ਨਵੀਂ ਸਿੱਖਿਆ ਨੀਤੀ ਦਾ ਐਲਾਨ ਇੱਕ ਦੂਰਦਰਸ਼ੀ ਅਤੇ ਵਿਦਿਆਰਥੀ ਹਿੱਤ ਵਾਲਾ ਫੈਸਲਾ, ਜੋ ਭਾਰਤ ਨੂੰ ਵਿਸ਼ਵਵਿਆਪੀ ਪੱਧਰ 'ਤੇ ਗਿਆਨ ਦਾ ਮਹਾਂ ਸ਼ਕਤੀਸ਼ਾਲੀ ਦੇਸ਼ ਬਣਾ ਦੇਵੇਗਾ: ਸਿੱਖਿਅਕ ਸੰਸਥਾਵਾਂ ਪੰਜਾਬ
ਮੋਦੀ ਸਰਕਾਰ ਵੱਲੋਂ ਅੱਜ ਦਹਾਕਿਆਂ ਪੁਰਾਣੀ ਸਿੱਖਿਆ ਨੀਤੀ 'ਚ ਇਤਿਹਾਸਿਕ ਫੇਰਬਦਲ ਕਰਕੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ ਗਈ ਹੈ।ਕੇਂਦਰੀ ਮੰਤਰੀ ਮੰਡਲ ਵੱਲੋਂ ਜਾਰੀ ਕੀਤੀ ਗਈ ਨਵੀਂ ਸਿੱਖਿਆ ਨੀਤੀ ਰਾਹੀਂ ਵਿਦਿਆਰਥੀਆਂ ਨੂੰ ਹੁਨਰਮੰਦ, ਲਚਕਦਾਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ, ਜੋ ਦੇਸ਼ ਦੇ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਲਾਹੇਵੰਦ ਸਿੱਧ ਹੋਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਜੂਕੇਸ਼ਨ ਪ੍ਰਮੋਸ਼ਨ ਸੁਸਾਇਟੀ ਆਫ਼ ਇੰਡੀਆ (ਈ.ਪੀ.ਐਸ.ਆਈ) ਦੇ ਉਪ ਪ੍ਰਧਾਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ
ਨੀਤੀ ਦੇਸ਼ ਦੇ ਸਿੱਖਿਆ ਸੁਧਾਰਾਂ ਨੂੰ ਨਾ ਕੇਵਲ ਉਤਸ਼ਾਹਿਤ ਕਰੇਗੀ ਬਲਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਾਏਗੀ।
ਕੇਂਦਰੀ ਮੰਤਰੀ ਮੰਡਲ ਦੇ ਬੈਠਕ ਦੌਰਾਨ ਕੇਂਦਰੀ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਵੱਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ-2020 ਦਾ ਸਵਾਗਤ ਕਰਦਿਆਂ ਸ. ਸੰਧੂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਸਾਂਝੇ ਬਿਆਨ 'ਚ ਕਿਹਾ ਕਿ ਜਾਰੀ ਕੀਤੀ ਗਈ ਨਵੀਂ ਸਿੱਖਿਆ ਨੀਤੀ ਨਾਲ ਭਾਰਤ ਵਿਸ਼ਵਵਿਆਪੀ ਪੱਧਰ 'ਤੇ ਸਿੱਖਿਆ ਦੇ ਖੇਤਰ 'ਚ ਆਪਣਾ ਰੁਤਬਾ ਉੱਚਾ ਚੁੱਕਣ 'ਚ ਕਾਮਯਾਬ ਹੋਵੇਗਾ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਹੋਏ ਮਿਆਰੇ ਬਦਲਾਅ ਨਾਲ ਭਾਰਤ ਦੁਨੀਆਂ ਵਿੱਚ ਗਿਆਨ ਦਾ ਸੁਪਰ ਪਾਵਰ ਦੇਸ਼ ਬਣਕੇ ਉਭਰੇਗਾ।ਉਨ੍ਹਾਂ ਕਿਹਾ ਕਿ ਰਿਵਾਇਤੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ 'ਚ ਸੁਧਾਰ ਲਿਆਕੇ ਬਣਾਏ ਨਵੇਂ ਰਾਸ਼ਟਰੀ ਸਿਲੇਬਸ ਫਰੇਮਵਰਕ ਨਾਲ ਸਿੱਖਿਆ ਦੇ ਖੇਤਰ 'ਚ ਨਵੀਂ ਕ੍ਰਾਂਤੀ ਆਵੇਗੀ।ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਈ ਜਾਣੀ ਸਮੇਂ ਦੀ ਲੋੜ ਹੈ ਤਾਂ ਜ਼ੋ ਇੱਕ ਅਗਾਂਹਵਧੂ ਅਤੇ ਗਤੀਸ਼ੀਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਇਨੋਵੇਸ਼ਨ, ਤਕਨਾਲੋਜੀ, ਹੁਨਰ ਆਧਾਰਿਤ ਸਿੱਖਿਆ ਅਤੇ ਖੋਜ ਕਾਰਜਾਂ ਵੱਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਮੰਤਰੀ ਮੰਡਲ ਵੱਲੋਂ ਯੂਜੀਸੀ ਅਤੇ ਏਆਈਸੀਟੀਈ ਨੂੰ ਨਾਲ ਲਿਆ ਕੇ ਇੱਕ ਰੈਗੂਲੇਟਰ ਬਾਡੀ ਬਣਾਏ ਜਾਣ ਨੂੰ ਵੀ ਸ਼ਲਾਘਾਯੋਗ ਫੈਸਲਾ ਦੱਸਿਆ।ਸ. ਸੰਧੂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਆਨਲਾਈਨ ਸਿੱਖਿਆ ਸਬੰਧੀ ਤਿਆਰ ਕੀਤਾ ਨਵਾਂ ਰੋਡਮੈਪ ਭਵਿੱਖ ਦੀ ਪੜ੍ਹਾਈ ਲਈ ਅਗਾਂਹਵਧੂ ਮਾਡਲ ਹੋਵੇਗਾ ਜੋ ਆਉਣ ਵਾਲੇ ਸਮੇਂ ਦੀ ਸੱਭ ਤੋਂ ਵੱਡੀ ਲੋੜ ਸੀ।
ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਦਿਅਕ ਭਾਈਚਾਰੇ, ਅਨ-ਏਡਿਡ ਕਾਲਜਾਂ ਅਤੇ ਸੰਸਥਾਵਾਂ ਦੇ ਪ੍ਰਤੀਨਿਧ ਸੰਗਠਨ ਪੁਟੀਆ, ਪੀਯੂਸੀਏ ਵੱਲੋਂ ਭਾਰਤੀ ਸਿੱਖਿਆ ਪ੍ਰਣਾਲੀ ਦੇ ਲੰਬੇ ਸਮੇਂ ਤੋਂ ਇੰਤਜਾਰ ਕੀਤੇ ਸੁਧਾਰਾਂ ਲਈ ਕੇਂਦਰ ਸਰਕਾਰ ਦੁਆਰਾ ਐਲਾਨੀ ਨਵੀਂ ਸਿੱਖਿਆ ਨੀਤੀ (ਐਨ.ਈ.ਪੀ) ਦਾ ਸਵਾਗਤ ਕਰਦਿਆਂ ਇਸ ਵੱਡੇ ਫੇਰਬਦਲ ਨੂੰ ਇਤਿਹਾਸਕ ਫੈਸਲਾ ਕਰਾਰ ਦਿੱਤਾ ਗਿਆ, ਜਿਸ ਨਾਲ ਵਿਸ਼ਵ ਪੱਧਰ 'ਤੇ ਭਾਰਤ ਸਿੱਖਿਆ ਦੇ ਖੇਤਰ 'ਚ ਆਪਣੀ ਨਿਵੇਕਲੀ ਛਾਪ ਛੱਡਣ 'ਚ ਕਾਮਯਾਬ ਹੋਵੇਗਾ।ਨਵੀਂ ਸਿੱਖਿਆ ਨੀਤੀ ਬਾਰੇ ਆਪਣੇ ਵਿਚਾਰ ਦਿੰਦਿਆਂ ਪੁੱਕਾ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪ੍ਰਧਾਨ ਸ੍ਰੀ ਅੰਸ਼ੂ ਕਟਾਰੀਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਇੱਕ ਵਿਦਿਆਰਥੀ ਕੇਂਦਰਤ ਨੀਤੀ ਹੈ ਜੋ ਵਿਦਿਆਰਥੀਆਂ ਲਈ ਲਚਕਦਾਰ ਅਤੇ ਮਿਆਰੇ ਵਿਦਿਅਕ ਢਾਂਚੇ ਦਾ ਨਿਰਮਾਣ ਕਰੇਗੀ।ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਐਕਸੈਸ, ਨਿਆਇਕ, ਮਿਆਰੀ, ਕਿਫ਼ਾਇਤੀ ਅਤੇ ਜਵਾਬਦੇਹੀ ਦੇ ਬੁਨਿਆਦੀ ਥੰਮ੍ਹਾਂ 'ਤੇ ਬਣੀ ਹੈ, ਜੋ ਨੌਜਵਾਨਾਂ ਦੀਆਂ ਮੁੱਢਲੀਆਂ ਸਮਰਥਾਵਾਂ ਅਤੇ ਰੁਜ਼ਗਾਰ ਯੋਗਤਾ ਦੇ ਹੁਨਰ ਦੇ ਵਿਕਾਸ ਉੱਤੇ ਕੇਂਦਰਤ ਕਰੇਗੀ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗੀ ਅਤੇ ਉੱਚ ਸਿੱਖਿਆ ਸੰਸਥਵਾਂ ਨੂੰ ਵਧੇਰੇ ਸਵੈ-ਨਿਰੰਤਰਤਾ ਪ੍ਰਦਾਨ ਕਰਨ ਵਾਲੇ, ਅਧਿਆਪਕਾਂ ਦੀ ਸਿਖਲਾਈ 'ਤੇ ਜ਼ੋਰ ਦੇਣ, ਖੋਜ ਨੂੰ ਉਤਸ਼ਾਹਿਤ ਕਰਨ ਸਬੰਧੀ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰੇਗੀ।
ਇਸ ਸਬੰਧੀ ਗੱਲਬਾਤ ਕਰਦਿਆਂ ਪੁਟੀਆ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਪੇਸ਼ੇਵਰ ਸਿੱਖਿਆ ਨੂੰ ਹੁਣ ਉਚ ਸਿੱਖਿਆ ਦਾ ਮੁੱਖ ਹਿੱਸਾ ਮੰਨਿਆ ਜਾਵੇਗਾ, ਜਿਸ ਦਾ ਅਰਥ ਭਾਰਤੀ ਨੌਜਵਾਨਾਂ ਵਿੱਚ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਹੁਨਰ ਅਧਾਰਿਤ ਸਿੱਖਿਆ ਮੁਹੱਈਆ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਜੋ ਉੱਚ ਸਿੱਖਿਅਕ ਸੰਸਥਾਵਾਂ ਦੇ ਵਿਕਾਸ ਲਈ ਮਜ਼ਬੂਤ ਨੀਂਹ ਰੱਖਦਾ ਹੈ ਕਿਉਂਕਿ ਸਰਕਾਰ ਬਹੁ-ਅਨੁਸ਼ਾਸਨੀ ਸੰਸਥਾਵਾਂ ਸਥਾਪਤ ਕਰਨ ਦਾ ਪ੍ਰਸਤਾਵ ਦਿੰਦੀ ਹੈ ਜੋ ਜਿਥੇ ਲਚਕਦਾਰ ਵਿਦਿਅਕ ਪਾਠਕ੍ਰਮ ਮੁਹੱਈਆ ਕਰਵਾਏਗੀ ਉਥੇ ਹੀ ਅੰਤਰ-ਅਨੁਸ਼ਾਸਨੀ ਵਿਸ਼ਿਆਂ ਦੀ ਅਧਿਐਨ ਦੀ ਆਗਿਆ ਦੇਵੇਗੀ ਅਤੇ ਵਿਦਿਆਰਥੀਆਂ ਨੂੰ ਕਈ ਨਿਕਾਸੀ ਵਿਕਲਪ ਪ੍ਰਦਾਨ ਕਰਵਾਏਗੀ।
ਇਸ ਮੌਕੇ ਨਰਸਿੰਗ ਕਾਲਜਿਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਨੈਸ਼ਨਲ ਰਿਸਰਚ ਫਾਊਡੇਸ਼ਨ ਦਾ ਗਠਨ ਭਾਰਤ ਦੇ ਉਚ ਸਿੱਖਿਆ ਸੰਸਥਾਵਾਂ ਨੂੰ ਖੋਜ ਅਤੇ ਨਵੀਨਤਾ ਲੈਣ ਲਈ ਉਤਸ਼ਾਹਿਤ ਕਰਨ ਅਤੇ ਪ੍ਰਾਈਵੇਟ ਅਤੇ ਸਰਕਾਰੀ ਦੋਵਾਂ ਖੇਤਰਾਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਲੋੜੀਂਦੇ ਫੰਡਾਂ ਦੀ ਵੰਡ ਲਈ ਪ੍ਰੇਰਣਾਦਾਇਕ ਕਦਮ ਹੈ।ਉਨ੍ਹਾਂ ਕਿਹਾ ਕਿ ਫੈਲਟੀ ਟ੍ਰੇਨਿੰਗ ਅਤੇ ਡਿਵੈਲਪਮੈਂਟ 'ਤੇ ਜ਼ੋਰ ਦੇਣਾ, ਅਧਿਆਪਕਾਂ ਲਈ ਇੱਕ ਮਜ਼ਬੂਤ ਅਤੇ ਸਮਰਪਿਤ ਕਰੀਅਰ ਦੇ ਰਸਤੇ ਪਾ ਕੇ ਹੁਨਰ ਨੂੰ ਉਤਸ਼ਾਹਿਤ ਕਰਨਾ ਵਰਗੇ ਕੁੱਝ ਪ੍ਰਮੁੱਖ ਮੁੱਦਿਆਂ ਦਾ ਹੱਲ ਕਰਨਾ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ।
ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ, ਨਰਸਿੰਗ ਕਾਲਜਿਜ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ, ਪੁਟੀਆ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ, ਉਪ ਪ੍ਰਧਾਨ ਪੁਟੀਆ ਮਨਜੀਤ ਸਿੰਘ, ਨਿਰਮਲ ਸਿੰਘ ਈ.ਟੀ.ਟੀ ਫੈਡਰੇਸ਼ਨ, ਸੁਖਮੰਦਰ ਸਿੰਘ ਚੱਠਾ ਪ੍ਰਧਾਨ ਪੰਜਾਬ ਅਨਏਡਿਡ ਡਿਗਰੀ ਕਾਲਜਿਜ ਐਸੋਸੀਏਸ਼ਨ, ਰਜਿੰਦਰ ਸਿੰਘ ਧਨੋਆ ਪੋਲੀਟੈਕਨਿਕ ਐਸੋਸੀਏਸ਼ਨ, ਸ਼ਿਮਾਸ਼ੂ ਗੁਪਤਾ ਆਈ.ਟੀ.ਆਈ ਐਸੋਸੀਏਸ਼ਨ, ਵਿਪਿਨ ਸ਼ਰਮਾ ਕਨਫੈਡਰੇਸ਼ਨ ਆਫ਼ ਅਨਏਡਿਡ ਕਾਲਜਿਜ਼ ਐਸੋਸੀਏਸ਼ਨ, ਅਨਿਲ ਚੋਪੜਾ ਕਨਫੈਡਰੇਸ਼ਨ ਆਫ਼ ਅਨਏਡਿਡ ਇਸੰਟੀਚਿਊਸ਼ਨਜ਼, ਜਸਨਿਕ ਸਿੰਘ ਬੀਐਡ ਐਸੋਸੀਏਸ਼ਨ, ਪੀਯੂ, ਡਾ. ਸਤਵਿੰਦਰ ਸੰਧੂ ਬੀਐਡ ਐਸੋਸੀਏਸ਼ਨ ਜੀ.ਐਨ.ਡੀ.ਯੂ ਕਾਲਜ ਆਦਿ ਵੱਲੋਂ ਵੀ ਮੰਤਰੀ ਮੰਡਲ ਦੀ ਨਵੀਂ ਸਿੱਖਿਆ ਨੀਤੀ ਦਾ ਭਰਵਾਂ ਸਵਾਗਤ ਕੀਤਾ ਗਿਆ।