ਸ਼ਹਿਰੀ ਲੋਕਾਂ 'ਤੇ ਲਾਈਆਂ ਪਾਬੰਦੀਆਂ ਵਿਰੁੱਧ ਦੁਕਾਨਦਾਰਾਂ ਨੂੰ ਉੱਠਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ, 8 ਮਈ 2021 - ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਕਰੋਨਾ ਮਹਾਮਾਰੀ ਨੂੰ ਰੋਕਣ ਦੇ ਨਾਂ ਹੇਠ ਸ਼ਹਿਰੀ ਲੋਕਾਂ 'ਤੇ ਮੜ੍ਹੀਆਂ ਜਬਰੀ ਪਾਬੰਦੀਆਂ ਵਿਰੁੱਧ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਹਿਰ ਵਿਚ ਮਾਰਚ ਕੀਤਾ ਗਿਆ ਕਿਉਂਕਿ ਇਹ ਪਾਬੰਦੀਆਂ ਸ਼ਹਿਰੀ ਲੋਕਾਂ ਦੇ ਕਾਰੋਬਾਰ ਨੂੰ ਤਬਾਹ ਕਰ ਦੇਣਗੀਆਂ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਜਵੰਦਾ ਨੇ ਮੋਦੀ ਹਕੂਮਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਅਸਲ ਵਿਚ ਸਰਕਾਰਾਂ ਕਰੋਨਾ ਮਹਾਮਾਰੀ ਨੂੰ ਰੋਕਣ ਅਸਫਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਲਾਊਕਡਾਊਨ ਵਰਗੇ ਲੋਕ ਵਿਰੋਧੀ ਕਦਮ ਚੁੱਕ ਕੇ ਲੋਕਾਂ ਦਾ ਨੱਕ ਵਿਚ ਦਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ ਕਦਮ ਵਿਉਪਾਰੀਆ,ਛੋਟੇ ਕਾਰੋਬਾਰੀਆਂ,ਦੁਕਾਨਦਾਰਾਂ ਅਗੇ ਸ਼ਹਿਰੀ ਗਰੀਬ ਲੋਕਾਂ ਦੀ ਜਿੰਦਗੀ ਨੂੰ ਵੀ ਤਬਾਹ ਕਰ ਦੇਣਗੇ। ਦੋਵਾਂ ਜੱਥੇਬੰਦੀਆਂ ਵੱਲੋਂ ਸ਼ਹਿਰੀ ਲੋਕਾਂ ਦੇ ਹੱਕ ਵਿੱਚ ਮੁਜਾਹਰਾ ਕਰਕੇ ਦੁਕਾਨਦਾਰਾਂ ਨੂੰ ਇਨਾਂ ਪਾਬੰਦੀਆਂ ਵਿਰੁੱਧ ਉਠ ਖੜ੍ਹੇ ਹੋਣ ਦਾ ਸੱਦਾ ਦਿੱਤਾ ਗਿਆ।