ਅਸ਼ੋਕ ਵਰਮਾ
ਨਵੀਂ ਦਿੱਲੀ, 22ਅਪਰੈਲ2021: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਪਹੁੰਚੇ ਹਜ਼ਾਰਾਂ ਕਿਸਾਨਾਂ ਵਿਸ਼ੇਸ਼ ਕਰਕੇ ਔਰਤਾਂ ਨੇ ਅੱਜ ਟਿਕਰੀ ਬਾਰਡਰ 'ਤੇ ਪਕੋੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਹੋਈ ਰੈਲੀ ਵਿੱਚ ਵੱਡੀ ਹਾਜ਼ਰੀ ਭਰੀ ਤੇ ਮੋਦੀ ਸਰਕਾਰ ਦੇ ਜਾਬਰ ਮਨਸੂਬਿਆਂ ਨੂੰ ਮਾਤ ਦੇਣ ਲਈ ਡਟਣ ਦਾ ਐਲਾਨ ਕੀਤਾ।ਕਣਕ ਦੀ ਕਟਾਈ ਦੇ ਸੀਜ਼ਨ ਵਿੱਚ ਦਿੱਲੀ ਮੋਰਚਾ ਭੈਣਾਂ ਨੇ ਸਾਂਭਿਆ ਹੀ ਨਹੀਂ ਸਗੋਂ ਸਟੇਜ ਦੀ ਜ਼ਿੰਮੇਵਾਰੀ ਸਮੇਤ ਗੀਤਾ ਅਤੇ ਭਾਸ਼ਣਾ ਦਾ ਦੌਰ ਚਲਾਉਂਦਿਆਂ ਅਤੇ ਮੋਰਚੇ ਨੂੰ ਬਸੰਤੀ ਰੰਗ ਵਿੱਚ ਰੰਗ ਕੇ ਕੋਰੋਨਾ ਬਹਾਨੇ ਅੰਦੋਲਨਕਾਰੀਆਂ ਵਿੱਚ ਨਿਰਾਸ਼ਾ ਫੈਲਾਉਣ ਦੀ ਸਰਕਾਰੀ ਚਾਲ ਗਰਦ ਵਾਂਗ ਉਡਾ ਦਿੱਤੀ।ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਔਰਤਾਂ ਦੇ ਇਕੱਠ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਵਧਾਈ ਦਿੱਤੀ ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਅਗਵਾਈ ਸੌਂਪਣ ਲਈ ਭੈਣਾਂ ਨੂੰ ਤਿਆਰ ਹੋਣ ਲਈ ਕਿਹਾ ।ਉਨ੍ਹਾਂ ਕਿਹਾ ਕਿ ਭੈਣਾਂ ਦਾ ਮੋਰਚੇ ਵਿੱਚ ਆਉਣਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਇਹ ਅੰਦੋਲਨ ਹੁਣ ਪਰਿਵਾਰਾਂ ਦਾ ਅੰਦੋਲਨ ਬਣ ਚੁੱਕਾ ਹੈ । ਉਨ੍ਹਾਂ ਕਿਹਾ ਕਿ ਖੇਤੀ ਅਤੇ ਇੰਡਸਟਰੀ ਦੀ ਇਹ ਮੌਜੂਦਾ ਪ੍ਰਣਾਲੀ ਖੇਤੀ ਦਾ ਸਭ ਕੁਝ ਡਕਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਸਰਮਾਏਦਾਰੀ ਦੇ ਹੱਥਾਂ 'ਚ ਹੋਣ ਕਰਕੇ ਲੁੱਟ ਕਾਰਨ ਦੀ ਮਾਨਤਾ ਪ੍ਰਾਪਤ ਇਕਾਈ ਬਣ ਚੁੱਕੀ ਹੈ ਜੋ ਕੱਚਾ ਮਾਲ ਖ਼ਰੀਦਣ ਸਮੇ ਕਿਸਾਨਾਂ ਨੂੰ ਲੁੱਟਦੀ ਹੈ ਅਤੇ ਤਿਆਰ ਮਾਲ ਸਪਲਾਈ ਕਰਨ ਵੇਲੇ ਖਪਤਕਾਰਾਂ ਦਾ ਖ਼ੂਨ ਨਿਚੋੜਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਹ ਪ੍ਰਣਾਲੀ ਵਪਾਰੀਆਂ ਲਈ ਫਾਇਦੇਮੰਦ ਅਤੇ ਕਿਸਾਨਾਂ ਦੇ ਲਈ ਕਰਜ਼ੇ ਦਾ ਫਾਹਾ ਹੈ ।
ਜਿਲ੍ਹਾ ਮੋਗਾ ਤੋਂ ਔਰਤ ਜਥੇਬੰਦੀ ਦੀ ਆਗੂ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਇਸ ਵੇਲੇ ਮੋਦੀ ਸਰਕਾਰ ਦਿੱਲੀ ਮੋਰਚਿਆਂ ਨੂੰ ਉਖੇੜਨਾ ਚਾਹੁੰਦੀ ਹੈ ਤੇ ਇਹਦੇ ਲਈ ਕੋਰੋਨਾ ਸੰਕਟ ਦੀ ਓਟ ਲੈਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਅੰਦਰ ਡਟੇ ਕਿਸਾਨ ਆਪ ਵੀ ਬਿਮਾਰੀ ਦੇ ਖਤਰੇ ਤੋਂ ਸੁਚੇਤ ਹਨ,ਲੋੜੀਂਦੀਆਂ ਪੇਸ਼ਬੰਦੀਆਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਖੇਤੀ ਕਿੱਤੇ ਦੀ ਰਾਖੀ ਵੀ ਉਨ੍ਹਾਂ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀ ਲੁੱਟ ਤੇਜ਼ ਕਰਨ ਲਈ ਬੋਲਿਆ ਹਮਲਾ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੈ । ਉਨ੍ਹਾਂ ਕਿਹਾ ਕਿ ਇਹ ਹਮਲਾ ਠੱਲ੍ਹਣ ਲਈ ਕਿਸਾਨਾਂ ਖੋਲ੍ਹ ਸੰਘਰਸ਼ ਹੀ ਇੱਕੋ ਇੱਕ ਸਾਧਨ ਹੈ।
ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਵਾਂਗ ਕੋਰੋਨਾ ਵਾਇਰਸ ਦਾ ਹਮਲਾ ਵੀ ਬਹੁਕੌਮੀ ਸਾਮਰਾਜੀ ਕੰਪਨੀਆਂ ਦੇ ਖੇਤੀ ਕਾਰੋਬਾਰਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਵੱਡੇ ਮੁਨਾਫਿਆਂ ਲਈ ਗੈਰ ਕੁਦਰਤੀ ਢੰਗ ਨਾਲ ਖੇਤੀ ਤੇ ਪਸ਼ੂ ਪਾਲਣ ਦੇ ਕਾਰੋਬਾਰਾਂ 'ਚ ਲੱਗੀਆਂ ਇਹ ਕੰਪਨੀਆਂ ਅਜਿਹੇ ਵਾਇਰਸਾਂ ਨੂੰ ਪੈਦਾ ਕਰਨ ਵਾਲੀਆਂ ਹਾਲਤਾਂ ਸਿਰਜਣ ਦੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਆਖ਼ਰ ਨੂੰ ਇਨ੍ਹਾਂ ਬਹੁ ਕੌਮੀ ਕੰਪਨੀਆਂ ਦੇ ਖੇਤੀ ਕਾਰੋਬਾਰਾਂ ਖ਼ਿਲਾਫ਼ ਵੀ ਬਣਦੀ ਹੈ ਤੇ ਅੱਜ ਖੇਤੀ ਕਨੂੰਨਾਂ ਖ਼ਿਲਾਫ਼ ਹੋ ਰਿਹਾ ਸੰਘਰਸ਼ ਵੀ ਇਸੇ ਵੱਡੀ ਜੱਦੋ ਜਹਿਦ ਦਾ ਹਿੱਸਾ ਹੈ ।
ਮਾਨਸਾ ਜਿਲ੍ਹੇ ਤੋਂ ਸਰੋਜ ਕੌਰ ਦਿਆਲਪੁਰਾ ਨੇ ਐਲਾਨ ਕੀਤਾ ਕਿ ਮੋਦੀ ਹਕੂਮਤ ਨੂੰ ਕੋਰੋਨਾ ਦੇ ਬਹਾਨੇ ਸੰਘਰਸ਼ ਕਰਨ ਦਾ ਹੱਕ ਖੋਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਇਹ ਹੱਕ ਹਰ ਤਰ੍ਹਾਂ ਦੀਆਂ ਔਖੀਆਂ ਤੋਂ ਔਖੀਆਂ ਹਾਲਤਾਂ 'ਚ ਵੀ ਪੁਗਾਇਆ ਜਾਵੇਗਾ। ਅਜਿਹੀ ਕਿਸੇ ਵੀ ਹਕੂਮਤੀ ਸਾਜ਼ਿਸ਼ ਦਾ ਡਟਵਾਂ ਜਵਾਬ ਦਿੱਤਾ ਜਾਵੇਗਾ।ਉਨ੍ਹਾਂ ਸੱਦਾ ਦਿੱਤਾ ਕਿ ਵਾਢੀ ਦੇ ਦੌਰਾਨ ਵੀ ਦਿੱਲੀ ਮੋਰਚਿਆਂ ਦੀ ਰਾਖੀ ਖ਼ਾਤਰ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਇੱਥੇ ਹਾਜ਼ਰ ਹੋਣਾ ਚਾਹੀਦਾ ਹੈ।
ਹਰਵਿੰਦਰ ਦੀਵਾਨਾ ਦੀ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਨੇ " ਟੋਆ " ਨਾਟਕ ਦੀ ਪੇਸ਼ਕਾਰੀ ਕੀਤੀ।ਸਟੇਜ ਤੋਂ ਰਾਜ ਕੌਰ ਬਰਾਸ, ਚਰਨਜੀਤ ਕੌਰ ਚੀਕਾ, ਜਸਬੀਰ ਕੌਰ ਉਗਰਾਹਾਂ,ਸੰਦੀਪ ਕੌਰ, ਮਨਪ੍ਰੀਤ ਕੌਰ ਭੈਣੀਬਾਘਾ ਅਤੇ ਗੁਰਪ੍ਰੀਤ ਕੌਰ ਬ੍ਰਾਸ ਨੇ ਸੰਬੋਧਨ ਕੀਤਾ।