ਕਿਸਾਨ ਮੋਰਚੇ ਦੇ ਸੱਦੇ 'ਤੇ ਪੰਜਾਬ ਭਰ 'ਚ ਮਨਾਇਆ ਮਜ਼ਦੂਰ ਦਿਵਸ
ਅਸ਼ੋਕ ਵਰਮਾ
ਚੰਡੀਗੜ੍ਹ,1ਮਈ 2021:ਮਈ ਦਿਨ ਵਜੋਂ ਸਥਾਪਿਤ ਦੁਨੀਆਂ ਭਰ 'ਚ ਮਨਾਇਆ ਜਾਂਦਾ ਮਜ਼ਦੂਰ ਦਿਵਸ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਪੰਜਾਬ ਦੇ 16 ਜਿਲ੍ਹਿਆਂ 'ਚ 45 ਤੋਂ ਵੱਧ ਥਾਂਵਾਂ 'ਤੇ ਕਿਸਾਨ ਮਜ਼ਦੂਰ ਏਕਤਾ ਨੂੰ ਸਮਰਪਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਖੇਤ ਮਜਦੂਰ,ਮੁਲਾਜ਼ਮ,ਮਜਦੂਰ,ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਨਾਲ ਬਾਕਾਇਦਾ ਤਾਲਮੇਲ ਰਾਹੀਂ 13 ਜਿਲ੍ਹਿਆਂ 'ਚ 40 ਥਾਂਵਾਂ'ਤੇ ਚੱਲ ਰਹੇ ਪੱਕੇ ਧਰਨਿਆਂ ਤੋਂ ਇਲਾਵਾ ਹੋਰ ਜਿਲ੍ਹਿਆਂ 'ਚ 6 ਥਾਂਵਾਂ 'ਤੇ ਇਸ ਸੰਬੰਧੀ ਕੀਤੇ ਗਏ ਸਮਾਗਮਾਂ ਵਿੱਚ ਕੁੱਲ ਮਿਲਾਕੇ ਹਜ਼ਾਰਾਂ ਲੋਕਾਂ ਨੇ ਭਾਗ ਲਿਆ।
ਸੰਬੋਧਨਕਰਤਾ ਹੋਰ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਹਰਦੀਪ ਸਿੰਘ ਟੱਲੇਵਾਲ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲ਼ਾਝਾੜ ਸਮੇਤ ਸਮੂਹ ਜ਼ਿਲ੍ਹਿਆਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਹਾਜ਼ਰੀਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਪੇਸ਼ ਕੀਤੀ ਗਈ। ਮਨੁੱਖੀ ਹੱਕਾਂ ਦੀ ਰਾਖੀ ਖਾਤਰ ਹਿੰਦ ਦੀ ਚਾਦਰ ਬਣ ਕੇ ਕੀਤੀ ਗਈ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਇਸ ਮੌਕੇ ਕਿਸਾਨੀ /ਜਵਾਨੀ/ਜ਼ਮੀਨਾਂ ਬਚਾਉਣ ਲਈ ਚੱਲ ਰਹੇ ਇਤਿਹਾਸਕ ਸੰਘਰਸ਼ ਨੂੰ ਧਰਮ ਨਿਰਲੇਪ ਪੈਂਤੜੇ 'ਤੇ ਪਹਿਰਾ ਦਿੰਦੇ ਹੋਏ ਅੰਤਿਮ ਜਿੱਤ ਤੱਕ ਲੜਨ ਦਾ ਅਹਿਦ ਕਰਨ ਦਾ ਸੱਦਾ ਦਿੱਤਾ ਗਿਆ।
ਮਈ 1886 'ਚ ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ 8 ਘੰਟੇ ਦੀ ਕੰਮ ਦਿਹਾੜੀ ਦੀ ਹੱਕੀ ਮੰਗ ਖਾਤਰ ਚੱਲੇ ਲਾਮਿਸਾਲ ਲਾਮਬੰਦੀਆਂ ਵਾਲੇ ਸ਼ਾਂਤਮਈ ਮਜ਼ਦੂਰ ਸੰਘਰਸ਼ ਉੱਤੇ ਪਿੰਕਟਰਨ ਘੁਸਪੈਠੀਆਂ ਅਤੇ ਅਮਰੀਕੀ ਸਰਮਾਏਦਾਰਾਂ ਦੀ ਪੁਲਿਸ ਵੱਲੋਂ ਵਹਿਸ਼ੀ ਹਮਲਾ ਬੋਲ ਕੇ ਗੋਲ਼ੀਆਂ ਨਾਲ ਭੁੰਨੇ ਗਏ 6 ਮਜ਼ਦੂਰਾਂ ਅਤੇ ਫਾਂਸੀ ਲਟਕਾਏ ਗਏ 4 ਮਜ਼ਦੂਰ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੌਜੂਦਾ ਘੋਲ਼ ਦੌਰਾਨ ਵੀ ਮੋਦੀ ਭਾਜਪਾ ਹਕੂਮਤ ਦੁਆਰਾ ਅਜਿਹੇ ਘੁਸਪੈਠੀਆਂ ਨੂੰ ਹੱਲਾਸ਼ੇਰੀ ਦੇਣ ਅਤੇ ਖੁਦ ਸਿਖਲਾਈ ਯਾਫ਼ਤਾ ਗੁੰਡਿਆਂ ਨੂੰ ਘੁਸੇੜਨ ਰਾਹੀਂ ਸ਼ਿਕਾਗੋ ਵਰਗੇ ਜਾਬਰ ਹੱਲੇ ਬੋਲਣ ਦੀਆਂ ਸਾਜ਼ਿਸ਼ਾਂ ਬਾਰੇ ਚੁਕੰਨੇ ਕੀਤਾ ਗਿਆ। ਕਰੋਨਾ ਦੀ ਆੜ ਹੇਠ ਕਿਸਾਨ ਮੋਰਚਿਆਂ ਨੂੰ ਖਦੇੜਨ ਦੀਆਂ ਵਿਉਂਤਾਂ ਬਾਰੇ ਵੀ ਚੌਕਸ ਕੀਤਾ ਗਿਆ। ਅਜਿਹੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਕਰਨ ਲਈ ਪੰਜਾਬ ਤੇ ਦਿੱਲੀ ਦੇ ਪੱਕੇ ਮੋਰਚਿਆਂ ਵੱਲ ਪਰਵਾਰਾਂ ਸਮੇਤ ਵਹੀਰਾਂ ਘੱਤਣ ਦਾ ਸੱਦਾ ਦਿੱਤਾ ਗਿਆ।