ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਸਾਨਾਂ ਦੀ ਹਮਾਇਤ 'ਚ ਆਪਣੇ ਘਰ ਅਤੇ ਦਫ਼ਤਰ 'ਤੇ ਲਗਾਇਆ ਕਾਲਾ ਝੰਡਾ
- ਸੰਘਰਸ਼ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ ਦਾ ਹਰ ਪੱਖੋਂ ਸਾਥ ਦੇਣਾ ਚਾਹੀਦਾ ਹੈ : ਕੁਲਵੰਤ ਸਿੰਘ
ਮੋਹਾਲੀ, 26 ਮਈ 2021 - ਐਸ.ਏ.ਐਸ ਨਗਰ, ਮੁਹਾਲੀ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣੇ ਘਰ ਅਤੇ ਦਫ਼ਤਰ 'ਤੇ ਕਾਲਾ ਝੰਡਾ ਲਗਾਇਆ ਗਿਆ। ਇਸ ਦੌਰਾਨ ਉਹਨਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ 'ਤੇ ਆਪਣੇ ਹੱਕਾਂ ਖ਼ਾਤਰ ਜੰਗ ਲੜ੍ਹ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅੱਜ 6 ਮਹੀਨੇ ਬੀਤ ਗਏ ਹਨ, ਪ੍ਰੰਤੂ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਅੱਤ ਦੀ ਸਰਦੀ ਵਿੱਚ ਸਾਰਾ ਸਿਆਲ ਧਰਨੇ 'ਤੇ ਬੈਠ ਕੇ ਕੱਢਿਆ ਹੈ ਅਤੇ ਹੁਣ ਸਖ਼ਤ ਗਰਮੀ ਵਿੱਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਪਰ ਕੇਂਦਰ ਸਰਕਾਰ ਅਜੇ ਵੀ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦੇ ਰਹੀ। ਸ. ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦ ਗਰੁੱਪ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹੈ ਅਤੇ ਉਹ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਚੱਲਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਲਈ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਹਰ ਪੱਖੋਂ ਸਾਥ ਦਿੱਤਾ ਜਾਵੇ।