ਮੋਦੀ ਵੱਲੋਂ 8ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਪਾਈ ਗਈ, ਕਿਸਾਨ ਬੋਲੇ ਐਮ ਐਸ ਪੀ ਨੂੰ ਕਾਨੂੰਨੀ ਮਾਨਤਾ ਹੀ ਹੋਵੇਗਾ ਕਿਸਾਨਾਂ ਦਾ ਅਸਲ ਸਨਮਾਨ
- ਕਿਸਾਨਾਂ ਦਾ ਅਸਲ ਸਨਮਾਨ ਐਮ ਐਸ ਪੀ ਦੀ ਕਾਨੂੰਨੀ ਹੀ ਹੋਵੇਗਾ : ਆਗੂ
- ਕੇਂਦਰ-ਸਰਕਾਰ ਕਿਸਾਨ-ਅੰਦੋਲਨ ਪ੍ਰਤੀ ਅਖ਼ਤਿਆਰ ਕੀਤੀ ਬੇਰੁਖੀ ਤੋੜੇ : ਆਗੂ
- ਈਦ ਦਾ ਤਿਉਹਾਰ ਮਨਾਇਆ ਗਿਆ
ਨਵੀਂ ਦਿੱਲੀ, 14 ਮਈ 2021 - 169ਵਾਂ ਦਿਨ
ਅੱਜ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 8ਵੀਂ ਕਿਸ਼ਤ ਜਾਰੀ ਕੀਤੀ। ਇਹ ਅਫ਼ਸੋਸ ਦੀ ਗੱਲ ਹੈ ਕਿ ਇੱਕ ਚਲ ਰਹੀ ਯੋਜਨਾ ਨੂੰ ਬਾਰ ਬਾਰ ਇੱਕ ਤਿਉਹਾਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਸਿਰਫ ਆਵਦੀ ਛਵੀ ਨੂੰ ਚਮਕਦਾਰ ਬਣਾਉਣ ਦੀ ਕੋਸ਼ਿਸ਼ ਕਰਨ ਲਈ। ਜਦੋਂਕਿ ਇਸ ਅੰਦੋਲਨ ਦੌਰਾਨ ਤਕਰੀਬਨ 450 ਕਿਸਾਨਾਂ ਦੀ ਸ਼ਹੀਦੀ ਹੋ ਚੁੱਕੀ ਹੈ ਅਤੇ ਕਿਸਾਨ 5 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੜਕਾਂ 'ਤੇ ਸਮਾਂ ਬਿਤਾ ਰਹੇ ਹਨ, ਉਸ ਸਮੇਂ ਸਰਕਾਰ ਇਹ ਕਿਸ਼ਤ ਭੇਜ ਕੇ ਕਿਸਾਨਾਂ ਦਾ ਸਨਮਾਨ ਕਰਨ ਦਾ ਦਿਖਾਵਾ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਇਸ ਨੂੰ ਕਿਸਾਨੀ ਸਨਮਾਨ ਦੀ ਬਜਾਏ ਕਿਸਾਨੀ ਅਪਮਾਨ ਵਜੋਂ ਵੇਖਦਾ ਹੈ। ਕਿਸਾਨਾਂ ਦਾ ਅਸਲ ਸਨਮਾਨ ਤਾਂ ਹੀ ਹੋਵੇਗਾ ਜੇ ਸਾਰੀਆਂ ਫਸਲਾਂ 'ਤੇ ਸਾਰੇ ਕਿਸਾਨਾਂ ਨੂੰ C 2 + 50% ਫਾਰਮੂਲੇ' ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇਗੀ ਅਤੇ ਸਹੀ ਖਰੀਦ ਮਿਲੇਗੀ।
ਇਸ ਸਮੇਂ ਸਾਰੇ ਦੇਸ਼ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਜ਼ਰੂਰਤ ਘੱਟੋ ਘੱਟ ਸਮਰਥਨ ਮੁੱਲ ਹੈ। ਕਿਸਾਨ ਸਖਤ ਮਿਹਨਤ ਕਰਨ ਦੇ ਬਾਵਜੂਦ ਆਪਣੀਆਂ ਫਸਲਾਂ ਦੇ ਭਾਅ ਪ੍ਰਾਪਤ ਨਹੀਂ ਕਰ ਪਾ ਰਹੇ। ਅੱਜ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮਐਸਪੀ ’ਤੇ ਕਣਕ ਦੀ ਖਰੀਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 10% ਵਧੀ ਹੈ। ਸਰਕਾਰ ਨਾ ਤਾਂ ਜਨਤਾ ਨੂੰ ਭਰੋਸਾ ਦਿਵਾ ਸਕੀ ਹੈ ਅਤੇ ਨਾ ਹੀ ਕਿਸਾਨ ਜਥੇਬੰਦੀਆਂ ਨਾਲ ਗਲਬਾਤ ਵਿਚ ਦੱਸ ਸਕੀ ਹੈ ਕਿ ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ 'ਤੇ ਐਮ.ਐੱਸ.ਪੀ. ਮਿਲੇਗੀ। ਜਦੋਂ ਸਰਕਾਰ ਕਹਿੰਦੀ ਹੈ ਕਿ ਮੌਜੂਦਾ ਐਮਐਸਪੀ ਤੇ ਖਰੀਦ ਚਲਦੀ ਰਹੇਗੀ ਤਾਂ ਉਸਦਾ ਸੀਧਾ ਮਤਲੱਬ ਹੈ ਕਿ ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ MSP ਨਹੀਂ ਮਿਲੇਗੀ। ਅੱਜ ਦੇ ਭਾਸ਼ਣ ਵਿੱਚ, ਪ੍ਰਧਾਨ ਮੰਤਰੀ ਨੇ ਸਿਰਫ ਕਣਕ ਦੇ ਐਮਐਸਪੀ ਦੀ ਗੱਲ ਕੀਤੀ ਪਰ ਬਾਕੀ ਫਸਲਾਂ ਦੀਆਂ ਕੀਮਤਾਂ ਦੀ ਲੁੱਟ ਬਾਰੇ ਚੁੱਪ ਰਹੇ।
ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਜਨਤਕ ਵੰਡ ਪ੍ਰਣਾਲੀ ਤਹਿਤ ਭਾਰਤ ਵਿੱਚ ਅਨਾਜ ਦਿੱਤਾ ਜਾ ਰਿਹਾ ਹੈ। ਸਯੁੰਕਤ ਕਿਸਾਨ ਮੋਰਚੇ ਨੇ ਸਰਕਾਰ ਨੂੰ ਸਮਝਾਇਆ ਹੈ ਕਿ ਇਹ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਇਹ ਸਿਸਟਮ ਖ਼ਤਰੇ ਵਿੱਚ ਪੈ ਜਾਵੇਗਾ। ਖੇਤੀ ਸੈਕਟਰ ਵਿਚ ਕਾਰਪੋਰੇਟਸ ਦੇ ਦਾਖਲੇ ਅਤੇ ਜ਼ਰੂਰੀ ਵਸਤੂਆਂ 'ਤੇ ਸਟਾਕ ਲਿਮਟ ਹਟਾਏ ਜਾਣ ਤੋਂ ਬਾਅਦ, ਪੀਡੀਐਸ ਸਿਸਟਮ ਵੀ ਬੰਦ ਹੋ ਜਾਵੇਗਾ ਅਤੇ ਦੇਸ਼ ਦੇ ਬਹੁਤੇ ਗਰੀਬ ਲੋਕ ਭੁੱਖਮਰੀ ਨਾਲ ਮਰ ਜਾਣਗੇ। ਸੰਯੁਕਤ ਕਿਸਾਨ ਮੋਰਚਾ ਦਾ ਸੰਘਰਸ਼ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਜਾਰੀ ਹੈ।
ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦਾ ਨਾਮ ਨਹੀਂ ਲਿਆ। ਸਰਕਾਰ ਪਿਛਲੇ ਸਾਲ ਤੋਂ ਪੰਜ ਮਹੀਨਿਆਂ ਤੋਂ ਸੜਕਾਂ 'ਤੇ ਸਮਾਂ ਬਿਤਾ ਰਹੇ ਕਿਸਾਨਾਂ ਤੋਂ ਸਵੈ-ਮਾਣ ਖੋਹ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ। ਵੱਖ-ਵੱਖ ਸ਼ਬਦਾਂ ਦੀ ਵਰਤੋਂ ਕਰਕੇ ਕਿਸਾਨ ਨੂੰ ਬਦਨਾਮ ਕੀਤਾ ਗਿਆ ਹੈ, ਕਿਸਾਨ ਸਨਮਾਨ ਸ਼ਬਦ ਟੈਲੀਵੀਜ਼ਨ 'ਤੇ ਵਰਤਿਆ ਜਾ ਰਿਹਾ ਹੈ। ਅਸੀਂ ਇਸ ਦੀ ਸਖਤ ਨਿੰਦਾ ਕਰਦੇ ਹਾਂ।
22 ਜਨਵਰੀ ਤੋਂ ਬਾਅਦ ਸਰਕਾਰ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ। ਪ੍ਰਧਾਨ ਮੰਤਰੀ ਦੇ ਅੱਜ ਦੇ ਪ੍ਰੋਗਰਾਮ ਵਿਚ ਵੀ ਕੁਝ ਕਿਸਾਨਾਂ ਨਾਲ ਯੋਜਨਾਬੱਧ ਢੰਗ ਨਾਲ ਪਹਿਲਾਂ ਤੋਂ ਤਿਆਰ ਗੱਲਬਾਤ ਦੇ ਫਾਰਮੈਟ 'ਤੇ ਗੱਲਬਾਤ ਕੀਤੀ ਗਈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੇ।
ਹਰਿਆਣਾ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਕਿਸਾਨ ਵਿਰੋਧੀ ਚਿਹਰਾ ਦਿਖਾਇਆ ਹੈ। ਆਪਣੀਆਂ ਨਾਕਾਮੀ ਨੂੰ ਛੁਪਾਉੱਦਿਆਂ ਖੱਟੜ ਨੇ ਕਿਹਾ ਹੈ ਕਿ ਪਿੰਡਾਂ ਵਿੱਚ ਕਿਸਾਨਾਂ ਕਾਰਨ ਕੋਰੋਨਾ ਫੈਲ ਗਿਆ ਹੈ। ਇਹ ਬਹੁਤ ਹੀ ਨਿੰਦਣਯੋਗ ਬਿਆਨ ਹੈ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਹਰਿਆਣਾ ਸਰਕਾਰ ਕਿਸਾਨਾਂ ਦੀ ਭਾਵਨਾ ਅਤੇ ਉਤਸ਼ਾਹ ਨੂੰ ਤੋੜਨਾ ਚਾਹੁੰਦੀ ਹੈ, ਜਿਸਨੂੰ ਕਿਸਾਨ ਟੁੱਟਣ ਨਹੀਂ ਦੇਣਗੇ।
ਅੱਜ ਸਿੰਘੁ ਬਾਰਡਰ ਤੇ ਈਦ ਦਾ ਤਿਉਹਾਰ ਵੀ ਮਨਾਇਆ ਗਿਆ। ਇਸ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਮੁਸਲਮਾਨ ਭਾਈਚਾਰੇ ਨੇ ਖੁਲ੍ਹੇ ਦਿਲ ਨਾਲ ਸੇਵਾ ਕੀਤੀ ਹੈ। ਲੰਗਰ ਤੋਂ ਲੈ ਕੇ ਹਰ ਛੋਟੇ ਵੱਡੇ ਪ੍ਰਬੰਧ ਵਿੱਚ ਸਹਿਯੋਗ ਦਿੱਤਾ ਹੈ। ਕਿਸਾਨ ਮੋਰਚਿਆਂ ਤੇ ਈਦ ਮਨਾਉਣਾ ਉਹਨਾਂ ਤਾਕਤਾਂ ਨੂੰ ਵੀ ਸਖਤ ਜਵਾਬ ਹੈ ਜੋ ਕਿਸਾਨਾਂ ਨੂੰ ਧਰਮਾਂ ਦੀਆਂ ਨਜ਼ਰਾਂ ਤੋਂ ਵੰਡਣਾ ਚਾਉਂਦੇ ਨੇ।