ਲੋਕਾਂ ’ਚ ਦਿੱਲੀ ਅੰਦੋਲਨ ਪ੍ਰਤੀ ਅਲਖ਼ ਜਗਾ ਰਿਹੈ ਨੌਜਵਾਨ ਕਿਸਾਨ ਕੁਲਵਿੰਦਰ ਸਿੰਘ
ਮੋਟਰਸਾਇਕਲ ’ਤੇ ਪਿੰਡਾਂ ਅੰਦਰ ਲਾਊਡਸਪੀਕਰ ਜ਼ਰੀਏ ਕਰ ਰਿਹੈ ਪ੍ਰੇਰਿਤ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ 2021-ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਜ਼ਿਲੇ ਦੇ ਪਿੰਡ ਰੱਤਾ ਖੇੜਾ ਦੇ ਨੌਜਵਾਨ ਕਿਸਾਨ ਕੁਲਵਿੰਦਰ ਸਿੰਘ ’ਚ ਜਨੂਨ ਇਸ ਕਦਰ ਹਾਵੀ ਹੈ ਕਿ ਉਹ ਆਪਣੇ ਪੱਧਰ ’ਤੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਲੋਕਾਂ ਅੰਦਰ ਅਲਖ ਜਗਾਉਣ ’ਚ ਜੁਟਿਆ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਕਿਸਾਨ ਆਪਣੇ ਪੱਲਿਓਂ ਮੋਟਰਸਾਇਕਲ ’ਤੇ ਤੇਲ ਪਵਾਉਂਦਾ ਹੈ, ਜਦੋਂਕਿ ਵੱਡੀ ਗੱਲ ਇਹ ਹੈ ਕਿ ਨੌਜਵਾਨ ਪੁੱਤ ਦੇ ਬਿਮਾਰ ਹੋਣ ਦੇ ਬਾਵਜੂਦ ਵੀ ਕੁਲਵਿੰਦਰ ਕਿਸਾਨੀ ਅੰਦੋਲਨ ਪ੍ਰਤੀ ਆਪਣੇ ਜਿੰਮੇਵਾਰੀ ਤੋਂ ਨਹੀਂ ਭੱਜਿਆ, ਸਗੋਂ ਰੋਜ਼ਾਨਾ ਦਰਜਨਾਂ ਪਿੰਡਾਂ ਅੰਦਰ ਹੋਕਾ ਦੇ ਰਿਹਾ ਹੈ।ਤਿੱਖੜ ਗਰਮੀ ਦੇ ਚੱਲਦਿਆਂ ਇਹ ਨੌਜਵਾਨ ਰੋਜ਼ਾਨਾ ਸਵੇਰੇ ਆਪਣੇ ਮੋਟਰਸਾਇਕਲ ’ਤੇ ਘਰੋਂ ਨਿਕਲਦਾ ਹੈ, ਜੋ ਦਿਨ ਢਲਦੇ ਕਈ ਪਿੰਡਾਂ ਅੰਦਰ ਕਿਸਾਨੀ ਸੰਘਰਸ਼ ਪ੍ਰਤੀ ਯੋਗਦਾਨ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਚਾਰ ਮਹੀਨਿਆਂ ਤੋਂ ਇਸ ਕੰਮ ’ਚ ਜੁਟੇ ਕਿਸਾਨ ਕੁਲਵਿੰਦਰ ਸਿੰਘ ਲਈ ਸਥਾਨਕ ਪ੍ਰਸਾਸ਼ਨ ਨੇ ਕਿਸੇ ਕਿਸਮ ਦਾ ਹੀਲ੍ਹਾ ਅਜੇ ਤੱਕ ਨਹੀਂ ਕੀਤਾ ਹੈ।
ਹੁਣ ਤੱਕ 250 ਦੇ ਕਰੀਬ ਪਿੰਡਾਂ ’ਚ ਕਰ ਚੁੱਕੇ ਪ੍ਰਚਾਰ
‘ਬਾਬੂਸ਼ਾਹੀ’ ਨਾਲ ਗੱਲਬਾਤ ਕਰਦਿਆਂ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ ਢਾਈ ਏਕੜ ਜ਼ਮੀਨ ਦਾ ਮਾਲਕ ਹੈ, ਜਿਸ ’ਚੋਂ ਉਸਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੈ ਤੇ ਉਪਰੋਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਖ਼ਤਮ ਹੀ ਕਰ ਦਿੱਤਾ ਹੈ, ਜਿਸ ਕਰਕੇ ਉਸਨੇ ਕਿਸਾਨੀ ਸੰਘਰਸ਼ ਦੀ ਸ਼ਫਲਤਾ ਲਈ ਇਹ ਬੀੜਾ ਚੁੱਕਿਆ ਹੈ। ਕੁਲਵਿੰਦਰ ਨੇ ਦੱਸਿਆ ਕਿ ਉਹ ਰੋਜ਼ਾਨਾ ਘਰੋਂ 7:30 ਵਜੇ ਰਵਾਨਾ ਹੁੰਦਾ ਹੈ ਤੇ 7-8 ਦੇ ਕਰੀਬ ਪਿੰਡਾਂ ਅੰਦਰ ਪ੍ਰਚਾਰ ਕਰਕੇ ਸ਼ਾਮ ਨੂੰ 9 ਕੁ ਦੇ ਕਰੀਬ ਘਰ ਪਰਤਦਾ ਹੈ। ਉਸਨੇ ਦੱਸਿਆ ਕਿ ਪਿੰਡਾਂ ਅੰਦਰ ਲੋਕ ਉਸਦਾ ਸਵਾਗਤ ਕਰਦੇ ਹਨ ਤੇ ਆਪਣੇ ਤੌਰ ’ਤੇ ਪੈਟਰੋਲ ਦੀ ਮਦਦ ਵੀ ਕਰ ਰਹੇ ਹਨ। ਕੁਲਵਿੰਦਰ ਨੇ ਦੱਸਿਆ ਕਿ ਉਹ ਹੁਣ ਤੱਕ ਲੰਬੀ, ਜਲਾਲਾਬਾਦ, ਸ੍ਰੀ ਮੁਕਤਸਰ ਸਾਹਿਬ ਹਲਕਿਆਂ ਦੇ ਕਰੀਬ 250 ਪਿੰਡਾਂ ਅੰਦਰ ਪਹੁੰਚ ਕੇ ਲੋਕਾਂ ਨੂੰ ਦਿੱਲੀ ਸੰਘਰਸ਼ ’ਚ ਸ਼ਮੂਲੀਅਤ ਕਰਨ ਲਈ ਪੇ੍ਰਰਿਤ ਕਰ ਚੁੱਕਾ ਹੈ।
ਪੁੱਤ ਹੈ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ, ਫ਼ਿਰ ਵੀ ਕਿਸਾਨੀ ਸੰਘਰਸ਼ ਦਾ ਸਵਾਰ ਹੈ ਜਨੂਨ
ਕੁਲਵਿੰਦਰ ਨੇ ਦੱਸਿਆ ਕਿ ਉਸਦਾ ਇਕ ਬੇਟਾ ਤੇ ਇਕ ਬੇਟੀ ਹੈ, ਜਿਸ ਵਿਚੋਂ ਉਸਦਾ ਬੇਟਾ ਇਸ ਸਮੇਂ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਚੱਲ ਰਿਹਾ ਹੈ। ਉਸਦਾ ਬੇਟਾ, ਜਿਸਨੂੰ ਕੁੱਝ ਸਮਾਂ ਪਹਿਲਾਂ ਕਰੰਟ ਲੱਗ ਗਿਆ ਸੀ, ਉਸਦੇ ਸਿਰ ’ਤੇ ਗੰਭੀਰ ਸੱਟਾਂ ਵੱਜੀਆਂ ਸਨ, ਜਿਸ ਕਾਰਨ ਉਸਦੇ ਪੁੱਤਰ ਨੂੰ ਦੌਰੇ ਪੈਣ ਦੀ ਸਮੱਸਿਆ ਬਣ ਗਈ ਹੈ। ਉਸਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ, ਇਸ ਲਈ ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨ ਰੱਦ ਕਰਾਉਣ ਲਈ ਉਹ ਜਿੰਨੀ ਹੋ ਸਕੇ, ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਹੈ। ਲੋਕਾਂ ਦੇ ਨਾਂਅ ਸੁਨੇਹਾ ਦਿੰਦਿਆਂ ਕੁਲਵਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਹਰ ਵਰਗ ਲਈ ਘਾਤਕ ਹੈ, ਇਸ ਲਈ ਇਸ ਲੜਾਈ ’ਚ ਹਰ ਵਰਗ ਦਾ ਯੋਗਦਾਨ ਲਾਜ਼ਮੀ ਹੈ।