← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 27 ਜੁਲਾਈ 2020: ਨਹਿਰੀ ਵਿਭਾਗ ਵੱਲੋਂ ਸਰਹਿੰਦ ਨਹਿਰ ਬੰਦ ਕਰਨ ਨਾਲ ਬਠਿੰਡਾ ‘ਚ ਜਲ ਸੰਕਟ ਦੇ ਸੰਕੇਤ ਹਾਸਲ ਹੋਏ ਹਨ। ਉਂਜ ਸਪਲਾਈ ਪੇਂਡੂ ਜਲ ਘਰਾਂ ‘ਚ ਵੀ ਪਾਣੀ ਦੀ ਪ੍ਰਭਾਵਿਤ ਹੋਵੇਗੀ ਪਰ ਬਾਰਸ਼ ਉਪਰੰਤ ਖੇਤੀ ਖੇਤਰ ਲਈ ਪਾਣੀ ਦੀ ਮੰਗ ਕਾਫੀ ਘਟ ਗਈ ਹੈ।ਨਗਰ ਨਿਗਮ ਬਠਿੰਡਾ ਵੱਲੋਂ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਗਏ ਬਲਕਿ ਹਰ ਵਾਰ ਨਹਿਰੀ ਬੰਦੀ ਮੌਕੇ ਲੋਕਾਂ ਨੂੰ ਉਨਾਂ ਦੇ ਹਾਲ ਤੇ ਸੁੱਟ ਦਿੱਤਾ ਜਾਂਦਾ ਹੈ। ਸ਼ਹਿਰ ’ਚ ਤਾਂ ਪਿਛਲੇ ਕਈ ਵਰਿਆਂ ਤੋਂ ਲੋਕਾਂ ਨੇ ਧਰਨੇ ਮੁਜਾਹਰੇ ਵੀ ਕਰਕੇ ਦੇਖ ਲਏ ਪਰ ਕੋਈ ਸਿੱਟਾ ਨਹੀਂ ਨਿੱਕਲ ਸਕਿਆ ਹੈ। ਸ਼ਹਿਰ ’ਚ ਸੌ ਫੀਸਦੀ ਪਾਣੀ ਸੀਵਰੇਜ਼ ਪ੍ਰਜੈਕਟ ਤੇ ਤਿ੍ਰਵੈਣੀ ਕੰਮ ਕਰ ਰਹੀ ਹੈ। ਪ੍ਰਜੈਕਟ ਤੇ ਕਰੋੜਾਂ ਦਾ ਖਰਚਾ ਵੀ ਲੋਕਾਂ ਦੇ ਸੁੱਕੇ ਸੰਘ ਵੀ ਗਿੱਲੇ ਨਹੀਂ ਕਰ ਸਕਿਆ ਹੈ। ਦੱਸਣਯੋਗ ਹੈ ਕਿ ਬਠਿੰਡਾ ਵਿੱਚ ਜਲ ਘਰਾਂ ਦੇ ਟੈਂਕਾਂ ‘ਚ ਕਰੀਬ 15 ਦਿਨ ਲਈ ਪਾਣੀ ਸਟੋਰ ਹੁੰਦਾ ਹੈ ਜਿਸ ਨੂੰ ਸੰਜਮ ਨਾਲ ਦੋ ਤਿੰਨ ਦਿਨ ਜਿਆਦਾ ਵਰਤਿਆ ਜਾ ਸਕਦਾ ਹੈ। ਜੇਕਰ ਬੰਦੀ ਜਿਆਦਾ ਚੱਲ ਜਾਏ ਤਾਂ ਫਿਰ ਰਾਸ਼ਨਿੰਗ ਜਾਂ ਪਾਣੀ ਦੀ ਸਪਲਾਈ ਵਿਚ ਕਟੌਤੀ ਦੀ ਨੌਬਤ ਵੀ ਆ ਸਕਦੀ ਹੈ । ਸ਼ਹਿਰ ਦੇ ਇੱਕ ਦਰਜਨ ਮੁਹੱਲੇ ਅਜਿਹੇ ਹਨ ਜਿੱਥੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਪਹਿਲਾਂ ਹੀ ਘਾਟ ਰਹਿੰਦੀ ਹੈ । ਕੁੱਝ ਮੁਹੱਲਿਆਂ ਦੇ ਲੋਕ ਪੀਣ ਵਾਲਾ ਪਾਣੀ ਹਰ ਰੋਜ ਕੇਨੀਆਂ ’ਚ ਭਰ ਕੇ ਲਿਆਉਣ ਜਾਂਦੇ ਹਨ। ਜਿਆਦਾ ਗਰਮੀ ’ਚ ਨਗਰ ਨਿਗਮ ਟੈਂਕਰਾਂ ਰਾਹੀਂ ਪਾਣੀ ਸਪਲਾਈ ਕਰਦਾ ਹੈ। ਜਾਣਕਾਰੀ ਅਨੁਸਾਰ ਨਹਿਰ ਦੀ ਬੰਦੀ ਕਾਰਨ ਆਉਣ ਵਾਲੇ ਦਿਨਾਂ ਦੌਰਾਨ ਪਾਣੀ ਸੰਕਟ ਦੇ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਲੋਕ ਆਖਦੇ ਹਨ ਕਿ ਦਸ ਵਰੇ ਅਕਾਲੀ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਵਾਅਦਿਆਂ ਨਾਲ ਪਾਣੀ ਪਿਆਇਆ ਜਾਂਦਾ ਰਿਹਾ ਹੈ ਜਦੋਂਕਿ ਹੁਣ ਹਾਕਮ ਧਿਰ ਕਾਂਗਰਸ ਦੇ ਬਠਿੰਡਾ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਯਕੀਨੀ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਕਈ ਇਲਾਕਿਆਂ ’ਚ ਹਾਲੇ ਵੀ ਪਾਣੀ ਦੀ ਪੂਰਤੀ ਬੇਯਕੀਨੀ ਵਾਲੀ ਬਣੀ ਹੋਈ ਹੈ। ਕਈ ਖੇਤਰ ਅਜਿਹੇ ਹਨ ਜਿੱਥੇ ਰਾਤ ਨੂੰ ਦੋ ਵਜੇ ਤੋਂ ਬਾਅਦ ਹੀ ਪਾਣੀ ਦੀ ਸਪਲਾਈ ਮਿਲਦੀ ਹੈ। ਅਕਾਲੀ ਭਾਜਪਾ ਗੱਠਜੋੜ ਦੇ ਕਬਜੇ ਵਾਲੇ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਵਿਚ ਵੀ ਇਹ ਮੁੱਦਾ ਕਈ ਵਾਰ ਵੱਡੇ ਪੱਧਰ ਤੇ ਉੱਠਿਆ ਸੀ। ਪੰਜਾਬ ਸਰਕਾਰ ਵੱਲੋਂ ਸ਼ਹਿਰ ਲਈ ਸੌ ਫੀਸਦੀ ਪਾਣੀ ਸੀਵਰੇਜ ਪ੍ਰਜੈਕਟ ਸ਼ੁਰੂ ਕੀਤਾ ਹੋਇਆ ਹੈ ਜੋ ਚਾਰ ਵਰਿਆਂ ਦੌਰਾਨ ਵੀ ਲੋਕਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕਿਆ ਹੈ । ਅੱਜ ਪਾਣੀ ਛੱਡਿਆ ਜਾਏਗਾ:ਐਕਸੀਅਨ ਨਹਿਰੀ ਵਿਭਾਗ ਦੇ ਐਕਸੀਅਨ ਗੁਰਜਿੰਦਰ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਪਾਣੀ ਦੀ ਮੰਗ ਨਾਂ ਹੋਣ ਕਰਕੇ ਨਹਿਰ ਬੰਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਨਹਿਰੀ ਵਿਭਾਗ ਅੱਜ ਪਾਣੀ ਛੱਡ ਰਿਹਾ ਹੈ। ਸ਼ਹਿਰ ਦੀਆਂ ਦਿੱਕਤਾਂ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਨਗਰ ਨਿਗਮ ਬਠਿੰਡਾ ਦੇ ਐਸਈ ਸੰਦੀਪ ਗੁਪਤਾ ਨੇ ਫੋਨ ਕੱਟ ਦਿੱਤਾ। ਠੋਸ ਕਦਮ ਚੁੱਕਣ ਦੀ ਜਰੂਰਤ: ਸੋਨੂੰ ਮਹੇਸ਼ਵਰੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਪਾਣੀ ਵਰਗੀ ਬੁਨਿਆਦੀ ਜਰੂਰਤ ਲਈ ਲੰਮੇਂ ਸਮੇਂ ਦੀ ਯੋਜਨਾ ਬਣਾ ਕੇ ਠੋਸ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਰਾਹਤ ਮਿਲਣੀ ਮੁਸ਼ਕਲ ਹੈੇ। ਉਨਾਂ ਆਖਿਆ ਕਿ ਆਪਣੇ ਵਾਹਨ ਧੋਣ ਜਾਂ ਹੋਰ ਬੇਲੋੜੇ ਕੰਮਾਂ ਲਈ ਪਾਣੀ ਦੀ ਬਰਬਾਦੀ ਬੰਦ ਹੋ ਜਾਏ ਤਾਂ ਕਾਫੀ ਹੱਦ ਤੱਕ ਦਿੱਕਤ ਘਟਾਈ ਜਾ ਸਕਦੀ ਹੈ ਪਰ ਅਸਲ ਸਮੱਸਿਆ ਦੂਰ ਕਰਨੀ ਜਰੂਰੀ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਜਰੂਰਤ ਅਨੁਸਾਰ ਹੀ ਵਰਤੋਂ ਕਰਨ ਤਾਂ ਜੋ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਪੇਂਡੂ ਖੇਤਰਾਂ ‘ਚ ਵੀ ਅਸਰ ਦੀ ਸੰਭਾਵਨਾ ਨਹਿਰੀ ਬੰਦੀ ਦੇ ਨਤੀਜੇ ਵਜੋਂ ਪੇਂਡੂ ਇਲਾਕਿਆਂ ਦੇ ਜਲ ਘਰਾਂ ਨੂੰ ਪਾਣੀ ਦੀ ਤੋਟ ਆਉਣ ਦੀ ਸੰਭਾਵਨਾ ਬਣ ਸਕਦੀ ਹੈ। ਪੇਂਡੂ ਜਲਘਰਾਂ ਕੋਲ 12 ਤੋਂ 15 ਦਿਨਾਂ ਦਾ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੁੰਦੀ ਹੈ। ਜਨ ਸਿਹਤ ਮਹਿਕਮੇ ਦੇ ਅਧਿਕਾਰੀ ਹੁਣ ਤੋਂ ਹੀ ਫਿਕਰਮੰਦ ਹੋ ਗਏ ਹਨ । ਭਾਵੇਂ ਪਿੰਡਾਂ ਵਿੱਚ ਆਰ.ਓ. ਪਲਾਂਟ ਲੱਗੇ ਹਨ ਪਰ ਪਿੰਡਾਂ ਦਾ ਵੱਡਾ ਹਿੱਸਾ ਹਾਲੇ ਵੀ ਜਲਘਰ ਦੇ ਪਾਣੀ ‘ਤੇ ਨਿਰਭਰ ਹੈ । ਨੌਜਵਾਨ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਨਹਿਰੀ ਬੰਦੀ ਮੌਕੇ ਪਾਣੀ ਦੀ ਘਾਟ ਨਾਲ ਜੂਝਣਾ ਇੱਕ ਤਰਾਂ ਨਾਲ ਦਸਤੂਰ ਜਿਹਾ ਬਣ ਗਿਆ ਹੈ ਧਰਤੀ ਹੇਠਲਾ ਪਾਣੀ ਮਾੜਾ:ਗਾਹਕ ਜਾਗੋ ਗਾਹਕ ਜਾਗੋ ਦੇ ਪ੍ਰਧਾਨ ਮਦਨ ਲਾਲ ਜੈਨ ਦਾ ਕਹਿਣਾ ਸੀ ਕਿ ਜਿਸ ਤਰਾਂ ਦੇ ਵਾਅਦੇ ਸਰਕਾਰ ਵੱਲੋ ਕੀਤੇ ਜਾਂਦੇ ਰਹੇ ਹਨ ਉਨਾਂ ਮੁਤਾਬਕ ਤਾਂ ਨਹਿਰੀ ਬੰਦੀ ਦਾ ਕੋਈ ਅਸਰ ਹੀ ਨਹੀਂ ਹੋਣਾ ਚਾਹੀਦਾ ਹੈ ਫਿਰ ਵੀ ਨਹਿਰ ਬੰਦ ਹੁੰਦਿਆਂ ਹੀ ਪਾਣੀ ਮੁੱਕਣ ਦੇ ਢੋਲ ਵੱਜਣ ਲੱਗੇ ਹਨ। ਉਨਾਂ ਕਿਹਾ ਕਿ ਮਜਬੂਰੀ ਵੱਸ ਲੋਕਾਂ ਨੂੰ ਨਾ ਪੀਣ ਲਾਇਕ ਧਰਤੀ ਹੇਠਲਾ ਪਾਣੀ ਪੀਣਾ ਪਵੇਗਾ ਜੋ ਲੋਕਾਂ ਨੂੰ ਬਿਮਾਰੀਆਂ ਦੀ ਸੌਗਾਤ ਵੰਡ ਸਕਦਾ ਹੈ । --
Total Responses : 267