ਡੇਰਾਬਸੀ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ।
ਪਟਿਆਲਾ/ਡੇਰਾਬਸੀ/ਜ਼ੀਰਕਪੁਰ, 07 ਮਈ 2019: ਨੌਜਵਾਨ ਦੇਸ਼ ਅਤੇ ਕੌਮ ਲਈ ਰੀੜ ਦੀ ਹੱਡੀ ਦਾ ਕੰਮ ਕਰਦੇ ਹਨ ਅਤੇ ਅਜੋਕੇ ਸੋਸ਼ਲ ਮੀਡੀਆ ਦੇ ਦੌਰ 'ਚ ਸਰਕਾਰਾਂ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹਨਾਂ ਵਿਚਾਰਾਂ ਪ੍ਰਗਟਾਵਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਵਿਧਾਨ ਸਭਾ ਹਲਕਾ ਡੇਰਾਬਸੀ ਅਤੇ ਦੇ ਸ਼ਹਿਰ ਜ਼ੀਰਕਪੁਰ ਸਮੇਤ ਪਿੰਡ ਗਾਜੀਪੁਰ, ਸਨੌਲੀ, ਮੁਬਾਰਕਪੁਰ, ਹੈਬਤਪੁਰ, ਦੇਵੀਨਗਰ, ਜਵਾਹਰਪੁਰ, ਮੁਕੰਦਪੁਰ, ਬਿਜਨਪੁਰ, ਹੰਡੇਸਰਾ, ਮੁਆਂਪੁਰ, ਖੇੜੀ ਜੱਟਾਂ, ਕਸੌਲੀ, ਧੀਰੇ ਮਾਜਰਾ, ਮੀਰਪੁਰ ਅਤੇ ਕਸਬਾ ਲਾਲੜੂ ਸਮੇਤ 40 ਪਿੰਡਾਂ ਵਿੱਚ ਚੋਣ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਲੀਡਰਾਂ ਕੋਲੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਉਹ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਡਾ. ਗਾਂਧੀ ਨੇ ਕਿਹਾ ਕਿ 8 ਮਈ ਦਿਨ ਬੁੱਧਵਾਰ ਨੂੰ ਹਲਕਾ ਡੇਰਾਬਸੀ ਵਿਖੇ ਚੋਣ ਪ੍ਰਚਾਰ ਕਰਨ ਵਿਸ਼ੇਸ਼ ਤੌਰ 'ਤੇ ਸਵਰਾਜ ਇੰਡੀਆਂ ਦੇ ਪ੍ਰਧਾਨ ਸ਼੍ਰੀ ਯੋਗੇਂਦਰ ਯਾਦਵ ਵੀ ਪਹੁੰਚ ਰਹੇ ਹਨ।
ਡਾ. ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਰਿਕਾਰਡਤੋੜ ਵੋਟਾਂ ਨਾਲ ਹਰਾ ਕੇ ਇਹ ਸਾਬਤ ਕਰਨ ਕਿ ਪੰਜਾਬ ਦੇ ਲੋਕਾਂ ਦੀ ਜ਼ਮੀਰ ਅਜੇ ਜਾਗਦੀ ਹੈ ਅਤੇ ਹਰ ਪੰਜਾਬੀ ਆਪਣੀ ਜ਼ਮੀਰ ਦੀ ਅਵਾਜ਼ ਸੁਣਦਾ ਹੈ।
ਡਾ. ਧਰਮਵੀਰ ਗਾਂਧੀ ਨੇ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਬੋਲਦਿਆਂ ਲੋਕਾਂ ਨੂੰ ਅਪੀਲ ਕਰਦਅਿਾਂ ਕਿਹਾ ਕਿ ਇੱਕ ਪਾਸੇ ਰਜਵਾੜਾਸ਼ਾਹੀ ਪਰਿਵਾਰ ਦੀ ਮਹਿਲਾਂ ਵਿੱਚ ਰਹਿਣ ਵਾਲੀ ਮਹਾਰਾਣੀ ਹੈ, ਦੂਜੇ ਪਾਸੇ ਅਮਰੀਕਾ ਵਿੱਚ ਕਾਰੋਬਾਰ ਕਰਨ ਵਾਲਾ ਧਨਾਢ ਲੀਡਰ ਹੈ, ਅਤੇ ਇਹਨਾਂ ਦੋਵਾਂ ਦੇ ਮੁਕਾਬਲੇ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸਧਾਰਨ ਵਿਅਕਤੀ ਡਾ. ਗਾਂਧੀ ਹੈ, ਜਿਸਨੂੰ ਤੁਸੀਂ ਕਿਸੇ ਵੇਲੇ ਵੀ ਮਿਲ ਸਕਦੇ ਹੋ ਜਦਕਿ ਧਨਾਢਾਂ ਅਤੇ ਰਜਵਾੜਿਆਂ ਦੇ ਮਹਿਲਾਂ ਵਿੱਚ ਵੜਨਾ ਖਾਲਾ ਜੀ ਦਾ ਵਾੜਾ ਨਹੀਂ।