ਅਸ਼ੋਕ ਵਰਮਾ
ਚੰਡੀਗੜ 27 ਜੁਲਾਈ 2020: ਤਿੰਨੇ ਖੇਤੀ ਆਰਡੀਨੈਂਸ ਰੱਦ ਕਰਨ ਤੇ ਹੋਰ ਭਖਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ 13 ਕਿਸਾਨ ਜੱਥੇਬੰਦੀਆਂ ਨਾਲ ਇਕਜੁੱਟ ਤਾਲਮੇਲਵੇਂ ਸੰਘਰਸ਼ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਨੇ 13 ਜ਼ਿਲਿਆਂ ਵਿੱਚ ਕੇਂਦਰੀ ਸੱਤਾਧਾਰੀ ਪਾਰਟੀਆਂ ਭਾਜਪਾ ਅਕਾਲੀ ਮੁੱਖ ਆਗੂਆਂ ਦੇ ਘਰਾਂ ਤੇ ਦਫਤਰਾਂ ਤੱਕ ਟਰੈਕਟਰ ਮਾਰਚ ਕਰਕੇ ਚਿਤਾਵਨੀਆਂ ਦਿੱਤੀਆਂ ਕਿ ਜੇ ਮੋਦੀ ਸਰਕਾਰ ਨੇ ਮਸਲਾ ਹੱਲ ਨਾਂ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਭਖਾ ਦਿੱਤਾ ਜਾਏਗਾ। ਇਸ ਮੌਕੇ ਕਿਸਾਨਾਂ ਨੇ ਖੇਤੀ ਖੇਤਰ ਦੇ ਖਤਮ ਹੋਣ ਪ੍ਰਤੀ ਫਿਕਰ ਜਾਹਰ ਕੀਤੇ ਅਤੇ ਕਿਸਾਨਾਂ ਨੂੰ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਦੀ ਵਾਪਸੀ ਤੱਕ ਸਾਂਝੇ ਥੜੇ ਤੋਂ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਕਿਸਾਨ ਕਾਫਲਿਆਂ ਨੇ ਪੁਲਿਸ ਰੋਕਾਂ ਦੀ ਪ੍ਰਵਾਹ ਨਾਂ ਕਰਦਿਆਂ ਆਪਣਾ ਰੋਸ ਪ੍ਰੋਗਰਾਮ ਨੇਪਰੇ ਚੜਾਇਆ। ਮਾਨਸਾ ਪੁਲਿਸ ਵੱਲੋਂ ਕੀਤੀਆਂ ਸਖਤ ਪੇਸ਼ਬੰਦੀਆਂ ਵੀ ਕਿਸਾਨਾਂ ਨੂੰ ਠੱਲਣ ’ਚ ਫੇਲ ਰਹੀਆਂ।
ਜਥੇਬੰਦੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਪ੍ਰੈਸ ਰਿਲੀਜ਼ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ 5 ਜੂਨ ਦੇ ਤਿੰਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਪੈਟ੍ਰੋਲ ਡੀਜ਼ਲ ਦਾ ਮੁਕੰਮਲ ਕੰਟਰੋਲ ਸਰਕਾਰੀ ਹੱਥਾਂ ਵਿੱਚ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ। ਅੱਜ ਦੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਆਗੂਆਂ ਅਮਰੀਕ ਸਿੰਘ ਗੰਢੂਆਂ, ਸੰਦੀਪ ਸਿੰਘ ਚੀਮਾ ਤੇ ਰਾਜਵਿੰਦਰ ਰਾਮ ਨਗਰ ਸਮੇਤ ਜਿਲਾ ਤੇ ਬਲਾਕ ਪੱਧਰ ਦੇ ਸਰਗਰਮ ਆਗੂ ਸ਼ਾਮਲ ਸਨ। ਉਹਨਾਂ ਦਾਅਵਾ ਕੀਤਾ ਕਿ ਇਹ ਆਰਡੀਨੈਂਸ ਲਾਗੂ ਹੋਣ ਨਾਲ ਕਣਕ, ਝੋਨੇ, ਨਰਮੇ, ਗੰਨੇ ਦੀ ਸਰਕਾਰੀ ਖਰੀਦ ਬੰਦ ਅਤੇ ਐਮ.ਐਸ.ਪੀ. ਖਤਮ ਹੋ ਜਾਏਗਾ। ਕਿਸਾਨ ਬੁਲਾਰਿਆਂ ਨੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਸਿਆਸੀ ਪਾਖੰਡ ਅਤੇ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਵਾਲਾ ਕਰਾਰ ਦਿੱਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸੰਬੋਧਿਤ ਮੁੱਖ ਮੰਗਾਂ ਵਾਲੇ ਦੋ ਵੱਖ ਵੱਖ ਮੰਗ ਪੱਤਰ ਮੌਕੇ ‘ਤੇ ਮੌਜੂਦ ਕੇਂਦਰੀ ਸੱਤਾਧਾਰੀ ਆਗੂਆਂ ਅਤੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਨੂੰ ਸੌਂਪੇ । ਵੱਖ ਵੱਖ ਮਤੇ ਪਾਸ ਕਰਕੇ ਵਰਵਰਾ ਰਾਓ ਤੇ ਅਨੰਦ ਤੇਲਤੁੰਬੜੇ ਸਮੇਤ ਅਨੇਕਾਂ ਲੋਕ ਪੱਖੀ ਬੁੱਧੀਜੀਵੀਆਂ ਤੋਂ ਇਲਾਵਾ ਸ਼ਾਂਤਮਈ ਸੰਘਰਸ਼ ਕਰ ਰਹੇ ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ,ਵਿਦਿਆਰਥੀਆਂ ਸਿਰ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਅਨੇਕਾਂ ਥਾਂਵਾਂ ‘ਤੇ ਝੂਠੇ ਕੇਸ ਮੜਨ ਤੇ ਬਾਦਲ ਪਿੰਡ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦੀ ਸਖਤ ਨਿਖੇਧੀ ਕਰਦਿਆਂ ਝੂਠੇ ਕੇਸ ਵਾਪਸ ਲੈ ਕੇ ਸਾਰੇ ਨਜ਼ਰਬੰਦਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ । ਬੁਲਾਰਿਆਂ ਨੇ ਐਲਾਨ ਕੀਤਾ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਤਾਲਮੇਲਵੇਂ ਇਕਜੁੱਟ ਕਿਸਾਨ ਸੰਘਰਸ਼ ਦੇ ਅਗਲੇ ਪੜਾਅ ‘ਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ।
ਇਹ ਆਗੂ ਬਣੇ ਕਿਸਾਨਾਂ ਦਾ ਨਿਸ਼ਾਨਾ
ਜਿਲਾ ਮੁਕਤਸਰ,ਬਠਿੰਡਾ ਤੇ ਮਾਨਸਾ ‘ਚ ਹਰਸਿਮਰਤ ਕੌਰ ਬਾਦਲ ਦੇ ਘਰ/ਦਫਤਰਾਂ, ਜਿਲਾ ਸੰਗਰੂਰ ‘ਚ ਗੋਬਿੰਦ ਸਿੰਘ ਲੌਂਗੋਵਾਲ, ਬਰਨਾਲਾ ‘ਚ ਬਲਵੀਰ ਸਿੰਘ ਘੁੰਨਸ, ਫਾਜ਼ਿਲਕਾ ਦੇ ਜਲਾਲਾਬਾਦ ‘ਚ ਅਸ਼ੋਕ ਜੁਨੇਜਾ, ਫਿਰੋਜਪੁਰ ਦੇ ਜ਼ੀਰਾ ‘ਚ ਅਵਤਾਰ ਸਿੰਘ ਮਿੰਨਾ, ਅੰਮਿ੍ਰਤਸਰ ਦੇ ਅਜਨਾਲਾ ‘ਚ ਅਮਰਪਾਲ ਸਿੰਘ ਬੋਨੀ ਸਮੇਤ ਗੁਰਦਾਸਪੁਰ ‘ਚ ਦਾਦੂਜੋਧ ਦੇ ਨਿਰਮਲ ਸਿੰਘ ਕਾਹਲੋਂ ਸਾਰੇ ਅਕਾਲੀ ਦਲ (ਬ) ਦੇ ਮੁੱਖ ਆਗੂਆਂ ਤੋਂ ਇਲਾਵਾ ਜਿਲਾ ਮੋਗਾ ‘ਚ ਤਰਲੋਚਨ ਸਿੰਘ ਗਿੱਲ, ਫਰੀਦਕੋਟ ਦੇ ਕੋਟਕਪੂਰਾ ‘ਚ ਅਨੀਤਾ ਗਰਗ ਸਮੇਤ ਲੁਧਿਆਣਾ ਦੇ ਪਾਇਲ ‘ਚ ਬਿਕਰਮਜੀਤ ਸਿੰਘ ਚੀਮਾ ਸਾਰੇ ਮੁੱਖ ਭਾਜਪਾ ਆਗੂਆਂ ਦੇ ਘਰਾਂ/ਦਫਤਰਾਂ ਅੱਗੇ ਅਤੇ ਜਿਲਾ ਪਟਿਆਲਾ ‘ਚ ਨਾਭਾ ਤੇ ਸਮਾਣਾ ਵਿਖੇ ਜਿਲਿਆਂ ਦੇ ਵੱਖ ਵੱਖ ਖੇਤਰਾਂ ਤੋਂ ਲਗਭਗ 200 ਪਿੰਡਾਂ ਵਿੱਚ ਦੀ ਟ੍ਰੈਕਟਰ ਮਾਰਚ ਕਰਦੇ ਹੋਏ 10 ਹਜਾਰ ਤੋਂ ਵੱਧ ਕਿਸਾਨ ਮਜਦੂਰ ਪ੍ਰੀਵਾਰਾਂ ਸਮੇਤ ਪੁੱਜੇ। ਇਹ ਸਾਰੇ ਹੀ ਕਰੋਨਾ ਸਾਵਧਾਨੀਆਂ ਵਰਤਦੇ ਹੋਏ 2014 ਟ੍ਰੈਕਟਰਾਂ,415 ਮੋਟਰਸਾਇਕਲਾਂ ਅਤੇ 125 ਦੇ ਕਰੀਬ ਹੋਰ ਵੱਡੇ ਛੋਟੇ ਵਹੀਕਲਾਂ ਉੱਪਰ ਸਵਾਰ ਸਨ।