← ਪਿਛੇ ਪਰਤੋ
ਬਲਾਤਕਾਰੀ ਨੂੰ ਕੇਵਲ ਰੱਬ ਆਖਣਾ ਨਾ ਕੇਵਲ ਸਿੱਖ ਧਰਮ ’ਤੇ ਹਮਲਾ ਸਗੋਂ ਹਰ ਧਰਮ ਦੇ ਪੈਰੋਕਾਰਾਂ ਦੀ ਵੀ ਕੀਤੀ ਤੌਹੀਨ ਮਹਿਤਾ ਚੌਕੇ /ਅਮ੍ਰਿਤਸਰ, 26 ਜੁਲਾਈ 2020: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਡੇਰਾ ਸਿਰਸਾ ਸਮਰਥਕ ਵੀਰਪਾਲ ਇੰਸਾ ਨੇ ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਸੌਦਾ ਸਾਧ ਦੀ ਗੁਰੂ ਸਾਹਿਬਾਨ ਨਾਲ ਤੁਲਨਾ ਕਰਨ ਦੀ ਹਿਮਾਕਤ ਕਰ ਕੇ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਲਿਹਾਜ਼ਾ ਉਸ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰਦਿਆਂ ਤੁਰੰਤ ਗ੍ਰਿਫ਼ਤਾਰ ਕਰਨ ਦੀ ਲਈ ਕਿਹਾ ਹੈ। ਦੀਵਾਨ ਹਾਲ ਗੁ: ਮੰਜੀ ਸਾਹਿਬ, ਸ੍ਰੀ ਅਮ੍ਰਿਤਸਰ ਵਿਖੇ ਮੁਖਵਾਕ ਦੀ ਕਥਾ ਵੀਚਾਰ ਉਪਰੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਡੇਰਾ ਸਮਰਥਕ ਗ਼ਲਤ ਬਿਆਨੀ ਰਾਹੀਂ ਸਿੱਖ ਭਾਈਚਾਰੇ ਨੂੰ ਉਕਸਾਉਣਾ ਬੰਦ ਕਰੇ। ਉਨ੍ਹਾਂ ਸਰਕਾਰ ਨੂੰ ਵੀ ਡੇਰਾ ਸਮਰਥਕਾਂ ਵੱਲੋਂ ਪੰਜਾਬ ਦੀ ਫ਼ਿਜ਼ਾ ਵਿਚ ਜ਼ਹਿਰ ਘੋਲਨ ਦੀ ਕੀਤੀ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਵੀਰਪਾਲ ਇੰਸਾ ਵੱਲੋਂ ਆਪਣੀ ਸਫ਼ਾਈ ਵਿਚ ਰਾਮ ਰਹੀਮ ਜੋ ਬਲਾਤਕਾਰ ਕੇ ਕੇਸ ਵਿੱਚ ਸਜ਼ਾਯਾਫ਼ਤਾ ਮੁਜਰਮ ਹੈ ਨੂੰ ਕੇਵਲ ਰੱਬ ( only Almighty God) ਆਖਣ ’ਤੇ ਸਖ਼ਤ ਇਤਰਾਜ਼ ਕੀਤਾ ਤੇ ਕਿਹਾ ਕਿ ਉਸ ਨੇ ਅਜਿਹਾ ਕਹਿ ਕੇ ਬਹੁਤ ਵੱਡਾ ਗੁਨਾਹ ਕੀਤਾ ਹੈ। ਇਹ ਨਾ ਕੇਵਲ ਸਿੱਖ ਧਰਮ ’ਤੇ ਹਮਲਾ ਹੈ ਸਗੋਂ ਹਰ ਧਰਮ ਦੇ ਪੈਰੋਕਾਰਾਂ ਦੀ ਤੌਹੀਨ ਹੈ।ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਦਾ ਅਖੌਤੀ ਰੱਬ ਨਾ ਸੱਚਾ ਸੰਤ ਹੈ ਨਾ ਚੰਗਾ ਇਨਸਾਨ । ਉਹ ਸ਼ਬਦ-ਗੁਰੂ ਨੂੰ ਗੁਰੂ ਮੰਨਣ ਦੀ ਥਾਂ ਦੇਹਧਾਰੀ ਨੂੰ ਗੁਰੂ ਮੰਨਣ ਦੀ ਅਵੱਗਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਬੀ ਨੇ ਗਨਿਕਾ ਦਾ ਉਧਾਰ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੇ ਜਾਣ ਬਾਰੇ ਗਿਆਨ ਵਿਹੂਣੀ ਤੇ ਗ਼ਲਤ ਇਤਿਹਾਸਕ ਤੱਥ ਦੇ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਡੇਰੇ ਸਮਰਥਕ ਗੁਰੂ ਫ਼ਲਸਫ਼ੇ ਤੇ ਸਿੱਖੀ ਸਿਧਾਂਤਾਂ ਦੇ ਉਲਟ ਬਿਆਨਬਾਜ਼ੀ ਕਰਨ ਤੋਂ ਬਾਜ਼ ਆਉਣ ਲਈ ਕਿਹਾ, ਗੱਲ ਹੈ। ਉਨ੍ਹਾਂ ਕਿਹਾ ਕਿ ਵੀਰਪਾਲ ਇੰਸਾ ਦਾ ਡੇਰਾ ਵਿਵਾਦ ਨੂੰ ਦੋ ਕੌਮਾਂ ਦਾ ਝਗੜਾ ਕਹਿਣਾ ਨਿਰਮੂਲ ਹੈ । ਡੇਰਾ ਸਿਰਸਾ ਨਾ ਤਾਂ ਕੋਈ ਕੌਮ ਹੈ ਤੇ ਨਾ ਹੀ ਕੋਈ ਧਰਮ। ਉਹ ਤਾਂ ਕੇਵਲ ਸਿੱਖੀ ਸਿਧਾਂਤਾਂ ਤੋ ਆਕੀ ਹੋ ਚੁੱਕਾ ਫ਼ਿਰਕਾ ਹੈ । ਉਨ੍ਹਾਂ ਕਿਹਾ ਕਿ ਵੀਰਪਾਲ ਵੱਲੋਂ ਡੇਰਾ ਸਿਰਸਾ ਮੁਖੀ ਅਤੇ ਗੁਰੂ ਗੋਬਿੰਦ ਸਿੰਘ ਨੂੰ ਇਕ ਸਮਾਨ ਦੱਸਿਆ ਜਾਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀਰਪਾਲ ਇੰਸਾ ਖ਼ਿਲਾਫ਼ ਧਾਰਾ 295 ਏ ਤਹਿਤ ਤੁਰੰਤ ਕੇਸ ਦਰਜ ਕਰਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਨ ਦੀ ਅਪੀਲ ਕੀਤੀ ।
Total Responses : 267