ਨਵਾਂਸ਼ਹਿਰ 27 ਜੁਲਾਈ 2020: ਅੱਜ ਵਿਦਿਆਰਥੀ-ਮਾਪੇ ਐਸੋਸੀਏਸ਼ਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੇ.ਸੀ ਸਕੂਲ ਨਵਾਂਸ਼ਹਿਰ ਨਾਲ ਸਬੰਧਤ ਵਿਦਿਆਰਥੀਆਂ ਦੇ ਮਾਪਿਆਂ ਨੇ ਇੱਥੇ ਮੀਟਿੰਗ ਕਰਕੇ ਸਕੂਲ ਪ੍ਰਬੰਧਕਾਂ ਵਲੋਂ ਖੜੀਆਂ ਕੀਤੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਾਅਦ ਵਿਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੇ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਬੀਰ ਦੀਪ, ਵਿਦਿਆਰਥੀਆਂ ਦੇ ਮਾਪਿਆਂ ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਸਿੰਘ, ਰੇਣੂੰ,ਅਮਨਦੀਪ ਕੌਰ ਨੇ ਆਖਿਆ ਕਿ ਕੇ.ਸੀ ਸਕੂਲ ਦੇ ਪ੍ਰਬੰਧਕ ਸਾਲਾਨਾ ਅਤੇ ਮਾਸਿਕ ਵੱਡੀਆਂ ਫੀਸਾਂ ਦੀ ਮੰਗ ਕਰ ਰਹੇ ਹਨ ਮਾਪਿਆਂ ਨੂੰ ਬਿਨਾਂ ਕੋਈ ਨੋਟਿਸ ਕੀਤਿਆਂ ਬੱਚਿਆਂ ਨੂੰ ਸਕੂਲ ਵਿਚੋਂ ਕੱਢਣ ਦੀਆਂ ਧਮਕੀਆਂ ਦੇ ਰਹੇ ਹਨ । ਉਹਨਾਂ ਕਿਹਾ ਕਿ ਉਹ ਅਜਿਹੀਆਂ ਫੀਸਾਂ ਬਿੱਲਕੁਲ ਨਹੀਂ ਦੇਣਗੇ ਜੋ ਸਕੂਲ ਪ੍ਰਬੰਧਕ ਲੈਣ ਦੇ ਹੱਕਦਾਰ ਹੀ ਨਹੀਂ ।ਉਹਨਾਂ ਕਿਹਾ ਕਿ ਜੇਕਰ ਸਕੂਲ ਪ੍ਰਬੰਧਕਾਂ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਸੰਘਰਸ਼ ਦਾ ਰਾਸਤਾ ਅਖਤਿਆਰ ਕਰਨਗੇ ।ਉਹਨਾਂ ਦੂਸਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਚੇਤਾਵਨੀ ਦਿਤੀ ਕਿ ਨਿਹੱਕੇ ਅਤੇ ਧੱਕੇਸ਼ਾਹੀ ਵਾਲੇ ਹੁਕਮਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ ।