁਣ ਉਸਦੀ ਜਬਰੀ ਉਗਰਾਹੀ ਦੇ ਸ਼ਿਕਾਰ ਲੋਕ ਉਸ ਦੇ ਸਟਿੰਗ ਕਰਨ ਅਤੇ ਉਸ ਵਿਰੁੱਧ ਮੁਜ਼ਾਹਰੇ ਕਰਨ ਲੱਗੇ ਹਨ। ਉਨਾਂ ਬੈਂਸ ਉਪਰ ਮੁਲਾਜ਼ਮਾਂ ਦੇ ਸਟਿੰਗ ਅਪ੍ਰੇਸ਼ਨਾਂ ਨਾਲ ਬੇਸ਼ੁਮਾਰ ਦੌਲਤ ਇਕੱਠੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਉਨਾਂ ਗਲਤ ਢੰਗਾਂ ਨਾਲ ਬਣਾਈ ਦੌਲਤ ਨਾਲ ਹਲਕਾ ਗਿੱਲ ਵਿੱਚ 11 ਏਕੜ ਦੀ ਮਹਿੰਗੀ ਜ਼ਮੀਨ ਉਪਰ ਮਹਿਲਨੁਮਾ ਬੰਗਲਾ ਬਣਾਇਆ ਹੈ। ਬੈਂਸ ਦੇ ਅਪਰਾਧਿਕ ਰਿਕਾਰਡ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਉਸ ਦੇ ਖਿਲਾਫ ਧਾਰਾ 307 ਵਰਗੇ ਗੰਭੀਰ ਦੋਸ਼ਾਂ ਸਮੇਤ ਕਈ ਅਪਰਾਧਿਕ ਮਾਮਲਿਆਂ ਦੀਆਂ 60 ਐਫਆਈਆਰ ਦਰਜ ਹਨ। ਉਨਾਂ ਕਿਹਾ ਕਿ ਅਜਿਹੇ ਬਲੈਕਮੇਲਰ ਅਤੇ ਅਪਰਾਧੀ ਅਕਸ ਵਾਲੇ ਬੰਦੇ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ। ਉਨਾਂ ਵੋਟਰਾਂ ਨੂੰ ਕਿਹਾ ਕਿ ਬੈਂਸ ਨੂੰ ਵੋਟ ਪਾਉਣਾ ਵੋਟ ਨੂੰ ਖਰਾਬ ਕਰਨਾ ਹੋਵੇਗਾ।
ਅਕਾਲੀ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਬਾਰੇ ਸ. ਬਿੱਟੂ ਨੇ ਕਿਹਾ ਕਿ 10 ਸਾਲ ਤੱਕ ਬਾਦਲ ਦਾ ਸਲਾਹਕਾਰ ਰਹਿਣ ਦੇ ਬਾਵਜੂਦ ਲੁਧਿਆਣਾ ਦੇ ਵਿਕਾਸ ਲਈ ਉਨਾਂ ਭੋਰਾ ਵੀ ਯੋਗਦਾਨ ਨਹੀਂ ਪਾਇਆ। ਸ. ਬਿੱਟੂ ਨੇ ਕਿਹਾ ਕਿ ਉਹ ਬੇਅਦਬੀ ਦੇ ਦੋਸ਼ੀਆਂ ਦਾ ਬਚਾਅ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਅਮਨਪੂਰਵਕ ਮੁਜ਼ਾਹਰਾ ਕਰ ਰਹੇ ਨਿਰਦੋਸ਼ ਸਿੱਖਾਂ ਉਪਰ ਗੋਲੀਆਂ ਚਲਾਉਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੇ ਵੀ ਜਿੰਮੇਵਾਰ ਹਨ।
ਸ. ਬਿੱਟੂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨਾਂ ਨੂੰ ਵੋਟਾਂ ਪਾ ਕੇ ਦੁਬਾਰਾ ਲੁਧਿਆਣਾ ਦਾ ਸਾਂਸਦ ਚੁਣਨ ਤਾਂ ਕਿ ਉਹ ਲੁਧਿਆਣਾ ਦੇ ਵਿਕਾਸ ਲਈ ਸ਼ੁਰੂ ਕਰਵਾਏ ਪ੍ਰਾਜੈਕਟਾਂ ਨੂੰ ਮੁਕੰਮਲ ਕਰਵਾ ਸਕਣ।
ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਵੈਦ ਨੇ ਕਿਹਾ ਕਿ ਸ. ਬਿੱਟੂ ਗਿੱਲ ਹਲਕੇ ਤੋਂ ਵੋਟਾਂ ਦੇ ਰਿਕਾਰਡਤੋੜ ਫਰਕ ਨਾਲ ਜਿੱਤ ਹਾਸਿਲ ਕਰਨਗੇ ਕਿਉਂਕਿ ਇਸ ਸਮੇਂ ਮੋਦੀ ਦੇ ਖਿਲਾਫ ਅਤੇ ਕਾਂਗਰਸ ਦੇ ਹੱਕ ਵਿੱਚ ਜ਼ੋਰਦਾਰ ਲਹਿਰ ਚੱਲ ਰਹੀ ਹੈ। ਰੈਲੀ ਵਿੱਚ ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ, ਅਮਰੀਕ ਸਿੰਘ ਆਲੀਵਾਲ, ਅਮਰਿੰਦਰ ਸਿੰਘ ਜੱਸੋਵਾਲ, ਜਸਵੰਤ ਸੰਦੀਲਾ,
ਜਿਲਾ ਕਾਂਗਰਸ ਦਿਹਾਤੀ ਪ੍ਰਧਾਨ ਸੋਨੀ ਗਾਲਿਬ, ਜ਼ਿਲਾ ਮਹਿਲਾ ਪ੍ਰਧਾਨ ਗੁਰਦੀਪ ਕੌਰ, ਗੁਰਜੀਤ ਧਾਂਦਰਾ, ਬਿੱਟੂ ਗਰੇਵਾਲ, ਤਿਰਲੋਕ ਧਾਂਦਰਾ, ਪੱਪੀ ਸ਼ਾਹਪੁਰੀਆ ਅਤੇ ਕਈ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ।