- ਬਠਿੰਡਾ ਪੁਲਿਸ ਨੂੰ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੇ ਕਥਿਤ ਤੌਰ ਤੇ ਚੁੱਕੇ ਜਾਣ ਬਾਰੇ ਕੇਵਲ ਸਿਵਲ ਹਸਪਤਾਲ ਬਠਿੰਡਾ ਤੇ ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਾ
- ਗੁਰਦੀਪ ਸਿੰਘ ਦੇ ਬਿਆਨ ਤੇ ਮੈਡੀਕਲ ਰਿਪੋਰਟਾਂ ਬਾਰੇ ਪਟਿਆਲਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਜਾਣੂ ਕਰਵਾਇਆ
ਪਟਿਆਲਾ, 13 ਅਪ੍ਰੈਲ 2021 - ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਨੇ ਪਟਿਆਲਾ ਦੇ ਅਰਬਨ ਅਸਟੇਟ ਪੁਲਿਸ ਥਾਣੇ ਦੀ ਪੁਲਿਸ ਟੀਮ ਅੱਗੇ, ਮਿਤੀ 12 ਅਪ੍ਰੈਲ 2021 ਨੂੰ ਦਰਜ ਕਰਵਾਏ ਬਿਆਨਾਂ 'ਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਵੱਲੋਂ ਅੱਠ ਅਪ੍ਰੈਲ ਨੂੰ ਉਸਦੇ ਦੋਸਤ ਗੁਰਪ੍ਰੀਤ ਸਿੰਘ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਜਾਣ ਸਮੇਂ ਉਸਨੂੰ ਗ਼ੈਰਕਾਨੂੰਨੀ ਢੰਗ ਨਾਲ ਚੁੱਕ ਕੇ ਉਸ ਉਪਰ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਹਨ। ਗੁਰਦੀਪ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਸਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਉੱਚ ਅਧਿਕਾਰੀਆਂ ਮੂਹਰੇ ਵੀ ਪੇਸ਼ ਕੀਤਾ ਗਿਆ ਅਤੇ 9 ਅਪ੍ਰੈਲ ਨੂੰ ਉਸਨੂੰ ਛੱਡਿਆ ਗਿਆ। ਉਹ 10 ਅਪ੍ਰੈਲ 2021 ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਹੋਇਆ ਸੀ।
ਦਿੱਲੀ ਪੁਲਿਸ ਨੇ ਆਪਣੇ ਮਿਤੀ 12 ਅਪ੍ਰੈਲ 2021 ਦੇ ਪ੍ਰੈਸ ਬਿਆਨ 'ਚ ਵੀ ਸਵਿਕਾਰ ਕੀਤਾ ਹੈ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਮੁੰਡੀ ਕੋਲੋਂ ਪੁਲਿਸ ਥਾਣਾ ਵਿਸ਼ੇਸ਼ ਸੈਲ 'ਚ ਦਰਜ ਐਫ.ਆਈ.ਆਰ. 28/2021 ਬਾਰੇ ਪੁੱਛ-ਗਿੱਛ ਕੀਤੀ ਸੀ। ਦਿੱਲੀ ਪੁਲਿਸ ਦੇ ਬੁਲਾਰੇ ਨੇ ਆਪਣੇ ਇਸੇ ਬਿਆਨ 'ਚ ਅੱਗੇ ਕਿਹਾ ਸੀ ਕਿ ਗੁਰਦੀਪ ਉਰਫ਼ ਮੁੰਡੀ ਨੂੰ ਲੱਖਾ ਸਿਧਾਣਾ ਦੀ ਮੌਜੂਦਗੀ ਬਾਰੇ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਹੋਰ ਸਵਾਲ ਪੁੱਛੇ ਗਏ ਸਨ ਅਤੇ ਲੋੜ ਪੈਣ 'ਤੇ ਮੁੜ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੰਦਿਆਂ ਛੱਡ ਦਿੱਤਾ ਗਿਆ ਸੀ। ਇਸੇ ਬਿਆਨ 'ਚ ਕੁੱਟਮਾਰ ਅਤੇ ਗ਼ੈਰਕਾਨੂੰਨੀ ਹਿਰਾਸਤ 'ਚ ਰੱਖਣ ਦੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦਿਆਂ ਇਨ੍ਹਾਂ ਨੂੰ ਜਾਂਚ ਟੀਮ ਉਤੇ ਪ੍ਰਭਾਵ ਪਾਉਣ ਵਾਲੇ ਕਰਾਰ ਦਿੱਤਾ ਗਿਆ ਸੀ। ਦਿੱਲੀ ਪੁਲਿਸ ਵੱਲੋਂ ਆਪਣੀ ਇਸ ਜਾਂਚ ਨੂੰ ਕਾਨੂੰਨੀ ਦਾਇਰੇ 'ਚ ਕੀਤੀ ਗਈ ਪੁੱਛਗਿਛ ਹੀ ਦੱਸਿਆ ਗਿਆ ਸੀ।
ਪ੍ਰੈਸ ਬਿਆਨ ਮੁਤਾਬਕ, ''8 ਅਪ੍ਰੈਲ, 2021 ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਦੀ ਟੀਮ ਐਫ.ਆਈ.ਆਰ. 28/2021 ਦੇ ਸਬੰਧ 'ਚ ਲੱਖਾ ਸਿਧਾਣਾ ਦੀ ਭਾਲ 'ਚ ਪਟਿਆਲਾ ਦੇ ਆਸ-ਪਾਸ ਗਈ ਸੀ ਤਾਂ ਉਸ ਨੇ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਤੋਂ ਪੁੱਛ-ਗਿੱਛ ਕੀਤੀ ਸੀ। ਉਸ ਤੋਂ ਲੱਖਾ ਸਿਧਾਣਾ ਦੀ ਮੌਜੂਦਗੀ ਤੇ ਉਸਦੇ ਗਤੀਵਿਧੀਆਂ ਬਾਰੇ ਪੁੱਛਿਆ ਗਿਆ ਅਤੇ ਉਸਨੂੰ ਮੁੜ ਲੋੜ ਪੈਣ 'ਤੇ ਜਾਂਚ 'ਚ ਸ਼ਾਮਲ ਹੋਣ ਦੇ ਨਿਰਦੇਸ਼ ਦਿੰਦਿਆਂ ਛੱਡ ਦਿੱਤਾ ਗਿਆ ਸੀ। ਸਾਰੀ ਜਾਂਚ ਕਾਨੂੰਨ ਮੁਤਾਬਕ ਅਤੇ ਸੀ.ਆਰ.ਪੀ.ਸੀ. ਦੀਆਂ ਧਾਰਾਵਾਂ ਦੇ ਦਾਇਰੇ ਮੁਤਾਬਕ ਹੀ ਕੀਤੀ ਗਈ ਸੀ। ਇਹ ਜਿਕਰਯੋਗ ਹੈ ਕਿ ਇਨ੍ਹਾਂ ਕੇਸਾਂ 'ਚ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 160 ਮੁਲਜਮਾਂ 'ਚੋਂ ਅਜੇ ਤੱਕ ਕਿਸੇ ਨੇ ਵੀ ਕੁੱਟਮਾਰ ਕਰਨ ਜਾਂ ਗ਼ਲਤ ਵਿਵਹਾਰ ਕਰਨ ਦੇ ਦੋਸ਼ ਨਹੀਂ ਲਗਾਏ। ਗ਼ੈਰਕਾਨੂੰਨੀ ਢੰਗ ਨਾਲ ਚੁੱਕਣ ਅਤੇ ਕੁੱਟਮਾਰ ਕਰਨ ਦੇ ਦੋਸ਼ ਝੂਠੇ, ਅਧਾਰਹੀਣ ਅਤੇ ਮਨਘੜਤ ਅਤੇ ਜਾਂਚ ਟੀਮ 'ਤੇ ਦਬਾਅ ਬਣਾਉਣ ਲਈ ਲਾਏ ਗਏ ਹਨ।
ਬਠਿੰਡਾ ਪੁਲਿਸ ਨੂੰ ਗੁਰਦੀਪ ਸਿੰਘ ਦੇ ਕਥਿੱਤ ਤੌਰ ਤੇ ਚੁੱਕੇ ਜਾਣ ਬਾਰੇ ਸਿਵਲ ਹਸਪਤਾਲ ਅਥਾਰਟੀ ਬਠਿੰਡਾ ਅਤੇ 10 ਅਪ੍ਰੈਲ 2021 ਨੂੰ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਾ ਸੀ ਅਤੇ ਉਸ ਤੋਂ ਬਾਅਦ ਉਸਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਇਸ ਘਟਨਾ ਬਾਰੇ ਕੁਝ ਵੀ ਜਾਣਕਾਰੀ ਨਹੀਂ ਸੀ। ਸ਼ਿਕਾਇਤ ਕਰਤਾ ਗੁਰਦੀਪ ਸਿੰਘ ਦੇ ਉਪਰੋਕਤ ਦਰਸਾਏ ਅਨੁਸਾਰ ਬਿਆਨ ਉਲੱਥਾ (ਅੰਗਰੇਜੀ) ਕਰਕੇ ਅਤੇ ਸਬੰਧਤ ਮੈਡੀਕਲ ਅਥਾਰਟੀ ਵੱਲੋਂ ਭੇੇਜੀ ਮੈਡੀਕੋ ਲੀਗਲ ਰਿਪੋਰਟ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਦੇ ਡੀ.ਸੀ.ਪੀ. ਨੂੰ ਉਨ੍ਹਾਂ ਦੇ ਵੱਲੋਂ ਕੀਤੀ ਜਾਣ ਵਾਲੀ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।