ਪੰਜਾਬ ਤੋਂ ਵੀ ਕਾਂਗਰਸੀ ਅਤੇ ਹੋਰ ਮਿੱਤਰ ਯੂ ਪੀ ਪੁੱਜੇ ਰਾਜ ਬੱਬਰ ਦੀ ਮਦਦ ਤੇ
ਆਗਰਾ ,31 ਮਾਰਚ ,2019 :
ਐਕਟਰ ਤੋ ਰਾਜਨੇਤਾ ਬਣੇ ਨਾਮਵਰ ਪੰਜਾਬੀ ਹਸਤੀ ਰਾਜ ਬੱਬਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਇੱਕ ਨਵਾਂ ਰੁੱਖ ਮਿਲਿਆ ਜਦੋਂ ਪੰਜਾਬ ਤੋਂ ਕੁਝ ਕਾਂਗਰਸੀ ਨੇਤਾਵਾਂ ਅਤੇ ਰਾਜ ਬੱਬਰ ਦੇ ਮਿੱਤਰਾਂ ਦੀ ਇੱਕ ਟੀਮ ਉਹਦੀ ਚੋਣ ਮੁਹਿੰਮ ਵਿਚ ਸ਼ਾਮਲ ਹੋਣ ਲਈ ਆਗਰੇ ਪੁੱਜੇ . ਇਨ੍ਹਾਂ ਪੰਜਾਬੀਆਂ ਨੇ ਰਾਜ ਬੱਬਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ . ਇਹ ਜਾਣਕਾਰੀ ਦਿੰਦੇ ਹੋਈ ਸਾਬਕਾ ਕਾਂਗਰਸੀ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਰਾਜ ਬੱਬਰ ਦੀ ਨੈਤਿਕ ਅਤੇ ਹਰ ਤਰ੍ਹਾਂ ਦੀ ਮਦਦ ਲਈ ਪੁੱਜੇ ਹਨ . ਉਹ ਚਾਹੁੰਦੇ ਹਨ ਕਿ ਰਾਜ ਬੱਬਰ ਵੱਡੇ ਫ਼ਰਕ ਨਾਲ ਫ਼ਤਿਹਪੁਰ ਸੀਕਰੀ ਹਲਕੇ ਤੋਂ ਜਿੱਤ ਹਾਸਲ ਕਰੇ .ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਲਕੇ ਵਿਚ ਘੁੰਮਦਿਆਂ ਨਾਲ ਗੱਲਬਾਤ ਤੋਂ ਇਹ ਸਪਸ਼ਟ ਝਲਕ ਮਿਲਦੀ ਹੈ ਕਿ ਲੋਕ ਰਾਜ ਬੱਬਰ ਦੇ ਵਾਪਸ ਪੁਰਾਣੇ ਹਲਕੇ ਵਿਚ ਪਰਤਣ ਤੇ ਬਹੁਤ ਖ਼ੁਸ਼ ਹਨ , ਇਸ ਲਈ ਉਨ੍ਹਾਂ ਦੀ ਜਿੱਤ ਯਕੀਨੀ ਹੈ .
ਠੇਕੇਦਾਰ ਦੇ ਨਾਲ ਮਲੋਟ ਦੀ ਨਾਮੀ ਕਾਰੋਬਾਰੀ ਹਸਤੀ ਜਸਪਾਲ ਸਿੰਘ ਅਤੇ ਚੰਡੀਗੜ੍ਹ ਅਤੇ ਗੋਆ ਦੇ ਹੋਟਲ ਕਾਰੋਬਾਰੀ ਵਿਜੇ ਪਾਲ ਸਿੰਘ ਡਿੰਪੀ ਵੀ ਫ਼ਤਿਹਪੁਰ ਸੀਕਰੀ ਹਲਕੇ ਵਿਚ ਮੌਜੂਦ ਹਨ .
ਯਾਦ ਰਹੇ ਕਿ ਰਾਜ ਬੱਬਰ ਦਾ ਪੰਜਾਬ ਨਾਲ ਹਮੇਸ਼ਾ ਹੀ ਗੂੜ੍ਹਾ ਸਬੰਧ ਰਿਹਾ ਹੈ .ਰਾਜ ਬੱਬਰ ਨੇ ਜਿੱਥੇ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਰੰਗਮੰਚ ਵਿਚ ਬੇਹੱਦ ਸ਼ਾਨਦਾਰ ਅਤੇ ਮਾਣਯੋਗ ਹਿੱਸਾ ਪਾਇਆ ਹੈ ਉੱਥੇ ਪੰਜਾਬ ਦੇ ਰਾਜਨੀਤਕ , ਸਮਾਜਿਕ , ਸਾਹਿੱਤਿਕ ਅਤੇ ਸਭਿਆਚਾਰਕ ਹਲਕਿਆਂ ਅੰਦਰ ਪਾਰਟੀ ਲੀਹਾਂ ਤੋ ਉੱਪਰ ਉੱਠ ਕੇ ਵੀ ਉਸਦੇ ਨਿੱਘੇ ਸਬੰਧ ਰਹੇ ਹਨ .