ਨੌਜਵਾਨਾਂ ਵੱਲੋਂ ਆਪਣੇ ਹੁਨਰ ਰਾਹੀਂ ਕੋਵਿਡ-19 ਦੀ ਲੜੀ ਨੂੰ ਤੋੜਨ ਹਿੱਤ ਚੰਗੇ ਸਮਾਜਿਕ ਸੰਦੇਸ਼ ਦਿੱਤੇ ਜਾ ਰਹੇ ਹਨ - ਚੇਅਰਮੈਨ ਬਿੰਦਰਾ
ਲੁਧਿਆਣਾ, 21 ਜੁਲਾਈ 2020: ਪੰਜਾਬ ਯੂਥ ਡਵੈਲਪਮੈਂਟ ਬੋਰਡ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਨੌਜਵਾਨਾਂ ਦੀ ਭਲਾਈ ਅਤੇ ਵਿਕਾਸ ਲਈ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ। ਮੀਟਿੰਗ ਦੀ ਪ੍ਰਧਾਨਗੀ ਸ੍ਰ. ਸੁਖਵਿੰਦਰ ਸਿੰਘ ਬਿੰਦਰਾ ਚੇਅਰਮੈਨ ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿੱਚ ਸ਼੍ਰੀ ਦਵਿੰਦਰਪਾਲ ਸਿੰਘ ਖਰਬੰਦਾ, ਆਈ.ਏ.ਐਸ. ਡਾਇਰੈਕਟਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਬੋਰਡ ਮੈਂਬਰ ਆਂਚਲ ਅਰੋੜਾ, ਪੂਨਮ ਠਾਕੁਰ, ਸ਼੍ਰੀ ਨਿਰਮਲ ਦੁੱਲਟ, ਸ਼੍ਰੀ ਜਸਵਿੰਦਰ ਸਿੰਘ ਧੁੰਨਾ, ਸ਼੍ਰੀ ਜਸਪ੍ਰੀਤ ਸਿੰਘ ਹਾਜ਼ਰ ਸਨ।
ਚੇਅਰਮੈਨ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਫੇਸਬੁੱਕ 'ਤੇ ਆਨਲਾਈਨ ਮੁਹਿੰਮ #wetheyouthofpunjab ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਦੇ ਨੌਜਵਾਨਾ ਲਈ ਇੱਕ ਸ਼ੋਸਲ ਪਲੇਟਫਾਰਮ ਤਿਆਰ ਕੀਤਾ ਗਿਆ ਜਿਸ ਵਿੱਚ ਸਮੂਹ ਰਾਜ ਤੋਂ ਹੋਣਹਾਰ ਨੌਜਵਾਨਾਂ ਵੱਲੋਂ ਆਪਣੇ ਹੁਨਰ ਰਾਹੀਂ ਕੋਵਿਡ-19 ਦੀ ਲੜੀ ਨੂੰ ਤੋੜਨ ਹਿੱਤ ਚੰਗੇ ਸਮਾਜਿਕ ਸੰਦੇਸ਼ ਦਿੱਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਜਲਦ ਹੀ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਜਾਣਗੇ। ਸ੍ਰ.ਬਿੰਦਰਾ ਨੇ ਕਿਹਾ ਇਸ ਨਾਲ ਜਿੱਥੇ ਰਾਜ ਦੇ ਨੌਜਵਾਨਾਂ ਵਿੱਚ ਇੱਕ ਉਤਸ਼ਾਹ ਪੈਦਾ ਹੋਵੇਗਾ ਉੱਥੇ ਹੀ ਉਹ ਆਪਣੀ ਊਰਜਾ ਨੂੰ ਚੰਗੇ ਕੰਮਾਂ ਵੱਲ ਕੇਂਦਰਿਤ ਕਰਨਗੇ ਅਤੇ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾਉਣਗੇ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਖੇਡ ਵਿਭਾਗ ਦੇ ਡੀ.ਐਸ.ਓ. ਅਤੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਨਾਲ ਤਾਲਮੇਲ ਕਰਕੇ ਪੰਜਾਬ ਦੇ ਯੂਥ ਕਲੱਬਾਂ ਨੂੰ ਸਰਗਰਮ ਕੀਤਾ ਜਾਵੇਗਾ।
ਪੰਜਾਬ ਯੂਥ ਡਵੈਲਪਮੈਂਟ ਬੋਰਡ ਕੈਪਟਨ ਅਮਰਿੰਦਰ ਸਿੰਘ, ਮਾਣਯੋਗ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਰਾਜ ਦੇ ਨੌਜਵਾਨਾਂ ਅਤੇ ਜਨਤਾ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਹੈ। ਉਹਨਾਂ ਰਾਜ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਕੇ ਸਰਕਾਰ ਨੂੰ ਸਹਿਯੋਗ ਕਰਨ।