ਮਾਨਸਾ 17 ਮਈ 2019 (ਮਿੱਤਰ ਸੈਨ ਸ਼ਰਮਾ) - ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਲੋਕ ਸਭਾ ਦੀ ਚੋਣ ਲੜਨ ਲਈ ਕੋਈ ਪੜ੍ਹਾਈ ਦੀ ਯੋਗਤਾ ਨਹੀਂ, ਅਨਪੜ੍ਹ ਅਤੇ ਅੰਗੂਠਾ ਛਾਪ ਵਿਅਕਤੀ ਵੀ ਚੋਣ ਲੜ ਕੇ ਲੋਕ ਸਭਾ ਵਿੱਚ ਜਾ ਸਕਦਾ ਹੈ। ਜੇਕਰ ਅਸੀਂ 16 ਲੋਕ ਸਭਾ ਚੋਣਾਂ 'ਚ ਹਲਕਾ ਬਠਿੰਡਾ ਤੋਂ ਜਿੱਤੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਉਨਾਂ 'ਚੋਂ 8 ਮੈਂਬਰ ਅੰਡਰ ਮੈਟ੍ਰਿਕ ਜਾਂ ਅਨਪੜ੍ਹ ਸਨ। ਦੋ ਗਰੈਜੂਏਟ, ਇੱਕ ਵਕੀਲ ਹੁਕਮ ਸਿੰਘ ਅਤੇ ਇੱਕ ਡਬਲ ਐੱਮ.ਏ. ਪਾਸ ਬੀਬੀ ਪਰਮਜੀਤ ਕੌਰ ਗੁਲਸ਼ਨ ਸੀ। ਬੀਬਾ ਹਰਸਿਮਰਤ ਕੌਰ ਬਾਦਲ ਦੀ ਬੇਸ਼ੱਕ ਵਿੱਦਿਆ ਦਸਵੀਂ ਸੀ, ਪਰ ਉਨ੍ਹਾਂ ਨੇ ਫੈਸ਼ਨ ਐਂਡ ਡਿਜ਼ਾਈਨਿੰਗ 'ਚ ਡਿਗਰੀ ਕੀਤੀ ਹੋਈ ਹੈ। ਭਾਰਤ ਦੇ ਆਜ਼ਾਦ ਹੋਣ ਤੋਂ ਲੈ ਕੇ 2009 ਤੱਕ ਇਹ ਇਲਾਕਾ ਰਿਜ਼ਰਵ ਹੀ ਰਿਹਾ। ਇਸ ਸਮੇਂ ਦੌਰਾਨ ਚੋਣ ਸਮੇਂ ਸਿਰਫ਼ ਚੋਣ ਨਿਸ਼ਾਨ ਹੀ ਵੇਖੇ ਜਾਂਦੇ ਸਨ, ਉਮੀਦਵਾਰ ਦੀ ਲਿਆਕਤ, ਯੋਗਤਾ ਜਾਂ ਕੋਈ ਗੁਣ ਨਹੀਂ ਪਰਖ਼ੇ ਜਾਂਦੇ ਸਨ। ਅਕਾਲੀ ਦਲ ਵੱਲੋਂ ਤਾਂ ਇੱਕ ਵਾਰ ਪੰਜਾਬੀ ਸੂਬੇ ਦੇ ਬਾਨੀ ਸੰਤ ਫਤਿਹ ਸਿੰਘ ਦੇ ਡਰਾਈਵਰ ਕਿੱਕਰ ਸਿੰਘ ਨੂੰ ਹੀ ਉਮੀਦਵਾਰ ਬਣਾਇਆ ਗਿਆ, ਜੋ ਪੰਥ ਦੇ ਚੋਣ ਨਿਸ਼ਾਨ 'ਤੇ ਹੀ ਚੋਣ ਜਿੱਤ ਗਏ ਸਨ।
ਸਾਲ 2009 'ਚ ਬਠਿੰਡਾ ਲੋਕ ਸਭਾ ਹਲਕੇ ਨੂੰ ਰਿਜ਼ਰਵ ਤੋਂ ਜਨਰਲ ਹਲਕਾ ਬਣਾਇਆ ਗਿਆ ਅਤੇ ਪਹਿਲੀ ਵਾਰ ਇਸ ਇਲਾਕੇ ਤੋਂ ਬਾਦਲ ਪਰਿਵਾਰ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਕੇ ਲੋਕ ਸਭਾ ਮੈਂਬਰ ਬਣੀ ਸੀ।
ਅੱਜ ਤੱਕ ਇੰਨ੍ਹਾਂ ਸਭ ਵਿੱਚੋਂ ਬਠਿੰਡਾ ਲੋਕ ਸਭਾ ਤੋਂ ਜਿੱਤੇ ਸਿਰਫ਼ ਤਿੰਨ ਮੈਂਬਰਾਂ ਨੂੰ ਹੀ ਕੇਂਦਰ ਸਰਕਾਰ 'ਚ ਨੁਮਾਇੰਦਗੀ ਮਿਲੀ। ਜਿੰਨ੍ਹਾਂ 'ਚ ਕਾਂਗਰਸੀ ਉਮੀਦਵਾਰ ਹੁਕਮ ਸਿੰਘ ਲੋਕ ਸਭਾ 'ਚ ਡਿਪਟੀ ਸਪੀਕਰ ਰਹੇ, ਜੋ ਕਿ ਲਾਅ ਗ੍ਰੈਜੂਏਟ ਸਨ, ਦੂਸਰੇ ਅਕਾਲੀ ਦਲ ਦੇ ਮੈਂਬਰ ਧੰਨਾ ਸਿੰਘ ਗੁਲਸ਼ਨ, ਜੋ ਅਨਪੜ੍ਹ ਹੋਣ ਦੇ ਨਾਤੇ ਵੀ ਕੇਂਦਰ ਸਰਕਾਰ 'ਚ ਸਿੱਖਿਆ ਰਾਜ ਮੰਤਰੀ ਰਹੇ ਅਤੇ ਤੀਸਰੇ ਬੀਬਾ ਹਰਸਿਮਰਤ ਕੌਰ ਬਾਦਲ। ਬਠਿੰਡਾ ਤੋਂ ਜਿੱਤੇ ਬਹੁਤੇ ਮੈਂਬਰਾਂ ਨੇ ਤਾਂ ਲੋਕ ਸਭਾ 'ਚ ਖਾਨਾ ਪੂਰਤੀ ਹੀ ਕੀਤੀ। ਕਦੇ ਵੀ ਮੂੰਹ ਖੋਲ੍ਹ ਕੇ ਲੋਕ ਜਨ ਹਿੱਤ ਪ੍ਰਸ਼ਨ ਵੀ ਨਹੀਂ ਪੁੱਛਿਆ। ਸੀ.ਪੀ.ਆਈ. ਪਾਰਟੀ ਤੋਂ ਦੋ ਵਾਰ ਜਿੱਤੇ ਭਾਨ ਸਿੰਘ ਭੌਰਾ ਦਾ ਲੋਕ ਸਭਾ 'ਚ ਪ੍ਰਸ਼ਨ ਪੁੱਛਣ 'ਚ ਪਹਿਲਾ ਸਥਾਨ ਰਿਹਾ ਹੈ ਜਾਂ ਪਿਛਲੀਆਂ ਦੋ ਟਰਮਾਂ 'ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਹੈ।
ਇਸ ਸੀਟ ਤੋਂ ਅਕਾਲੀ ਦਲ 9 ਵਾਰ ਆਪਣੇ ਮੈਂਬਰ ਲੋਕ ਸਭਾ ਵਿੱਚ ਭੇਜਣ ਲਈ ਸਫ਼ਲ ਰਿਹਾ ਹੈ। ਦੋ ਵਾਰ ਸੀ.ਪੀ.ਆਈ. ਅਤੇ ਚਾਰ ਵਾਰ ਕਾਂਗਰਸ ਦੇ (ਸੀ.ਪੀ.ਆਈ. ਕਾਂਗਰਸ ਦੇ ਗੱਠਜੋੜ ਅਧੀਨ) ਮੈਂਬਰ ਲੋਕ ਸਭਾ ਵਿੱਚ ਪਹੁੰਚੇ ਅਤੇ ਇੱਕ ਵਾਰ ਅਕਾਲੀ ਦਲ ਮਾਨ ਦਾ ਮੈਂਬਰ ਬਾਬਾ ਸੁੱਚਾ ਸਿੰਘ ਵੀ ਜੇਤੂ ਰਹੇ। ਅਕਾਲੀ ਦਲ ਦੇ ਜੇਤੂ ਉਮੀਦਵਾਰਾਂ 'ਚੋਂ ਸੰਤ ਫਤਿਹ ਸਿੰਘ ਦੇ ਡਰਾਈਵਰ ਕਿੱਕਰ ਸਿੰਘ, ਜੋ 1967 ਵਿੱਚ ਚੋਣ ਜਿੱਤੇ ਸਨ, ਉਸ ਸਮੇਂ ਕਾਫ਼ੀ ਚਰਚਾ ਵਿੱਚ ਰਹੇ। ਇਸ ਸੀਟ ਤੋਂ ਦੋ ਵਾਰ ਕਾਂਗਰਸੀ ਮੈਂਬਰ ਅਜੀਤ ਸਿੰਘ ਤੇ ਹੁਕਮ ਸਿੰਘ ਜਿੱਤੇ ਸਨ, ਜੋ ਕਿ ਪੈਪਸੂ ਦੇ ਇਲਾਕੇ ਵਿੱਚ ਉਸ ਸਮੇਂ ਇੱਕ ਸੀਟ 'ਤੇ ਦੋ ਮੈਂਬਰ ਖੜ੍ਹੇ ਕੀਤੇ ਜਾਂਦੇ ਸਨ। ਇਹ ਦੋਵੇਂ ਮੈਂਬਰ 1952 ਅਤੇ 1957 ਵਿੱਚ ਚੁਣੇ ਗਏ ਸਨ।
ਸਾਲ 1957 ਵਿੱਚ ਪੈਪਸੂ ਟੁੱਟਣ ਤੋਂ ਬਾਅਦ ਅਕਾਲੀ ਦਲ ਤੋਂ ਦੋ ਵਾਰ ਧੰਨਾ ਸਿੰਘ ਗੁਲਸ਼ਨ ਅਤੇ ਦੋ ਵਾਰ ਭਾਨ ਸਿੰਘ ਭੌਰਾ ਸੀ.ਪੀ.ਆਈ. ਤੋਂ ਜੇਤੂ ਘੋਸ਼ਿਤ ਹੋਏ। ਉਕਤ ਸਾਰੇ ਮੈਂਬਰ ਬਠਿੰਡਾ ਲੋਕ ਸਭਾ ਹਲਕਾ ਰਿਜ਼ਰਵ ਹੋਣ ਕਾਰਨ ਦਲਿਤ ਪਰਿਵਾਰਾਂ ਨਾਲ ਹੀ ਸਬੰਧਿਤ ਸਨ। ਸਾਲ 2009 'ਚ ਇਹ ਇਲਾਕਾ ਜਨਰਲ ਘੋਸ਼ਿਤ ਹੋਣ 'ਤੇ ਇਹ ਸੀਟ ਪੰਜਾਬ ਦੀ ਸਿਆਸਤ ਵਿੱਚ ਖਿੱਚ ਦਾ ਕੇਂਦਰ ਵੀ ਬਣ ਗਈ, ਕਿਉਂ ਕਿ ਇਸ ਸੀਟ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਚੋਣ ਲੜ ਕੇ ਜੇਤੂ ਰਹੇ ਅਤੇ 2014 'ਚ ਵੀ ਉਹ ਆਪਣੇ ਵਿਰੋਧੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤ ਦਾ ਸਿਲਸਿਲਾ ਜਾਰੀ ਰੱਖਣ 'ਚ ਕਾਮਯਾਬ ਰਹੇ। ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ 'ਚ ਬਠਿੰਡਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਕਿ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਮੌਜ਼ੂਦਾ ਵਿਧਾਇਕ ਹਨ, ਨਾਲ ਹੈ।
ਦੋਵੇਂ ਉਮੀਦਵਾਰਾਂ ਵੱਲੋਂ ਆਪਸੀ ਖਿੱਚੋਤਾਣ ਬਹੁਤ ਬਣੀ ਹੋਈ ਹੈ, ਇੱਕ–ਦੂਜੇ ਪ੍ਰਤੀ ਦੋਸ਼ ਵੀ ਲਗਾਏ ਜਾ ਰਹੇ ਹਨ। ਹੁਣ ਵੇਖਣਾ ਇਹ ਹੈ ਕਿ ਦੋਵਾਂ ਉਮੀਦਵਾਰਾਂ 'ਚੋਂ ਕੌਣ ਹੈ ਭਾਰੂ, ਇਸ ਦਾ ਫ਼ੈਸਲਾ 23 ਮਈ ਨੂੰ ਵੋਟਾਂ ਦੇ ਨਤੀਜਿਆਂ ਵਾਲੇ ਦਿਨ ਸਾਹਮਣੇ ਆ ਜਾਵੇਗਾ।
ਮਿੱਤਰ ਸੈਨ ਸ਼ਰਮਾ