ਆਨਲਾਈਨ ਚਲਾਨ ਭੁਗਤਾਨ ਪ੍ਰਣਾਲੀ ਨੂੰ ਸ਼ਾਮਲ ਕਰਨ ਦੀ ਬੇਨਤੀ ਕੀਤੀ ਸਵੀਕਾਰ
ਐਸ ਏ ਐਸ ਨਗਰ, 18 ਜੁਲਾਈ 2020: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਫਤਾਵਾਰੀ ਲਾਈਵ ਫੇਸਬੁੱਕ ਸੈਸ਼ਨ '#ਆਸਕ ਕੈਪਟਨ' 'ਚ ਐਸ.ਏ.ਐਸ.ਨਗਰ ਦੇ ਵਸਨੀਕ ਰੁਪੇਸ਼ ਜਾਗੋਰੀਆ ਦੇ ਸਵਾਲ ਦਾ ਜਵਾਬ ਦਿੱਤਾ, ਜਿਸ ਵਿਚ ਉਹਨਾਂ ਨੇ ਪੁੱਛਿਆ ਸੀ ਕਿ ਮੋਟਰ ਸਾਈਕਲ / ਕਾਰ ਦੇ ਚਲਾਨ ਆਨਲਾਈਨ ਭੁਗਤਾਨ ਕਿਉਂ ਨਹੀਂ ਕੀਤੇ ਜਾਂਦੇ? ਕਿਉਜੋ ਆਫਲਾਈਨ ਚਲਾਨ ਦੇ ਭੁਗਤਾਨ ਵਿਚ ਮੁਸ਼ਕਲ ਹੁੰਦੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਵਧਾਉਂਦੇ ਹਨ। ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਆਨਲਾਈਨ ਚਲਾਨ ਅਦਾਇਗੀ ਪ੍ਰਣਾਲੀ ਨੂੰ ਸ਼ਾਮਲ ਕਰਨ ਲਈ ਨਿਰਦੇਸ਼ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੂਬੇ ਵਿਚ ਕੋਵਿਡ -19 ਸਥਿਤੀ ਨੂੰ ਅਪਡੇਟ ਕੀਤਾ ਅਤੇ ਦੱਸਿਆ ਕਿ ਮਾਮਲੇ ਵੱਧ ਰਹੇ ਹਨ। ਉਹਨਾਂ ਦੱਸਿਆ ਕਿ ਅਸਲ ਵਿੱਚ, ਪਿਛਲੇ ਹਫ਼ਤੇ ਦੌਰਾਨ ਸਾਡੇ ਕੋਲ ਰੋਜ਼ਾਨਾ 300 ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਪਿਛਲੇ ਹਫਤੇ ਦੌਰਾਨ ਵੱਧ ਤੋਂ ਵੱਧ ਕੇਸ 5 ਜ਼ਿਲ੍ਹਿਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਮੁਹਾਲੀ ਤੋਂ ਹਨ, ਜਿਨ੍ਹਾਂ ਵਿੱਚ 70 ਫੀਸਦੀ ਨਵੇਂ ਕੇਸ ਦਰਜ ਕੀਤੇ ਗਏ ਹਨ।
ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਤੇ ਵੀ ਵੱਡੀ ਗਿਣਤੀ ਵਿੱਚ ਇਕੱਤਰ ਨਾ ਹੋਣ, ਭਾਵੇਂ ਰਾਜਨੀਤਿਕ ਪਾਰਟੀਆਂ, ਐਸੋਸੀਏਸ਼ਨ ਜਾਂ ਯੂਨੀਅਨਾਂ ਦੇ ਇਕੱਠ ਹੋਣ। ਉਹਨਾਂ ਲੋਕਾਂ ਨੂੰ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਕਿਉਂਕਿ ਸਾਡੇ ਵੱਲੋਂ ਤੋਂ ਗੈਰ ਜ਼ਿੰਮੇਵਾਰਾਨਾ ਵਿਵਹਾਰ ਸਾਰੇ ਭਾਈਚਾਰੇ ਲਈ ਖਤਰਾ ਬਣ ਸਕਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਲੋੜਵੰਦਾਂ ਨੂੰ 10 ਲੱਖ ਕਪੜੇ ਦੇ ਮਾਸਕ ਮੁਫਤ ਮੁਹੱਈਆ ਕਰਵਾਏਗੀ ਅਤੇ ਜਿਸ ਕਿਸੇ ਦੀ ਵੀ ਲੋੜ ਹੈ, ਉਨ੍ਹਾਂ ਨੂੰ ਡੀਸੀ ਜਾਂ ਐਸਐਸਪੀ ਨਾਲ ਸੰਪਰਕ ਕਰਨ ਲਈ ਸੂਚਿਤ ਕੀਤਾ ਜਾ ਸਕਦਾ ਹੈ।