ਲੁਧਿਆਣਾ, 21 ਜੁਲਾਈ 2020: ਸਥਾਨਕ ਅਖ਼ਬਾਰ ਦੇ ਫੋਟੋ ਜਰਨਲਿਸਟ ਨੀਲ ਕਮਲ ਸੋਨੂੰ ਦਾ ਮੰਗਲਵਾਰ ਸਵੇਰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਅਚਾਨਕ ਦਿਲ ਦਾ ਦੌਰਾ ਪੈਣ ਦੇ ਕਾਰਨ ਸਵਰਗਵਾਸ ਹੋ ਗਿਆ।
ਨੀਲ ਕਮਲ ਸੋਨੂੰ ਦੇ ਪਰਿਵਾਰ ਵਿੱਚ ਬਜ਼ੁਰਗ ਮਾਂ- ਪਿਓ ਇੱਕ ਭਰਾ, ਪਤਨੀ ਅਤੇ ਦੋ ਬੱਚੇ ਮੁੰਡਾ ਅਤੇ ਕੁੜੀ ਹਨ। ਬੱਚੇ ਕਾਫੀ ਛੋਟੇ ਹਨ। ਅਚਾਨਕ ਸਵੇਰੇ ਹਾਰਟ ਅਟੈਕ ਦੀ ਵਜ੍ਹਾ ਨਾਲ ਸੋਨੂੰ ਆਪਣੇ ਹੱਸਦੇ ਖੇਡਦੇ ਪਰਿਵਾਰ ਨੂੰ ਅਲਵਿਦਾ ਕਹਿ ਗਿਆ, ਜਿਸ ਨਾਲ ਲੁਧਿਆਣਾ ਮੀਡੀਆ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਸਵੇਰ ਤੋਂ ਹੀ ਨੀਲ ਕਮਲ ਸੋਨੂੰ ਦੇ ਘਰ ਉਸ ਦੇ ਮਿੱਤਰਾਂ, ਰਿਸ਼ਤੇਦਾਰਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਦੁਪਹਿਰ ਲਗਭਗ 3 ਵਜੇ ਦੇ ਕਰੀਬ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਬੇਟੇ ਜੋ ਕਿ ਬਹੁਤ ਹੀ ਛੋਟੇ ਹਨ ਨੂੰ ਦੇਖ ਕੇ ਸਾਰਿਆਂ ਦੀਆਂ ਹੀ ਅੱਖਾਂ ਭਰ ਆਈਆਂ ਅਤੇ ਸਾਰਿਆਂ ਨੇ ਹੀ ਭਰੇ ਮਨ ਦੇ ਨਾਲ ਸੋਨੂੰ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਸ਼ਹਿਰ ਦੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਅਤੇ ਸਾਰਿਆਂ ਨੇ ਹੀ ਭਰੇ ਮਨ ਦੇ ਨਾਲ ਉਸ ਨੂੰ ਵਿਦਾਈ ਦਿੱਤੀ। ਸ਼ਹਿਰ ਵਿੱਚ ਨੀਲ ਕਮਲ ਸੋਨੂੰ ਨੇ ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਨਾਮ ਕਮਾਇਆ ਸੀ, ਜਿਸ ਵਜ੍ਹਾਂ ਨਾਲ ਸਾਰੇ ਹੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਸਭ ਦੇ ਨਾਲ ਉਸ ਦਾ ਵਿਵਹਾਰ ਬਹੁਤ ਹੀ ਦੋਸਤਾਨਾ ਸੀ।
ਸੰਸਕਾਰ ਮੌਕੇ ਸ੍ਰੀ ਪੁਨੀਤ ਪਾਲ ਸਿੰਘ ਗਿੱਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਵੱਲੋ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਨੀਲ ਕਮਲ (ਸੋਨੂੰ) ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਚੱਟਾਨ ਵਾਂਗ ਉਨ੍ਹਾਂ ਦੇ ਨਾਲ ਖੜਾ ਹੈ। ਉਨ੍ਹਾਂ ਜ਼ਿਲ੍ਹਾਂ ਪ੍ਰਸਾਸ਼ਨ ਅਤੇ ਸਾਰੇ ਮੀਡੀਆ ਦੇ ਮਿੱਤਰਾਂ ਅਤੇ ਸਮੂਹ ਅਦਾਰਿਆਂ ਵੱਲੋਂ ਪ੍ਰਮਾਤਮਾ ਦੇ ਚਰਨਾਂ ਵਿਚ ਬੇਨਤੀ ਹੈ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇੇੇ।