ਟਿਕਰੀ ਬਾਰਡਰ ’ਤੇ ਕਿਸਾਨ ਮੋਰਚੇ ’ਚ ਮਹਿਲਾ ਨਾਲ ਜਬਰ ਜਨਾਹ ਮਾਮਲੇ ਵਿਚ 6 ਖਿਲਾਫ ਕੇਸ ਦਰਜ
ਰੋਹਤਕ, 10 ਮਈ, 2021 : ਪੁਲਿਸ ਨੇ ਟਿਕਰੀ ਬਾਰਡਰ’ਤੇ ਕਿਸਾਨ ਮੋਰਚੇ ਦੇ ਟੈਂਟ ਵਿਚ ਇਕ ਔਰਤ ਨਾਲ ਜਬਰ ਜਨਾਹ ਕੀਤੇ ਜਾਣ ਦੇ ਦੋਸ਼ ਵਿਚ ਦੋ ਔਰਤਾਂ ਸਮੇਤ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਿਸ ਥਾਣਾ ਬਹਾਦਰਗੜ੍ਹ ਵਿਖੇ ਐਫ ਆਈ ਆਰ ਨੰਬਰ 203/21 ਅਧੀਨ ਧਾਰਾ 376 ਬੀ, 376 ਡੀ, 120 ਬੀ, 365, 354 ਅਤੇ 342 ਆਈ ਪੀ ਸੀ ਤਹਿਤ ਅਨੂਪ ਚਿਨੌਤ, ਅੰਕੁਸ਼ ਸਾਂਗਵਾਨ, ਜਗਦੀਸ਼ ਬਰਾੜ, ਅਨਿਲ ਮਲਿਕ, ਕਵਿਤਾ ਆਰਿਆ ਤੇ ਯੋਗਿਤਾ ਸੁਹਾਗ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
26 ਸਾਲਾ ਮਹਿਲਾ ਜੋ ਪੱਛਮੀ ਬੰਗਾਲ ਦੀ ਸੀ ਤੇ ਜਿਸਦੀ ਬਾਅਦ ਵਿਚ ਕੋਰੋਨਾ ਨਾਲ ਮੌਤ ਹੋ ਗਈ, ਦੇ ਪਿਤਾ ਨੇ ਦੱਸਿਆ ਕਿ ਉਸ ਨਾਲ ਟਿਕਰੀ ਬਾਰਡਰ ’ਤੇ ਕਿਸਾਨ ਮੋਰਚੇ ਦੇ ਤੰਬੂਆਂ ਵਿਚ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਜਿਹੜੇ 6 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਉਹਨਾਂ ਵਿਚੋਂ 4 ਕਿਸਾਨ ਸੋਸ਼ਲ ਆਰਮੀ ਨਾਲ ਸਬੰਧਤ ਹਨ ਜੋ ਕਿ ਆਪਣੇ ਆਪ ਨੂੰ ਕਿਸਾਨ ਮੋਰਚੇ ਸੋਸ਼ਲ ਮੀਡੀਆ ਵਿੰਗ ਹੋਣ ਦਾ ਦਾਅਵਾ ਕਰਦਾ ਰਿਹਾ ਹੈ .
ਮੋਰਚੇ ਨੇ ਇਸ ਗੱਲ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਕਿਸਾਨ ਸੋਸ਼ਲ ਆਰਮੀ ਉਸਦਾ ਸੋਸ਼ਲ ਮੀਡੀਆ ਵਿੰਗ ਹੈ।
ਮੋਰਚੇ ਨੇ ਇਕ ਬਿਆਨ ਵਿਚ ਮਹਿਲਾ ਦੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਮ੍ਰਿਤਕ ਮਹਿਲਾ ਨੂੰ ਨਿਆਂ ਦੇਣ ਦੇ ਸੰਘਰਸ਼ ਨਾਲ ਖੜ੍ਹਾ ਹੈ। ਉਸਨੇ ਪਹਿਲਾਂ ਹੀ ਕੇਸ ਦੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਹੈ ਤੇ ਉਹ ਮਹਿਲਾ ਨੂੰ ਨਿਆਂ ਦੇਣ ਦੇ ਸੰਘਰਸ਼ ਨੁੰ ਤਰਕਸੰਗਤ ਅੰਤ ਤੱਕ ਲੈ ਕੇ ਜਾਵੇਗਾ।
ਕਿਸਾਨ ਮੋਰਚੇ ਵੱਲੋਂ ਇਸ ਘਟਨਾ ਬਾਰੇ ਜਾਰੀ ਕੀਤਾ ਬਿਆਨ ਪੜ੍ਹੋ :
9 ਮਈ 2021
*ਸਯੁੰਕਤ ਕਿਸਾਨ ਮੋਰਚਾ ਸ਼ਹੀਦ ਔਰਤ ਲਈ ਇਨਸਾਫ ਦੀ ਲੜਾਈ ਦੇ ਨਾਲ ਖੜਾ ਹੈ: ਅੰਦੋਲਨ ਵਿਚ ਕਿਸੇ ਵੀ ਔਰਤ ਨਾਲ ਕਿਸੇ ਵੀ ਕਿਸਮ ਦੀ ਕੋਈ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਏਗੀ*
ਅੱਜ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ, ਪਿਛਲੇ ਮਹੀਨੇ ਟਿਕਰੀ ਬਾਰਡਰ 'ਤੇ ਬੰਗਾਲ ਦੀ ਇਕ ਮਹਿਲਾ ਸਾਥੀ ਨਾਲ ਬਦਸਲੂਕੀ ਦੀ ਖ਼ਬਰਾਂ ਬਾਰੇ ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਇਹ ਆਪਣੀ ਸ਼ਹੀਦ ਔਰਤ ਸਾਥੀ ਲਈ ਨਿਆਂ ਦੀ ਲੜਾਈ ਦੇ ਨਾਲ ਖੜਾ ਹੈ। ਸੰਯੁਕਤ ਕਿਸਾਨ ਮੋਰਚਾ ਇਸ ਕੇਸ ਦੇ ਦੋਸ਼ੀਆਂ ਖ਼ਿਲਾਫ਼ ਪਹਿਲਾਂ ਤੋਂ ਹੀ ਕਾਰਵਾਈ ਕਰ ਰਿਹਾ ਹੈ ਅਤੇ ਅਸੀਂ ਇਨਸਾਫ਼ ਦੀ ਇਸ ਲੜਾਈ ਨੂੰ ਅੰਤ ’ਤੇ ਲੈ ਕੇ ਜਾਵਾਂਗੇ।
ਇਹ ਸਾਥੀ 12 ਅਪ੍ਰੈਲ ਨੂੰ ਟਿਕਰੀ ਬਾਰਡਰ 'ਤੇ "ਕਿਸਾਨ ਸੋਸ਼ਲ ਆਰਮੀ" ਨਾਮ ਦੀ ਜਥੇਬੰਦੀ ਦੇ ਕੁਝ ਕਾਰਕੁਨਾਂ ਦੇ ਨਾਲ ਬੰਗਾਲ ਤੋਂ ਆਈ ਸੀ। ਦਿੱਲੀ ਜਾਂਦੇ ਹੋਏ ਅਤੇ ਦਿੱਲੀ ਪਹੁੰਚਣ ‘ਤੇ ਉਨ੍ਹਾਂ ਨੇ ਉਸ ਨਾਲ ਬਦਸਲੂਕੀ ਕੀਤੀ। ਇੱਕ ਹਫ਼ਤੇ ਬਾਅਦ ਔਰਤ ਨੂੰ ਬੁਖਾਰ ਹੋਇਆ, ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ 30 ਅਪ੍ਰੈਲ ਨੂੰ ਕੋਵਿਡ ਕਾਰਨ ਦੁਖਦਾਈ ਮੌਤ ਹੋ ਗਈ।
ਜਿਵੇਂ ਹੀ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ, ਸੰਯੁਕਤ ਕਿਸਾਨ ਮੋਰਚਾ ਦੀਆਂ ਕਮੇਟੀਆਂ ਨੇ ਇਸ ‘ਤੇ ਵਿਚਾਰ ਕਰਕੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ। ਮੋਰਚੇ ਦੀ ਟਿਕਰੀ ਕਮੇਟੀ ਦੇ ਫੈਸਲੇ ਅਨੁਸਾਰ ਚਾਰ ਦਿਨ ਪਹਿਲਾਂ “ਕਿਸਾਨ ਸੋਸ਼ਲ ਆਰਮੀ” ਨਾਮੀ ਸੰਸਥਾ ਦੇ ਤੰਬੂ ਅਤੇ ਬੈਨਰ ਹਟਾ ਦਿੱਤੇ ਗਏ ਸਨ। ਮੋਰਚੇ ਦੀ ਸਟੇਜ ਤੋਂ, ਇਸ ਘਟਨਾ ਦੇ ਦੋਸ਼ੀਆਂ ਨੂੰ ਅੰਦੋਲਨ ਤੋਂ ਬਾਹਰ ਕਰਨ ਅਤੇ ਉਨ੍ਹਾਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸੰਗਠਨ ਕਦੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਧਿਕਾਰਤ ਪ੍ਰਤੀਨਿਧੀ ਨਹੀਂ ਸੀ, ਅਤੇ ਇਸ ਤੋਂ ਬਾਅਦ ਇਸ ਦੇ ਕਿਸੇ ਵੀ ਹੈਂਡਲ ਦਾ ਸਾਡੀ ਲਹਿਰ ਨਾਲ ਕੋਈ ਸਬੰਧ ਨਹੀਂ ਰਹੇਗਾ।
ਸੰਯੁਕਤ ਕਿਸਾਨ ਮੋਰਚਾ ਨੇ ਔਰਤ ਦੇ ਪਰਿਵਾਰ ਨੂੰ ਪਹਿਲੇ ਦਿਨ ਤੋਂ ਭਰੋਸਾ ਦਿਵਾਇਆ ਹੈ ਕਿ ਉਹ ਇਨਸਾਫ ਲਈ ਇਸ ਮਾਮਲੇ ਵਿੱਚ ਜੋ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਹੈ, ਉਹ ਕਾਰਵਾਈ ਕਰਨ ਲਈ ਆਜ਼ਾਦ ਹਨ, ਅਤੇ ਇਸ ਵਿੱਚ ਸਯੁੰਕਤ ਮੋਰਚਾ ਪੂਰਾ ਸਹਿਯੋਗ ਕਰੇਗਾ। ਕੱਲ੍ਹ 8 ਮਈ ਨੂੰ ਉਸ ਦੇ ਪਿਤਾ ਨੇ ਇਸ ਬਾਰੇ ਬਹਾਦੁਰਗੜ ਪੁਲਿਸ ਥਾਣੇ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਅਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਸਯੁੰਕਤ ਕਿਸਾਨ ਮੋਰਚਾ ਇਸ ਜਾਂਚ ਵਿਚ ਪੁਲਿਸ ਨੂੰ ਪੂਰਾ ਸਹਿਯੋਗ ਦੇਵੇਗਾ ਅਤੇ ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਅਤੇ ਅਗਵਾਈ ਇਸ ਕਿਸਾਨੀ ਲਹਿਰ ਦੀ ਇੱਕ ਵਿਲੱਖਣ ਤਾਕਤ ਹੈ। ਅਸੀਂ ਹਰ ਔਰਤ ਕਿਸਾਨ ਅਤੇ ਔਰਤ ਸੰਸਥਾਵਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਔਰਤ ਦੀ ਆਜ਼ਾਦੀ ਪ੍ਰਭਾਵਤ ਨਹੀਂ ਹੋਏਗੀ ਅਤੇ ਕਿਸੇ ਵੀ ਤਰਾਂ ਦੀ ਦੁਰਵਿਵਹਾਰ ਜਾਂ ਹਿੰਸਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਹਿਰ ਦੀ ਅਗਵਾਈ ਅਤੇ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਔਰਤਾਂ ਨੂੰ ਲਹਿਰ ਵਿਚ ਖੁੱਲ੍ਹੀ ਅਤੇ ਪੂਰੀ ਭਾਗੀਦਾਰੀ ਲਈ ਮਾਹੌਲ ਬਣਾਇਆ ਜਾਵੇ। ਅਜਿਹੀ ਘਟਨਾ ਨੂੰ ਅੱਗੇ ਤੋਂ ਰੋਕਣ ਲਈ, ਸੰਯੁਕਤ ਕਿਸਾਨ ਮੋਰਚਾ ਇਕ ਕਮੇਟੀ ਦਾ ਗਠਨ ਕਰੇਗੀ, ਜਿਸ ਦੇ ਸਾਹਮਣੇ ਔਰਤਾਂ ਤੇ ਹਰ ਤਰ੍ਹਾਂ ਦੇ ਦੁਰਵਿਵਹਾਰ ਦੇ ਕੇਸ ਪੇਸ਼ ਕੀਤੇ ਜਾਣਗੇ।
*ਜਾਰੀਕਰਤਾ* - ਅਭਿਮਨਿਉ ਕੋਹਾੜ, ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ
*ਸੰਯੁਕਤ ਕਿਸਾਨ ਮੋਰਚਾ*
9417269294