ਪੁਲਿਸ ਥਾਣਾ ਭਿੱਖੀਵਿੰਡ ਅੰਦਰ ਆਮ ਲੋਕਾਂ ਦੇ ਦਾਖਲੇ ‘ਤੇ ਲੱਗੀ ਪਾਬੰਦੀ
ਕਾਬੂ ਕੀਤੇ ਭੋਗੇੜੇ ਵਿਅਕਤੀ ਦੇ ਸੰਪਰਕ ਵਿਚ ਆਏ ਸਨ ਉਕਤ ਮੁਲਾਜਮ ਤੇ ਵਲੰਟੀਅਰ
ਭਿੱਖੀਵਿੰਡ 07 ਜੁਲਾਈ2020: ਬੀਤੇਂ ਦਿਨੀ ਪੁਲਿਸ ਥਾਣਾ ਭਿੱਖੀਵਿੰਡ ਵੱਲੋਂ ਕਾਬੂ ਕੀਤੇ ਗਏ ਭਗੋੜੇ ਵਿਅਕਤੀ ਚਾਨਣ ਸਿੰਘ ਵਾਸੀ ਪਿੰਡ ਭਗਵਾਨਪੁਰਾ ਦੇ ਕੋਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਬੇਸ਼ੱਕ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਗੁਰਚਰਨ ਸਿੰਘ ਵੱਲੋਂ ਨਗਰ ਪੰਚਾਇਤ ਭਿੱਖੀਵਿੰਡ ਦੇ ਮੁਲਾਜਮਾਂ ਪਾਸੋਂ ਭਿੱਖੀਵਿੰਡ ਥਾਣੇ ਤੇ ਗੱਡੀ ਨੂੰ ਸੈਨੇਟਾਈਜਰ ਕਰਵਾ ਦਿੱਤਾ ਗਿਆ, ਪਰ ਸਿਹਤ ਵਿਭਾਗ ਵੱਲੋਂ ਭਗੋੜੇ ਵਿਅਕਤੀ ਦੇ ਸੰਪਰਕ ਵਿਚ ਆਏ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਲਾਜਮਾਂ ਤੇ ਵਲੰਟੀਅਰਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਬੀਤੇਂ ਸ਼ਨੀਵਾਰ ਨੂੰ ਪੁਲਿਸ ਮੁਲਾਜਮਾਂ ਤੇ ਵਲ਼ੰਟੀਅਰਾਂ ਵੱਲੋਂ ਸੀ.ਐਚ.ਸੀ ਸੁਰਸਿੰਘ ਵਿਖੇ ਪਹੰੁਚ ਕੇ ਕੋਰੋਨਾ ਟੈਸਟ ਲਈ ਸੈਂਪਲ ਦਿੱਤੇ ਗਏ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਕੋਰੋਨਾ ਟੈਸਟਾਂ ਦੀ ਰਿਪੋਰਟ ਅਨੁਸਾਰ ਪੁਲਿਸ ਥਾਣਾ ਭਿੱਖੀਵਿੰਡ ਦੇ ਤਿੰਨ ਰੈਗੂਲਰ ਮੁਲਾਜਮਾਂ ਅਤੇ ਅੱਧੀ ਦਰਜਨ ਤੋਂ ਵੱਧ ਵਲੰਟੀਅਰਾਂ ਦਾ ਕੋਰੋਨਾ ਟੈਸਟ ਪਾਜੀਟਿਵ ਪਾਇਆ ਗਿਆ, ਜਿਹਨਾਂ ਨੂੰ ਸਿਹਤ ਵਿਭਾਗ ਵੱਲੋਂ ਆਪਣੀ ਐਬੂਲ਼ੈਂਸ ਰਾਂਹੀ ਤਰਨ ਤਾਰਨ ਵਿਖੇ ਕੁਆਰਟਾਈਨ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁੱਖ ਗੇਟ ਉਤੇ ਨੋਟਿਸ ਚਿਪਕਾ ਕੇ ਜਿਥੇ ਆਮ ਲੋਕਾਂ ਨੂੰ ਥਾਣੇ ਅੰਦਰ ਆਉਣ ਤੋਂ ਮਨਾ ਕੀਤਾ ਗਿਆ, ਉੁਥੇ ਪੁਲਿਸ ਥਾਣਾ ਭਿੱਖੀਵਿੰਡ ਦੇ 60 ਮੁਲਾਜਮਾਂ ਨੂੰ ਇਕ ਜਗਾ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ।
ਐਸ.ਐਮ.ੳ ਸੁਰਸਿੰਘ ਡਾ.ਕੰਵਰ ਹਰਜੋਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ‘ਤੇ ਇਕੱਠੇ ਨਾ ਹੋਣ, ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣ, ਆਪਸ ਵਿਚ 2 ਮੀਟਰ ਦੀ ਦੂਰੀ ਬਣਾ ਕੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਮਹਾਂਮਾਰੀ ਨੂੰ ਰੋਕਿਆ ਜਾ ਸਕੇ।