ਜਨਤਕ ਥਾਵਾਂ ਤੇ ਥੁੱਕਣ ਵਾਲੇ 39, ਅਤੇ ਸਮਾਜਿਕ ਦੂਰੀ ਦੀ ਉਲੰਘਣਾ ਦੇ 7 ਚਲਾਨ ਕੱਟੇ
ਪੰਜਾਬ ਸਰਕਾਰ ਦੀ ਨਵੀਂ ਗਾਈਡਲਾਈਨ ਅਨੁਸਾਰ ਚਲਾਨ ਰਾਸ਼ੀ ਵਿੱਚ ਭਾਰੀ ਵਾਧਾ
ਏਕਾਂਤਵਾਸ ਦੀ ਕੀਤੀ ਉਲੰਘਣਾ ਤਾਂ ਹੋਵੇਗਾ 5000 ਰੁਪਏ ਜੁਰਮਾਨਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 27 ਜੁਲਾਈ 2020: ਪੰਜਾਬ ਪੁਲਿਸ ਵੱਲੋਂ ਜਿਲ੍ਹੇ ਵਿੱਚ ਲਾਕਡਾਊਨ ਤੋਂ ਅੱਜ ਤੱਕ ਬਿਨਾਂ ਮਾਸਕ ਤੋਂ ਬਾਹਰ ਘੁਮਣ ਵਾਲੇ 6532 ਲੋਕਾਂ ਦੇ ਚਲਾਨ ਕੱਟੇ ਗਏ ਹਨ ਅਤੇ ਜਨਤਕ ਸਥਾਨਾਂ ਤੇ ਥੁੱਕਣ ਵਾਲੇ 39 ਲੋਕਾਂ ਦੇ ਚਲਾਨ ਕੱਟੇ ਗਏ । ਇਹ ਜਾਣਕਾਰੀ ਜਿਲ੍ਹਾ ਪੁਲਿਸ ਮੁੱਖੀ ਸ: ਸਵਰਨਦੀਪ ਸਿੰਘ ਨੇ ਦਿੱਤੀ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਪਿਛਲੇ ਹਫਤੇ ਦੋਰਾਨ ਨਵੇਂ ਆਦੇਸ ਜਾਰੀ ਕੀਤੇ ਗਏ ਸਨ ਕਿ ਬਿਨਾ ਮਾਸਕ ਤੋਂ ਬਾਹਰ ਘੁਮਣ ਵਾਲੇ ਅਤੇ ਜਨਤਕ ਸਥਾਨਾਂ ਤੇ ਥੁੱਕਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਅਤੇ ਏਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 5000 ਰੁਪਏ ਦਾ ਜੁਰਮਾਨਾ ਕਰ ਚਲਾਨ ਕੱਟਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਵਰਨਜੀਤ ਸਿੰਘ ਐਸ.ਐਸ.ਪੀ. ਫਰੀਦਕੋਟ ਨੇ ਦੱਸਿਆ ਕਿ ਲਾਕਡਾਊਨ ਤੋਂ ਅੱਜ ਤੱਕ ਸਮੇਂ ਸਮੇਂ ਤੇ ਜਾਰੀ ਜੁਰਮਾਨਿਆਂ ਦੇ ਆਦੇਸ਼ ਦੇ ਆਧਾਰ ਤੇ ਜਿਲਾ ਪੁਲਿਸ ਵੱਲੋਂ ਬਿਨਾਂ ਮਾਸਕ ਤੋਂ ਘਰੋਂ ਨਿਕਲਣ ਵਾਲੇ 6532 ਲੋਕਾਂ ਦੇ ਚਲਾਨ ਕੱਟ ਕੇ 3,101,800 ਦੀ ਰਾਸ਼ੀ ਦਾ ਜੁਰਮਾਨੇ ਵਜੋਂ ਅਤੇ ਜਨਤੱਕ ਸਥਾਨਾਂ ਤੇ ਥੁੱਕਣ ਵਾਲੇ 39 ਲੋਕਾਂ ਦੇ ਚਲਾਨ ਕੱਟ ਕੇ 7100 ਰੁਪਏ ਦੀ ਰਾਸ਼ੀ ਜੁਰਮਾਨੇ ਦੇ ਤੋਰ ਤੇ ਪ੍ਰਾਪਤ ਕੀਤੀ ਗਈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ 7 ਲੋਕਾਂ ਦੇ ਚਲਾਨ ਕੱਟ ਕੇ 15 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ। ਉਨਾਂ ਕਿਹਾ ਕਿ ਕਰੋਨਾ ਵਾਈਰਸ ਦਾ ਖਤਰਾ ਅਜੇ ਵੀ ਦੁਨੀਆ ਤੇ ਬਣਿਆ ਹੋਇਆ ਹੈ ਅਤੇ ਇਸ ਸਮੇਂ ਜਰੂਰਤ ਹੈ ਕਿ ਅਸੀਂ ਨਿਯਮਾਂ ਦੀ ਪਾਲਣਾ ਕਰੀਏ। ਜਿਲਾ ਪ੍ਰਸਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਨ ਦੀ ਪਾਲਣਾ ਕਰੀਏ ਤਾਂ ਹੀ ਅਸੀਂ ਕਰੋਨਾ ਬੀਮਾਰੀ ਤੋਂ ਬਚ ਸਕਦੇ ਹਾਂ ਅਤੇ ਇਸ ਤੇ ਫਤਿਹ ਪ੍ਰਾਪਤ ਕਰ ਸਕਦੇ ਹਾਂ। ਉਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ।
ਉਨ੍ਹਾਂ ਕਿਹਾ ਕਿ ਕਰੋਨਾ ਵਾਈਰਸ ਦੇ ਵਿਸਥਾਰ ਤੇ ਕੰਟਰੋਲ ਕਰਨ ਦੇ ਲਈ ਸੋਸਲ ਡਿਸਟੈਂਸ ਅਤੇ ਮਾਸਕ ਆਦਿ ਦਾ ਪ੍ਰਯੋਗ ਬਹੁਤ ਜਰੂਰੀ ਹੈ।ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸਾਂ ਅਨੁਸਾਰ ਪੁਲਿਸ ਪ੍ਰਸਾਸਨ ਨੂੰ ਵੀ ਇਨਾਂ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਾਉਂਣ ਦੇ ਆਦੇਸ ਦਿੱਤੇ ਗਏ ਹਨ ਅਤੇ ਆਉਂਣ ਵਾਲੇ ਦਿਨਾਂ ਦੋਰਾਨ ਇਨਾਂ ਨਿਯਮਾਂ ਦੀ ਹੋਰ ਵੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਹੈ। ਸਾਨੂੰ ਚਾਹੀਦਾ ਹੈ ਕਿ ਉਪਰੋਕਤ ਨਿਯਮਾਂ ਨੂੰ ਧਿਆਨ ਵਿੱਚ ਰੱਖੀਏ ਅਤੇ ਇਨਾਂ ਦੀ ਪਾਲਣਾ ਕਰੀਏ।