ਕੋਰੋਨਾ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਦੂਸਰੀ ਵਾਰ ਫ਼ੇਲ੍ਹ ਹੋਈ ਮੋਦੀ ਸਰਕਾਰ - ਉਗਰਾਹਾਂ
ਅਸ਼ੋਕ ਵਰਮਾ
ਨਵੀਂ ਦਿੱਲੀ, 25 ਅਪਰੈਲ 2021 - ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਰੋਨਾ ਬਿਮਾਰੀ ਤੋਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਲਾਕਡਾਊਨ ਤੋਂ ਇਲਾਵਾ ਸਰਕਾਰ ਨੇ ਪੁਖਤਾ ਪ੍ਰਬੰਧ ਨਹੀਂ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਸਾਰੇ ਲੋਕਾਂ ਦਾ ਟੈਸਟ ਕਰਨ ਤੋਂ ਬਾਅਦ ਸੰਕਰਮਤ ਪਾਏ ਗਏ ਵਿਅਕਤੀਆਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦਾ ਸਰਕਾਰੀ ਤੌਰ ਤੇ ਇਲਾਜ ਕਰਕੇ ਬਿਮਾਰੀ ਤੋਂ ਪਿਛਲੇ ਸਾਲ ਹੀ ਰੋਕਿਆ ਜਾ ਸਕਦਾ ਸੀ ਪਰ ਮੋਦੀ ਹਕੂਮਤ ਨੇ ਇਸ ਬਿਮਾਰੀ ਨੂੰ ਕਾਰਪੋਰੇਟਾਂ ਦੇ ਹਿਤਾਂ ਵਿੱਚ ਵਰਤ ਕੇ ਨਵੇਂ ਕਾਨੂੰਨ ਬਣਾ ਕੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ । ਦਿੱਲੀ ਦੇ ਟਿਕਰੀ ਬਾਰਡਰ 'ਤੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿ ਕੇਂਦਰ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਅੱਜ ਤੋਂ ਸਾਲ ਪਹਿਲਾਂ ਜਦੋਂ ਕਰੋਨਾ ਦੀ ਮਹਾਂਮਾਰੀ ਪਹਿਲੀ ਵਾਰ ਭਾਰਤ ਵਿੱਚ ਆਈ ਤਾ ਸਰਕਾਰ ਨੇ ਲਾਕਡਾਊਨ ਤਿੰਨ ਕਿਸ਼ਤਾਂ ਰਾਹੀਂ ਜਾਰੀ ਕੀਤਾ।
ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਲਈ 15000 ਕਰੋਡ਼ ਦਾ ਨਿਗੂਣਾ ਬਜਟ ਹੀ ਕਰੋਨਾ ਦੇ ਟਾਕਰੇ ਲਈ ਰੱਖਿਆ।ਉਹ ਵੀ ਦੋ ਕਿਸ਼ਤਾਂ ਵਿੱਚ ਜਾਰੀ ਕਰਨ ਦੀ ਹਦਾਇਤ ਕੀਤੀ ਅਤੇ ਤਿੰਨ ਸਾਲਾਂ ਵਿੱਚ ਸਿਰਫ਼ ਕੇਂਦਰੀ ਸਿਹਤ ਸੰਸਥਾਵਾਂ ਵਿੱਚ ਹੀ ਵਰਤਿਆ ਜਾਵੇਗਾ।ਦੂਜੇ ਪਾਸੇ ਕੇਰਲਾ ਸਰਕਾਰ ਨੇ ਸੂਬਾ ਪੱਧਰੀ ਕਰੋਨਾ ਰਾਹਤ ਫੰਡ 20000 ਕਰੋੜ ਰੁਪਏ ਰੱਖਿਆ ਅਤੇ ਵੱਡੇ ਪ੍ਰਬੰਧ ਕਰਕੇ ਕਰੋਨਾ ਤੇ ਕੰਟਰੋਲ ਪੂਰੇ ਦੇਸ਼ ਦੇ ਮੁਕਾਬਲੇ ਵੱਧ ਸਫਲ ਰਿਹਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅੱਜ ਫੇਰ ਦੂਸਰੀ ਵਾਰ ਵੀ ਬਿਮਾਰੀ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਹਸਪਤਾਲ,ਸਿਹਤ ਕਾਮਿਆਂ ਦੀ ਭਰਤੀ,ਆਕਸੀਜਨ ਸਪਲਾਈ ਅਤੇ ਵੈਕਸੀਨ ਦੇ ਪ੍ਰਬੰਧ ਕਰਨ ਵਿੱਚ ਅਸਫ਼ਲ ਹੋਈ ਹੈ ।
ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਆਪਣੀਆਂ ਖਾਮੀਆਂ ਨੂੰ ਛੁਪਾਉਣ ਲਈ ਇਸ ਬਿਮਾਰੀ ਨੂੰ ਫੈਲਾਉਣ ਦੇ ਦੋਸ਼ੀ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ।ਅੰਦੋਲਨ ਨੂੰ ਕਰੋਨਾ ਫੈਲਾਉਣ ਦੇ ਨਾਂ ਹੇਠ ਨਿਸ਼ਾਨਾ ਬਣਾਉਣ ਦੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ।ਕਿਸਾਨ ਹੁਣ ਕਾਨੂੰਨਾਂ ਦੇ ਨਾਲ ਨਾਲ ਕੋਰੋਨਾ ਦਾ ਵੀ ਟਾਕਰਾ ਕਰਨਗੇ।ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਕੋਰੋਨਾ ਬਿਮਾਰੀ ਨੂੰ ਵੀ ਹਰਾਵਾਂਗੇ ਅਤੇ ਕਾਨੂੰਨ ਬਣਾਉਣ ਵਾਲਿਆਂ ਨੂੰ ਵੀ ਹਰਾਵਾਂਗੇ।
ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਬਿਆਨ ਕਿ ਆਕਸੀਜਨ ਸਪਲਾਈ 'ਚ ਵਿਘਨ ਪਾਉਣ ਵਾਲਿਆਂ ਨੂੰ ਫਾਹੇ ਲਾਇਆ ਜਾਵੇਗਾ , ਸਰਕਾਰ ਨੂੰ ਕਲੀਨ ਚਿੱਟ ਦੇਣ ਵਾਲਾ ਸਾਬਤ ਹੁੰਦਾ ਹੈ ਜੋ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਪਾਸਾ ਵੱਟ ਕੇ ਲੋਕਾਂ ਨੂੰ ਕੁੱਟਮਾਰ ਅਤੇ ਜੁਰਮਾਨੇ ਲਾ ਕੇ ਹੁਣ ਫਾਹੇ ਲਾਉਣ ਵਾਲੀਆਂ ਸਜ਼ਾਵਾਂ ਦਾ ਐਲਾਨ ਲੋਕਾਂ ਵਿੱਚ ਆਪਣੀ ਭਰੋਸੇਯੋਗਤਾ ਗਵਾਉਣ ਵਾਲਾ ਹੈ।ਅੱਜ ਦੀ ਸਟੇਜ ਤੋਂ ਮਾਸਟਰ ਨਛੱਤਰ ਸਿੰਘ ਢੱਡੇ, ਮਨੋਹਰ ਸਿੰਘ,ਲਾਭ ਸਿੰਘ, ਗੁਰਭਿੰਦਰ ਸਿੰਘ ਕੋਕਰੀ ਕਲਾਂ, ਪਰਮਜੀਤ ਕੌਰ ਕੌਟੜਾ,ਕਸ਼ਮੀਰ ਸਿੰਘ ਉਗਰਾਹਾਂ, ਸੁਦਾਗਰ ਸਿੰਘ ਘੁਡਾਣੀ,ਜਸਵੰਤ ਸਿੰਘ ਤੋਲੇਵਾਲ,ਬਹਾਦਰ ਸਿੰਘ ਅਤੇ ਹਰਜੀਤ ਕੌਰ ਨੇ ਵੀ ਸੰਬੋਧਨ ਕੀਤਾ।