ਦਿੱਲੀ ਮੋਰਚਾ: ਮਹਿਲਾ ਕਮਿਸ਼ਨ ਦੀ ਚੇਅਰਮੈਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਨਸੀਹਤ
ਅਸ਼ੋਕ ਵਰਮਾ
ਨਵੀਂ ਦਿੱਲੀ,15 ਮਈ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ ਦੀ ਟਿਕਰੀ ਹੱਦ 'ਤੇ ਲਾਇਆ ਪੱਕਾ ਮੋਰਚਾ ਅੱਜ 169ਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ।ਪਕੋੜਾ ਚੌਕ ਲਾਗੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਸ਼ਹੀਦੇ ਆਜਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਸ਼ਹੀਦੀਆਂ ਨਾਲ ਸਬੰਧਤ ਇਨਕਲਾਬੀ ਗੀਤਾਂ ਨਾਲ ਕੀਤੀ ਗਈ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਸੁਦਾਗਰ ਸਿੰਘ ਘੁਡਾਣੀ ਜ਼ਿਲ੍ਹਾ ਲੁਧਿਆਣਾ ਨੇ ਬਾਖੂਬੀ ਨਿਭਾਈ। ਕਿਸਾਨਾ, ਮਜ਼ਦੂਰਾ, ਮਾਵਾ ਭੈਣਾਂ ਅਤੇ ਛੋਟੇ ਕਾਰੋਬਾਰੀਆਂ ਨਾਲ ਖਚਾ ਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਸੁਖਦੇਵ ਜੀ ਦੇ ਜਨਮ ਦਿਨ ਦੀਆ ਮੁਬਾਰਕਾਂ ਦਿੰਦਿਆਂ ਮਹਿਲਾ ਕਮਿਸ਼ਨ ਵੱਲੋਂ ਭੇਜੇ ਹੋਏ ਨੋਟਿਸ ਦੇ ਸਬੰਧ ਵਿੱਚ ਕਿਹਾ ਕਿ ਚੰਗਾ ਹੋਇਆ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਸਾਡੀਆਂ ਮਾਵਾਂ ਭੈਣਾਂ ਦੀ ਯਾਦ ਆਈ ਹੈ।
ਉਨ੍ਹਾਂ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੂੰ ਭੈਣ ਆਖਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਰਭੈ ਕਾਂਡ, ਹਾਥਰਸ ਕਾਂਡ ਅਤੇ ਉਨਾਵ ਕਾਂਡ ਵਰਗੀਆਂ ਦਿਲ ਕੰਬਾਊ ਘਟਨਾਵਾਂ ਬਾਰੇ ਕਿਸੇ ਪ੍ਰਕਾਰ ਦੀ ਜਾਣਕਾਰੀ ਕਿਉਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਫਰੀਦਕੋਟ ਚ' ਸ਼ਰੁਤੀ ਅਗਵਾ ਕਾਂਡ ਅਤੇ ਮੁਕਤਸਰ ਜ਼ਿਲ੍ਹੇ ਅੰਦਰ ਗੰਧੜ ਕਾਂਡ ਵਾਪਰਿਆ ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਕੋਈ ਖ਼ਿਆਲ ਨਹੀਂ ਆਇਆ। ਚੱਲ ਰਹੇ ਮੌਜੂਦਾ ਘੋਲ ਦੌਰਾਨ ਸਿੰਘੁ ਬਾਰਡਰ 'ਤੇ ਨੌੰਦੀਪ ਨਾਮ ਦੀ ਲੜਕੀ 'ਤੇ ਪੁਲੀਸ ਵੱਲੋਂ ਅੰਨਾ ਤਸ਼ੱਦਦ ਕੀਤਾ ਗਿਆ।ਉਸ ਲੜਕੀ ਨੂੰ ਜੇਲ ਅੰਦਰ ਸੁੱਟ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਉਪਰਲੀਆਂ ਘਟਨਾਵਾਂ ਵਾਪਰੀਆਂ ਇਨ੍ਹਾਂ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵੱਡੇ ਪੱਧਰ ਤੇ ਸ਼ੰਘਰਸ਼ ਕਰਕੇ ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਇਆ ਗਿਆ।
ਕਿਸਾਨ ਆਗੂ ਨੇ ਮਹਿਲਾ ਕਮਿਸ਼ਨ ਨੂੰ ਕਿਹਾ ਕਿ ਸਾਡੀ ਭੈਣ ਨੂੰ ਸੰਘਰਸ਼ ਕਰ ਰਹੀਆਂ ਮਾਵਾਂ ਭੈਣਾਂ ਚੇਤੇ ਤਾਂ ਆਈਆਂ ਭਾਵੇਂ ਸਾਢੇ ਪੰਜ ਮਹੀਨੇ ਬਾਅਦ ਆਈਆਂ। ਉਨ੍ਹਾਂ ਕਿਹਾ ਕਿ ਆਪਾਂ ਸਾਰੇ ਦੋ ਤਰਫੀ ਲੜਾਈ ਲੜ ਰਹੇ ਹਾਂ ਇੱਕ ਕਾਲੇ ਕਾਨੂੰਨਾਂ ਦੀ ਅਤੇ ਦੂਜੀ ਕੋਰੋਨਾ ਦੀ ਬਿਮਾਰੀ ਨਾਲ। ਸੂਬਾ ਪ੍ਰਧਾਨ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਐਲਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੀ 26 ਮਈ ਨੂੰ ਮੋਦੀ ਹਕੂਮਤ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਰੋਸ ਵਜੋਂ ਆਪਣੇ ਸਾਰੇ ਘਰਾਂ ਉੱਪਰ ਕਾਲੇ ਝੰਡੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਾਰੇ ਪੰਜਾਬ ਅੰਦਰ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦਿਨ ਕਾਲੇ ਦਿਨ ਵਜੋਂ ਸਾਰੇ ਭਾਰਤ ਅੰਦਰ ਮਨਾਇਆ ਜਾਵੇਗਾ।
ਸੂਬਾ ਕਮੇਟੀ ਵੱਲੋਂ ਡਾ: ਦਵਿੰਦਰ ਧੌਲੇ ਦਾ ਮਾਈ ਭਾਗੋ ਦੀਆਂ ਵਾਰਸਾਂ ਸਬੰਧੀ ਗੀਤ ਦਾ ਪੋਸਟਰ ਰਲੀਜ ਕੀਤਾ ਗਿਆ। ਉਮ ਪ੍ਰਕਾਸ਼ ਰੋਹਤਕ ਨੇ ਕਿਹਾ ਕਿ ਮੌਕੇ ਦੀ ਭਾਜਪਾ ਹਕੂਮਤ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਇਹ ਕਾਲੇ ਕਾਨੂੰਨ ਖ਼ਤਮ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਪੰਡਾਲ 'ਚ ਚੰਡੀਗਡ਼੍ਹ ਤੋਂ ਪੈਦਲ ਤੁਰ ਕੇ ਸੱਤ ਦਿਨਾ 'ਚ ਪਹੁੰਚੇ ਸੁਖਵਿੰਦਰ ਕੌਰ,ਉਨ੍ਹਾਂ ਦੇ ਨੌਜਵਾਨ ਬੇਟਾ ਅਤੇ ਬੇਟੀ ਸ਼ਾਮਿਲ ਹੋਏ। ਜਥੇਬੰਦੀ ਵੱਲੋੱ ਉਨ੍ਹਾਂ ਦਾ ਸਟੇਜ 'ਤੇ ਸਨਮਾਨ ਕੀਤਾ ਗਿਆ। ਸਟੇਜ ਤੋਂ ਅਮਰਜੀਤ ਸਿੰਘ ਸੈਦੋਕੇ (ਮੋਗਾ), ਸਤਪਾਲ ਸਿੰਘ (ਫ਼ਾਜ਼ਿਲਕਾ) ਮਨਜੀਤ ਸਿੰਘ ਘਰਾਚੋਂ (ਸੰਗਰੂਰ) ਬਲਜੀਤ ਕੌਰ ਮਹਿਣਾ (ਮੋਗਾ) ਅਤੇ ਕ੍ਰਿਸ਼ਨ ਛੰਨਾਂ (ਬਰਨਾਲਾ )ਆਦਿ ਨੇ ਵੀ ਸੰਬੋਧਨ ਕੀਤਾ।