ਚੰਡੀਗੜ, 27 ਮਾਰਚ: ਮੁੱਖ ਚੋਣ ਅਫ਼ਸਰ, ਪੰਜਾਬ ਨੇ ਪੰਜਾਬ ਸਰਕਾਰ ਤੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਵੱਖ-ਵੱਖ ਅਧਿਕਾਰੀਆਂ ਦੀ ਸੂਚੀ ਮੰਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਭੇਜੇ ਗਏ ਪੱਤਰ ਵਿੱਚ ਕਿਹਾ ਹੈ ਕਿ ਅਜਿਹੇ ਅਧਿਕਾਰੀਆਂ ਦੇ ਨਾਮ ਭੇਜੇ ਜਾਣ ਜਿਹਨਾਂ ਨੂੰ ਲੋੜ ਪੈਣ ਤੇ ਆਹੁਦੇ ਅਨੁਸਾਰ ਤਾਇਨਾਤ ਕੀਤਾ ਜਾ ਸਕੇ।
ਬੁਲਾਰੇ ਨੇ ਦੱਸਿਆ ਕਿ ਜਿਹਨਾਂ ਅਹੁਦਿਆਂ ਲਈ ਅਧਿਕਾਰੀਆਂ ਦੀ ਸੂਚੀ ਮੰਗੀ ਗਈ ਹੈ। ਉਹਨਾਂ ਵਿੱਚ ਡਿਵੀਜ਼ਨਲ ਕਮਿਸ਼ਨਰ ਵੱਜੋਂ ਤਾਇਨਾਤ ਕਰਨ ਲਈ 3 ਅਧਿਕਾਰੀਆਂ ਨਾਮ, ਡਿਪਟੀ ਕਮਿਸ਼ਨਰ/ਜ਼ਿਲਾ ਚੋਣ ਅਫ਼ਸਰ ਲਈ 5 ਨਾਮ, ਐੱਸ.ਡੀ.ਐੱਮ./ਏ.ਆਰ.ਓ. ਲਈ 5 ਨਾਮ ਇਸ ਤੋਂ ਇਲਾਵਾ ਇੰਸਪੈਕਟਰ ਜਨਰਲ ਆਫ਼ ਪੁਲਿਸ/ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਲਈ 3 ਨਾਮ, ਸੀਨੀਅਰ ਸੁਪਰੀਡੈਂਟ ਲਈ 5 ਨਾਮ ਅਤੇ ਡਿਪਟੀ ਸੁਪਰੀਡੈਂਟ ਲਈ 5 ਨਾਮ ਦੀ ਮੰਗ ਕੀਤੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਇਸੇ ਤਰਾਂ 5 ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਦੇ ਨਾਮ ਮੰਗੇ ਗਏ ਹਨ। ਇਹਨਾਂ ਨਾਵਾਂ ਦੀ ਮੰਗ ਚੋਣ ਜਾਬਤੇ ਦੌਰਾਨ ਕਿਸੇ ਅਧਿਕਾਰੀ ਨੂੰ ਬਦਲਣ ਦੀ ਲੋੜ ਪੈਂਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਇਸ ਸੂਚੀ ਵਿੱਚੋਂ ਆਹੁਦੇ ਅਨੁਸਾਰ ਨਾਮ ਵਿਚਾਰ ਲਿਆ ਜਾਵੇਗਾ।