ਮਹਿਤਾਬ ਖਹਿਰਾ ਨੇ ਕੀਤਾ ਪਿਤਾ ਦੇ ਹੱਕ 'ਚ ਚੋਣ ਪ੍ਰਚਾਰ
ਅੰਮ੍ਰਿਤ ਪਾਲ ਬਰਾੜ
ਬਠਿੰਡਾ 4 ਮਈ 2019:: ਚੋਣਾਂ ਦਾ ਮਹੌਲ ਹੈ ਅਤੇ ਪੰਜਾਬ ਦਾ ਸਿਆਸੀ ਪਿੜ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਹਰ ਪਾਰਟੀ ਦੇ ਲੀਡਰ ਤਾਂ ਲੋਕਾਂ ਦੇ ਦਰਵਾਜਿਆਂ ਤੇ ਦਸਤਕ ਦੇ ਹੀ ਰਹੇ ਹਨ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲੱਗੇ ਹੋਏ ਹਨ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਦੇ ਦਰਜਨ ਭਰ ਪਿੰਡਾਂ ਵਿੱਚ ਸੁਖਪਾਲ ਖਹਿਰਾ ਦੇ ਬੇਟੇ ਮਹਿਤਾਬ ਖਹਿਰਾ ਵੱਲੋਂ ਨੁੱਕੜ ਮੀਟਿਗਾਂ ਕੀਤੀਆਂ ਗਈਆਂ।
ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਮਹਿਤਾਬ ਖਹਿਰਾ ਨੇ ਦੱਸਿਆ ਕਿ ਸਵਿੰਧਾਨ ਸਾਨੂੰ ਜਿਉਦੇ ਰਹਿਣ ਦਾ ਅਧਿਕਾਰ ਦਿੰਦਾ ਹੈ ਜਦੋਂਕਿ ਸਾਰਕਾਰਾਂ ਸਾਨੂੰ ਬੁਨਿਆਦੀ ਸਹਲਤਾਂ ਨਾ ਦੇ ਕੇ ਸਵਿਧਾਨ ਦੀ ਉਲੰਘਣਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਬਣਦੀਆਂ ਨੂੰ 70 ਸਾਲ ਹੋ ਗਏ ਅਤੇ ਹਾਲੇ ਤੱਕ ਗਲੀਆ ਨਾਲੀਆਂ ਵੀ ਪੱਕੀਆ ਨਹੀਂ ਹੋ ਸਕੀਆਂ। ਅਕਾਲੀ ਦਲ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਬਾਦਲ ਭਾਸ਼ਣਾਂ 'ਚ ਵੱਡੇ-ਵੱਡੇ ਦਾਅਵੇ ਕਰਦੇ ਹਨ ਕਿ ਬਠਿੰਡਾ 'ਚ ਵਿਕਾਸ ਦੀ ਹਨੇਰੀ ਆਈ ਹੋਈ ਹੈ ਜਦੋਂਕਿ ਬਠਿੰਡਾ ਦੇ ਪਿੰਡਾਂ 'ਚ ਸਿਹਤ ਸਹੂਲਤਾ, ਸਿੱਖਿਆ, ਅਤੇ ਵਿਕਾਸ ਵਰਗੇ ਦਾਅਵਿਆਂ ਦੀ ਫੂਕ ਨਿੱਕਲੀ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ 'ਚ ਹੋਈ ਬੇਅਦਬੀ ਦਾ ਕੈਪਟਨ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ ਜਦੋਂਕਿ ਚਾਹੀਦਾ ਸੀ ਕਿ ਸਰਕਾਰ ਬਣਦੇ ਹੀ ਮੁੱਖ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਸੀ।
ਨਸ਼ੇ ਦੇ ਮੁੱਦੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਾਦਲਾਂ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਚਾਰ ਹਫਤਿਆਂ 'ਚ ਨਸ਼ਾ ਬੰਦ ਕਰਨ ਦੀ ਸੌਂਹ ਖਾਧੀ ਸੀ ਜੋ ਪੂਰੀ ਨਹੀਂ ਹੋ ਸਕੀ, ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੈ। ਇਸ ਤੋੰ ਇਲਾਵਾ ਉਨ੍ਹਾਂ ਦੱਸਿਆ ਕਿ ਸੁਖਪਾਲ ਖਹਿਰਾ ਨੇ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀ ਅਤੇ ਅੱਜ ਵੀ ਉਹ ਲੋਕਾਂ ਲਈ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਆਪ ਦੀ ਐਮ ਐਲ ਏ ਰੁਪਿੰਦਰ ਰੂਬੀ ਦੇ ਹਲਕੇ ਵਿੱਚ ਨਾ ਵਿਚਰਨ ਦੇ ਦੋਸ਼ ਵੀ ਲਾਏ।
ਇਸ ਤੋਂ ਇਲਾਵਾ ਉਨ੍ਹਾਂ ਕਈ ਥਾਵਾਂ ਜਿਵੇੰ ਕਰਮਗੜ੍ਹ ਸ਼ਤਰਾਂ ਦੀ ਮੇਨ ਮਾਰਕੀਟ, ਬੱਲੂਆਣਾ ਅੱਡੇ ਦੀ ਮਾਰਕੀਟ ਅਤੇ ਬੱਲੂਆਣਾ ਕਲੋਨੀਆਂ ਵਿੱਚ ਡੋਰ-ਟੂ-ਡੋਰ ਵੀ ਕੀਤਾ। ਮੀਟਿੰਗਾਂ ਦੌਰਾਨ ਉਨ੍ਹਾਂ ਲੋਕਾਂ ਨੂੰ ਪੰਜਾਬ ਏਕਤਾ ਪਾਰਟੀ ਨਾਲ ਜੁੜਨ ਅਤੇ ਹੋਰ ਲੋਕਾਂ ਨੂੰ ਜੋੜਨ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਬੱਲੂਆਣਾ ਕਲੋਨੀ 'ਚ ਕਰਜੇ ਕਾਰਨ ਖੁਦਕਸ਼ੀ ਕਰ ਚੁੱਕੇ ਰਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਅਤੇ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਰਾਜਪਾਲ ਮੁਲਤਾਨੀਆ,ਸੁਖਜਿੰਦਰ ਰੋਮਾਣਾ, ਪ੍ਰਿਤਪਾਲ ਸਿੰਘ, ਇਕਬਾਲ ਸਿੰਘ ਨੰਬਰਦਾਰ, ਮੇਜਰ ਸਿੰਘ, ਮੇਜਰ ਹਰਵੇਵ ਸਿੰਘ, ਕਰਤਾਰ ਘੁੱਦਾ, ਹਰਦੇਵ ਸਿੰਘ , ਭਰਪੂਰ ਸਿੰਘ, ਗਮਦੂਰ ਸਿੰਘ ਅਤੇ ਉਨ੍ਹਾਂ ਦੇ ਕੁਝ ਨਿੱਜੀ ਦੋਸਤ ਹਾਜਰ ਸਨ।