ਮਿੱਤਰ ਸੈਨ ਸ਼ਰਮਾ
ਮਾਨਸਾ 28 ਅਪ੍ਰੈਲ, 2019 : ਸਬ ਡਵੀਜ਼ਨ ਬੁਢਲਾਡਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਘੇਰ ਕੇ ਉਸ ਨਾਲ ਤਕਰਾਰਬਾਜ਼ੀ ਕਰਦਿਆਂ ਪੰਚਾਇਤ ਸਕੱਤਰ ਨੂੰ ਕਮਰੇ ਵਿੱਚ ਬੰਦ ਕਰਨ ਦੇ ਦੋਸ਼ 'ਚ ਥਾਣਾ ਸ਼ਹਿਰੀ ਦੀ ਪੁਲਿਸ ਵੱਲੋਂ ਕਾਂਗਰਸ ਹਲਕਾ ਇੰਚਾਰਜ ਦੇ ਪੀ.ਏ. ਸਣੇ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਗੰਨਮੈਨ ਖਿਲਾਫ਼ ਵਿਭਾਗੀ ਕਾਰਵਾਈ ਲਈ ਸਿਫਾਰਸ਼ ਕਰਨ ਦੀ ਖ਼ਬਰ ਹੈ।ਜਾਣਕਾਰੀ ਅਨੁਸਾਰ ਬੀ.ਡੀ.ਪੀ.ਓ. ਬੁਢਲਾਡਾ ਮੇਜਰ ਸਿੰਘ ਨੇ 18 ਅਪ੍ਰੈਲ ਨੂੰ ਸਿਟੀ ਪੁਲਿਸ ਨੂੰ ਦਰਖਾਸਤ ਦੇ ਕੇ ਆਪਣੀ ਜਾਨ–Mਮਾਲ ਦੀ ਰਾਖੀ ਲਈ ਕਾਰਵਾਈ ਦੀ ਮੰਗ ਕੀਤੀ ਸੀ, ਜਿਸ 'ਚ ਉਨ੍ਹਾਂ ਕਿਹਾ ਕਿ ਮੈਂ ਫੀਲਡ 'ਚੋਂ ਕੰਮ ਕਰਕੇ ਸ਼ਾਮ ਦੇ ਕਰੀਬ 5 ਵਜੇ ਦਫ਼ਤਰ ਪੁੱਜਾ ਹੀ ਸੀ ਕਿ ਤਦ ਹੀ ਉੱਥੇ ਕਾਂਗਰਸ ਦੀ ਹਲਕਾ ਇੰਚਾਰਜ ਬੀਬਾ ਰਣਜੀਤ ਕੌਰ ਭੱਟੀ ਦਾ ਪੀ.ਏ. ਪ੍ਰਵੇਸ਼ ਮਲਹੋਤਰਾ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਪਿਆਰੀ ਸਮੇਤ ਪੰਜਾਬ ਪੁਲਿਸ ਦੇ ਇੱਕ ਮੁਲਾਜਮ ਲਖਵੀਰ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਮੇਰੇ ਅਤੇ ਪੰਚਾਇਤ ਸਕੱਤਰ ਹਰਭਜਨ ਸਿੰਘ 'ਤੇ ਡਿਊਟੀ ਦੌਰਾਨ ਹਮਲਾ ਕੀਤਾ ਅਤੇ ਮੈਂ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਉੱਥੋਂ ਨਿੱਕਲਿਆ। ਉਨ੍ਹਾਂ ਆਪਣੀ ਸ਼ਿਕਾਇਤ 'ਚ ਪ੍ਰਵੇਸ਼ ਕੁਮਾਰ 'ਤੇ ਦੋਸ਼ ਲਗਾਇਆ ਸੀ ਕਿ ਇਹ ਵਿਅਕਤੀ ਪਹਿਲਾਂ ਵੀ ਮੇਰੇ ਪਾਸੋਂ ਪੈਸਿਆਂ ਦੀ ਮੰਗ ਕਰਦਾ ਰਿਹਾ। ਉਨ੍ਹਾਂ ਵੱਲੋਂ ਅਜਿਹਾ ਨਾ ਕਰਨ 'ਤੇ ਇਹ ਮੇਰੇ ਨਾਲ ਨਿੱਜੀ ਰੰਜਿਸ਼ ਰੱਖਦਾ ਹੈ, ਜਿਸ ਕਰਕੇ ਇਸ ਨੇ ਇਹ ਹਮਲਾ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਪੰਚਾਇਤ ਸਕੱਤਰ ਨੂੰ ਕਮਰੇ 'ਚ ਬੰਦ ਕਰ ਦਿੱਤਾ ਗਿਆ, ਜਿਸ 'ਤੇ ਡੀ.ਐੱਸ.ਪੀ. ਬੁਢਲਾਡਾ ਡਾ: ਅੰਕੁਰ ਗੁਪਤਾ ਵੱਲੋਂ ਪੜਤਾਲ ਉਪਰੰਤ ਜਾਰੀ ਹੁਕਮਾਂ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਵੱਲੋਂ ਪ੍ਰਵੇਸ਼ ਮਲਹੋਤਰਾ ਅਤੇ ਹਰਪ੍ਰੀਤ ਸਿੰਘ ਪਿਆਰੀ ਦੇ ਖਿਲਾਫ਼ ਧਾਰਾ 341,342,34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਖਵੀਰ ਸਿੰਘ, ਗੰਨਮੈਨ ਸੁਖਦੇਵ ਸਿੰਘ ਭੱਟੀ ਸੇਵਾ ਮੁਕਤ ਆਈ.ਪੀ.ਐੱਸ., ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਲਈ ਸਿਫਾਰਸ਼ ਕੀਤੀ ਗਈ ਹੈ।