ਲੁਧਿਆਣਾ, 2 ਮਈ 2019 - ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਅਤੇ ਪਾਰਟੀ ਦੇ ਸੀਨੀਅਰ ਆਗੂ ਰਣਧੀਰ ਸਿੰਘ ਸਿਵਿਆ ਦੀ ਅਗਵਾਈ ਵਿੱਚ ਵੱਖ ਵੱਖ ਮੀਟਿੰਗਾਂ ਕੀਤੀਆਂ ਗਈਆਂ। ਜਿਸ ਦੌਰਾਨ ਇਲਾਕਾ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਧਾਇਕ ਬੈਂਸ ਨੇ ਭੱਟੀਆਂ, ਵਾਰਡ ਨੰਬਰ 1, ਬਾਜੜਾ ਕਾਲੋਨੀ, ਚਿੱਟੀ ਕਲੋਨੀ ਭੱਟੀਆਂ ਦੇ ਹੋਰਨਾਂ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਆਗੂ ਦੋਸ਼ ਲਗਾਉਂਦੇ ਹਨ ਕਿ ਬੈਂਸ ਨੇ ਸਕੂਟਰ ਤੋਂ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅੱਜ ਕਾਫੀ ਜਮੀਨ ਦਾ ਮਾਲਕ ਹੈ ਅਤੇ ਵੱਡਾ ਕਾਰੋਬਾਰ ਸਥਾਪਿਤ ਕਰ ਲਿਆ। ਵਿਧਾਇਕ ਬੈਂਸ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਝੂਠ ਬੋਲ ਰਹੇ ਹਨ ਜਦੋਂ ਕਿ ਮੈਂ ਤਾਂ ਇੱਕ ਸਾਈਕਲ ਤੋਂ ਆਪਣੇ ਜੀਵਨ ਦੀ Îਸ਼ੁਰੂਆਤ ਕੀਤੀ ਸੀ ਅਤੇ ਮੇਰੇ ਪਿਤਾ ਜੀ 80 ਕਿਲੋਮੀਟਰ ਤੋਂ ਸਾਈਕਲ ਤੇ ਆ ਕੇ ਲੁਧਿਆਣਾ ਵਿੱਖੇ ਕੰਮ ਕਰਦੇ ਸਨ ਕਿਉਂਕਿ ਉਨ੍ਹਾਂ ਕੋਲ ਬੱਸ ਦਾ ਕਿਰਾਇਆ ਵੀ ਨਹੀਂ ਸੀ ਹੁੰਦਾ, ਪਰ ਮੈਂ ਅਤੇ ਮੇਰੇ ਪਰਿਵਾਰ ਨੇ ਮਿਹਨਤ ਨਾਲ ਸਭ ਕੁਝ ਬਣਾਇਆ। ਉਨ੍ਹਾਂ ਕਿਹਾ ਕਿ ਅਨੇਕਾਂ ਕਾਰੋਬਾਰੀਆਂ ਨੇ ਆਪਣਾ ਜੀਵਨ ਪਹਿਲਾਂ ਸਾਈਕਲਾਂ ਤੇ ਜਾਂ ਸਕੂਟਰਾਂ ਨਾਲ ਹੀ ਸ਼ੁਰੂ ਕੀਤਾ ਅਤੇ ਪ੍ਰਸਿੱਧੀਆਂ ਪ੍ਰਾਪਤ ਕੀਤੀਆਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਕਮਾਈ ਦਾ ਪੂਰੀ ਰਿਕਾਰਡ ਚੋਣ ਕਮਿਸ਼ਨ ਨੂੰ ਦੇ ਦਿੱਤਾ ਹੈ, ਅਤੇ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਤਕਲੀਫ ਹੈ ਤਾਂ ਉਹ ਚੋਣ ਕਮਿਸ਼ਨ ਨਾਲ ਗੱਲ ਕਰੇ। ਉਨ੍ਹਾਂ ਕਿਹਾ ਕਿ ਲੋਕ ਸਭ ਜਾਣਦੇ ਹਨ ਅਤੇ ਆਉਣ ਵਾਲੀ 23 ਮਈ ਨੂੰ ਅਕਾਲੀ ਅਤੇ ਕਾਂਗਰਸੀਆਂ ਨੂੰ ਪਤਾ ਲੱਗ ਜਾਵੇਗਾ, ਕਿ ਠੱਗੀਆਂ ਕੌਣ ਮਾਰਦਾ ਹੈ ਅਤੇ ਲੋਕਾਂ ਦੇ ਕੰਮ ਕੌਣ ਕਰਦਾ ਹੈ। ਇਸ ਦੌਰਾਨ ਇਲਾਕਾ ਵਾਸੀਆਂ ਨੇ ਬੈਂਸ ਬਾਈ, ਤੇਰੀ ਬੱਲੇ ਬੱਲੇ, ਅਕਾਲੀ ਕਾਂਗਰਸੀ ਥੱਲੇ ਥੱਲੇ ਦੇ ਨਾਹਰੇ ਲਗਾ ਕੇ ਅਕਾਲੀ ਅਤੇ ਕਾਂਗਰਸੀਆਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦੇ ਹੋਏ ਵਿਧਾਇਕ ਬੈਂਸ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਇੱਕ ਇੱਕ ਵੋਟ ਵਿਧਾਇਕ ਬੈਂਸ ਨੂੰ ਪਾਉਣਗੇ ਅਤੇ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ। ਇਸ ਮੌਕੇ ਤੇ ਰਣਧੀਰ ਸਿੰਘ ਸਿਵਿਆ, ਸੰਜੀਵ ਕੁਮਾਰ ਸੰਜੂ, ਸੁਰਜੀਤ ਪਾਲ ਭੱਟੀਆਂ, ਹਰਵਿੰਦਰ ਸਿੰਘ ਨਿੱਕਾ, ਗੁਰਪਰੀਤ ਸਿੰਘ, ਸ਼ਸ਼ੀ ਮਲਹੌਤਰਾ, ਸੁਰਜੀਤ ਸਿੰਘ, ਨਰਿੰਦਰ ਸਿੰਘ, ਸੁਸ਼ੀਲ ਕੁਮਾਰ, ਹਰਜੋਤ ਸਿੰਘ, ਜਗਜੀਤ ਸਿੰਘ, ਪੱਪੀ ਕੰਬੋਜ, ਹਰਮਨ ਗੁਰਮ ਤੇ ਹੋਰ ਸ਼ਾਮਲ ਸਨ।