ਮੋਹਾਲੀ, 28 ਜੁਲਾਈ 2020: ਪੰਜਾਬੀ ਗਾਇਕੀ ਦੀ ਦੁਨੀਆਂ ਵਿੱਚ ਉੱਭਰਦੇ ਕਲਾਕਾਰ ਅਤੇ ਵੁਆਇਸ ਆਫ਼ ਪੰਜਾਬ-2017 ਵਿੱਚ ਜੇਤੂ ਰਹੇ ਅਮਰ ਸੈਂਹਬੀ ਦਾ ਨਵਾਂ ਪੰਜਾਬੀ ਗੀਤ ‘ਪਿਓ-ਪੁੱਤ’ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ ਜੋ ਕਿ ਅੱਜ ਯੂ-ਟਿਯੂਬ ਉਤੇ ਰਿਲੀਜ਼ ਕੀਤਾ ਗਿਆ ਹੈ।
ਗੀਤਕਾਰ ਚੰਨ ਅੰਗਰੇਜ਼ ਵੱਲੋਂ ਲਿਖੇ ਗਏ ਇਸ ਗੀਤ ਨੂੰ ਮਿਊਜ਼ਿਕ ਜੱਸੀ-ਐਕਸ ਅਤੇ ਵੀਡੀਓ ਬੀ-ਟੂਗੈਦਰ ਵੱਲੋਂ ਤਿਆਰ ਕੀਤਾ ਗਿਆ ਜਦਕਿ ਪੇਸ਼ਕਾਰੀ ਪ੍ਰੋਡਿਊਸਰ ਜੱਸ ਰਿਕਾਰਡਜ਼ ਅਤੇ ਜਸਵੀਰਪਾਲ ਸਿੰਘ ਵੱਲੋਂ ਕੀਤੀ ਗਈ ਹੈ। ਇਸ ਮੌਕੇ ਜੱਸ ਰਿਕਾਰਡਜ਼ ਵੱਲੋਂ ਵਿਪਨ ਜੋਸ਼ੀ ਤੇ ਮਨਜਿੰਦਰ ਸਿੰਘ ਵੀ ਹਾਜ਼ਰ ਸਨ।
ਗੀਤ ਦੇ ਰਿਲੀਜ਼ ਹੋਣ ਮੌਕੇ ਆਪਣੇ ਗੀਤ ‘ਪਿਓ ਪੁੱਤ’ ਬਾਰੇ ਜਾਣਕਾਰੀ ਦਿੰਦਿਆਂ ਗਾਇਕ ਅਮਰ ਸੈਂਹਬੀ ਨੇ ਦੱਸਿਆ ਕਿ ਗੀਤ ਵਿੱਚ ਪਿਓ ਪੁੱਤਰ ਦੇ ਗੂੜ੍ਹੇ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ ਕਿ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਪਿਤਾ ਪੁੱਤਰ ਦੀ ਸਾਂਝ ਕਿਸ ਤਰ੍ਹਾਂ ਹੁੰਦੀ ਹੈ। ਪਿਓ ਦਾ ਪਿਆਰ ਤੇ ਗੁੱਸਾ ਹੀ ਪੁੱਤਰ ਨੂੰ ਜ਼ਿੰਦਗੀ ਵਿੱਚ ਸਫ਼ਲ ਬਣਾਉਂਦਾ ਹੈ। ਸੈਂਹਬੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ‘ਸੋਹਣਾ’, ‘ਅਣਖੀ’, ‘ਵੱਡੀ ਗੱਲਬਾਤ’, ‘ਮੁੰਡਾ ਸੋਹਣਾ’, ‘ਗੱਲ ਕਰਕੇ ਵੇਖ’ ਵਰਗੇ ਪੰਜ ਗੀਤ ਪੰਜਾਬੀ ਦਰਸ਼ਕਾਂ ਦੀ ਝੋਲੀ ਵਿੱਚ ਪਾ ਚੁੱਕਾ ਹੈ। ਆਪਣੀ ਪੜ੍ਹਾਈ ਦੌਰਾਨ ਵੀ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਤੇ ਹੋਰ ਥਾਵਾਂ ’ਤੇ ਯੂਥ ਫੈਸਟੀਵਲਾਂ ਵਿੱਚ ਉਸ ਨੇ ਅਕਸਰ ਭਾਗ ਲਿਆ ਅਤੇ ਬੋਲੀਆਂ ਰਾਹੀਂ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਗਾਇਕੀ ਸਫ਼ਰ ਬਾਰੇ ਗੱਲਬਾਤ ਕਰਦਿਆਂ ਸੈਂਹਬੀ ਨੇ ਦੱਸਿਆ ਕਿ ਗਾਇਕੀ ਉਸ ਨੂੰ ਭਾਵੇਂ ਵਿਰਾਸਤ ਵਿੱਚ ਨਹੀਂ ਮਿਲੀ ਪ੍ਰੰਤੂ ਉਸ ਦੇ ਲਈ ਇਹ ਕੁਦਰਤ ਦਾ ਹੀ ਗਿਫ਼ਟ ਹੈ ਅਤੇ ਉਹ ਆਪਣੇ ਇਸ ਕੁਦਰਤ ਦੇ ਗਿਫ਼ਟ ਨੂੰ ਬਾਖੂਬੀ ਨਿਭਾਉਣ ਵਿੱਚ ਜੁਟਿਆ ਹੋਇਆ ਹੈ।