ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਕੀਤੀ ਲੋਕ ਅਰਪਣ
ਮੋਹਾਲੀ, 25 ਜੁਲਾਈ 2020: ਬਚਪਨ ਤੋਂ ਹੀ ਅੰਗਰੇਜ਼ੀ ਭਾਸ਼ਾ ਵਿੱਚ ਗੁਣਗੁਣਾਉਂਦੀ ਮੋਹਾਲੀ ਦੇ ਫੇਜ਼ 5 ਦੀ ਵਸਨੀਕ ਛੋਟੀ ਬੱਚੀ ਗੀਤ ਕੌਰ ਕੁੰਦਰਾ 10 ਸਾਲ ਦੀ ਉਮਰ ਵਿੱਚ ਹੀ ਕਵਿੱਤਰੀ ਬਣ ਜਾਵੇਗੀ, ਇਸ ਗੱਲ ਦਾ ਅੰਦਾਜ਼ਾ ਸ਼ਾਇਦ ਉਸ ਦੇ ਮਾਪਿਆਂ ਨੇ ਵੀ ਨਹੀਂ ਲਗਾਇਆ ਹੋਣਾ। ਆਪਣੇ ਮਨ ਵਿੱਚ ਗੁਣਗੁਣਾਉਂਦੀ 'ਗੀਤ' ਉਤੇ ਕੁਦਰਤ ਮਿਹਰਬਾਨ ਹੋਈ ਅਤੇ ਉਸ ਨੇ ਕਾਪੀ ਪੈੱਨ ਚੁੱਕ ਕੇ ਆਪਣੀਆਂ ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਆਪਣੀ ਬੇਟੀ ਵੱਲੋਂ ਕਾਪੀ ਵਿੱਚ ਲਿਖੀਆਂ ਵੱਡੀ ਗਿਣਤੀ ਵਿੱਚ ਰਚਨਾਵਾਂ ਉਸ ਦੇ ਮਾਪਿਆਂ ਨੇ ਦੇਖੀਆਂ ਤਾਂ ਉਨ੍ਹਾਂ ਨੇ ਇਸ ਨੂੰ ਇੱਕ ਪੁਸਤਕ ਦਾ ਰੂਪ ਦੇ ਦਿੱਤਾ।
ਅੰਗਰੇਜ਼ੀ ਭਾਸ਼ਾ ਵਿੱਚ ਛਪਾਈ ਗਈ ਗੀਤ ਦੀ ਇਹ 'ਮਾਈ ਵਰਲਡ-ਇਨ-ਵਰਸ' ਅੱਜ ਇੱਥੇ ਮੋਹਾਲੀ ਵਿਖੇ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਸ੍ਰ. ਮਨਮੋਹਨ ਸਿੰਘ ਦਾਊਂ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਗੀਤ ਦੀ ਮਾਤਾ ਸ੍ਰੀਮਤੀ ਅਵੀਨ ਕੌਰ, ਪਿਤਾ ਸ੍ਰ. ਸੁਖਬੀਰ ਸਿੰਘ ਵੀ ਹਾਜ਼ਰ ਸਨ। ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਸੈਕਟਰੀ ਈਵੈਂਟਸ ਹਰਜਿੰਦਰ ਸਿੰਘ, ਲਾਇਨਜ਼ ਕਲੱਬ ਮੋਹਾਲੀ ਦੇ ਸਕੱਤਰ ਹਰਿੰਦਰਪਾਲ ਸਿੰਘ ਹੈਰੀ ਨੇ ਵੀ ਪਹੰਚ ਕੇ ਇਸ 10 ਸਾਲਾਂ ਦੀ ਛੋਟੀ ਕਵਿੱਤਰੀ ਗੀਤ ਨੂੰ ਅਸ਼ੀਰਵਾਦ ਦਿੱਤਾ।
ਗੀਤ ਦੀਆਂ ਕਵਿਤਾਵਾਂ ਦੀ ਉਕਤ ਪਲੇਠੀ ਪੁਸਤਕ ਰਿਲੀਜ਼ ਕਰਨ ਮੌਕੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਵਿੱਚ ਕਵਿਤਾ ਲਿਖਣੀ ਹੀ ਬਹੁਤ ਟੇਢੀ ਖੀਰ ਹੈ, ਇਹ ਪ੍ਰਮਾਤਮਾ ਦੀ ਮਿਹਰ ਵੀ ਕਿਸੇ ਵਿਰਲੇ 'ਤੇ ਹੀ ਹੁੰਦੀ ਹੈ ਪ੍ਰੰਤੂ ਗੀਤ ਉਤੇ ਪ੍ਰਮਾਤਮਾ ਦੀ ਮਿਹਰ ਇਸ ਕਦਰ ਹੋਈ ਕਿ ਉਹ 10 ਸਾਲਾਂ ਦੀ ਉਮਰ ਵਿੱਚ ਹੀ ਕਵਿੱਤਰੀ ਬਣ ਗਈ ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।
ਆਪਣੀ ਇਸ ਪਲੇਠੀ ਪੁਸਤਕ ਦੇ ਰਿਲੀਜ਼ ਹੋਣ ਮੌਕੇ ਗੱਲਬਾਤ ਕਰਦਿਆਂ ਕਵਿੱਤਰੀ ਗੀਤ ਕੌਰ ਕੁੰਦਰਾ ਨੇ ਦੱਸਿਆ ਕਿ ਉਸ ਨੇ ਮੁਢਲੀ ਪੜ੍ਹਾਈ ਦੀ ਸ਼ੁਰੂਆਤ ਬੋਸਟਨ ਮੈਸੇਚਿਊਸੇਟਸ (ਯੂ.ਐਸ.ਏ.) ਵਿਖੇ ਕੀਤੀ ਸੀ। ਉਸ ਨੇ ਕਿਹਾ ਕਿ ਉਹ ਕੁਦਰਤ ਬਹੁਤ ਜ਼ਿਆਦਾ ਪ੍ਰੇਰਿਤ ਹੈ। ਉਸ ਨੂੰ ਆਪਣੇ ਮਾਪਿਆਂ ਨਾਲ ਪੂਰਬੀ ਤੱਟ, ਯੂ.ਐਸ.ਏ. ਵਿੱਚ ਬਹੁਤ ਘੁੰਮਣ ਦਾ ਮੌਕਾ ਮਿਲਿਆ, ਜਿੱਥੋਂ ਉਸ ਨੂੰ ਕੁਦਰਤ ਦੀ ਸੁੰਦਰਤਾ ਨੂੰ ਲਿਖਣ ਅਤੇ ਉਸਨੂੰ ਸ਼ਿੰਗਾਰਨ ਦੀ ਪ੍ਰੇਰਨਾ ਮਿਲੀ। ਗੀਤ ਨੇ ਕਿਹਾ ਕਿ ਉਹ ਕਵਿਤਾਵਾਂ ਦੇ ਨਾਲ ਗਾਇਕਾ ਬਣਨਾ ਚਾਹੁੰਦੀ ਹੈ ਇਸ ਲਈ ਉਹ ਸੰਗੀਤ ਮੁਢਲੀ ਸਿੱਖਿਆ ਵੀ ਗ੍ਰਹਿਣ ਕਰ ਰਹੀ ਹੈ। ਉਸ ਦੇ ਪਿਤਾ ਸੁਖਬੀਰ ਸਿੰਘ ਨੇ ਕਿਹਾ ਕਿ ਜਦੋਂ ਬੱਚੀ ਦੀਆਂ ਹੱਥ ਲਿਖਤਾਂ ਕਾਫੀ ਮਾਤਰਾ 'ਚ ਇਕੱਠੀਆਂ ਹੋ ਗਈਆਂ ਤਾਂ ਉਨ੍ਹਾਂ ਫ਼ੈਸਲਾ ਫੈਸਲਾ ਕੀਤਾ ਕਿ ਇਨ੍ਹਾਂ 30 ਅੰਗਰੇਜ਼ੀ ਕਵਿਤਾਵਾਂ ਨੂੰ ਇੱਕ ਪੁਸਤਕ 'ਚ ਦਾ ਰੂਪ ਦੇ ਕੇ ਬੱਚੀ ਦਾ ਹੌਂਸਲਾ ਵਧਾਇਆ ਜਾਵੇ। ਅੱਜ ਉਨ੍ਹਾਂ ਨੂੰ ਆਪਣੀ ਬੱਚੀ ਦੀ ਛੋਟੀ ਉਮਰ ਵਿੱਚ ਹੀ ਕਵਿਤਾਵਾਂ ਦੀ ਪੁਸਤਕ ਰਿਲੀਜ਼ ਹੋਣ 'ਤੇ ਖੁਸ਼ੀ ਮਹਿਸੂਸ ਹੋ ਰਹੀ ਹੈ।