ਕਿਰਤੀ ਕਿਸਾਨ ਯੂਨੀਅਨ ਵਲੋਂ 26-27 ਮਈ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ
ਨਵਾਂਸ਼ਹਿਰ 22 ਮਈ 2021 - ਕਿਰਤੀ ਕਿਸਾਨ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ. ਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਮੰਗ ਨੂੰ ਲੈਕੇ 26 ਅਤੇ 27 ਮਈ ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ।ਇਹ ਫੈਸਲਾ ਅੱਜ ਇੱਥੇ ਸੁਰਿੰਦਰ ਸਿੰਘ ਮਹਿਰਮਪੁਰ ਦੀ ਪ੍ਰਧਾਨਗੀ ਹੇਠ ਯੂਨੀਅਨ ਦੀ ਜਿਲਾ ਕਮੇਟੀ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਸੂਬੇ ਭਰ ਵਿਚ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ।
ਜਿਸ ਤਹਿਤ 26 ਮਈ ਨੂੰ ਨਵਾਂਸ਼ਹਿਰ ਇਲਾਕੇ ਵਿਚ ,27 ਮਈ ਨੂੰ ਬੰਗਾ ਅਤੇ ਔੜ ਇਲਾਕਿਆਂ ਵਿਚ ਟਰੈਕਟਰ ਮਾਰਚ ਕੱਢੇ ਜਾਣਗੇ।ਇਹਨਾਂ ਦੀ ਤਿਆਰੀ ਲਈ ਇਲਾਕਾ ਕਮੇਟੀਆਂ ਅਤੇ ਪਿੰਡਾਂ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ।ਇਹਨਾਂ ਟਰੈਕਟਰ ਮਾਰਚਾਂ ਵਿਚ ਟਰੈਕਟਰਾਂ ਅਤੇ ਕਿਸਾਨਾਂ ਦੀ ਜੋਰਦਾਰ ਸ਼ਮੂਲੀਅਤ ਕਰਵਾਈ ਜਾਵੇਗੀ ਤਾਂ ਕਿ ਮਚਲੀ ਮੋਦੀ ਸਰਕਾਰ ਨੂੰ ਹਲੂਣਾ ਦਿੱਤਾ ਜਾ ਸਕੇ।ਉਹਨਾਂ ਕਿਹਾ ਕਿ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ ਅਤੇ ਉਹਨਾਂ ਦਾ ਜਜ਼ਬਾ ਠਾਠਾਂ ਮਾਰ ਰਿਹਾ ਹੈ।ਕਿਸਾਨ ਮੋਦੀ ਸਰਕਾਰ ਦੀ ਇਸ ਮੋਰਚੇ ਨੂੰ ਫੇਹਲ ਕਰਨ ਦੀ ਹਰ ਸਾਜਿਸ਼ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ।ਸੰਯੁਕਤ ਕਿਸਾਨ ਮੋਰਚਾ ਨੇ ਪਹਿਲੇ ਦਿਨ ਤੋਂ ਹੀ ਲੰਮਾ ਦੰਮ ਰੱਖਕੇ ਇਸ ਘੋਲ ਨੂੰ ਅਰੰਭਿਆ ਸੀ।ਉਹਨਾਂ ਜਿਲਾ ਆਗੂਆਂ ਨੂੰ ਕਿਹਾ ਕਿ ਉਹ ਟਰੈਕਟਰ ਮਾਰਚ ਦੀ ਸਫਲਤਾ ਲਈ ਦਿਨ ਰਾਤ ਇਕ ਕਰ ਦੇਣ।
ਇਸ ਮੀਟਿੰਗ ਵਿਚ ਅਵਤਾਰ ਸਿੰਘ ਕੱਟ, ਮੱਖਣ ਸਿੰਘ ਭਾਨ ਮਜਾਰਾ, ਬੂਟਾ ਸਿੰਘ ਮਹਿਮੂਦ ਪੁਰ,ਪਰਮਜੀਤ ਸਿੰਘ ਸ਼ਹਾਬਪੁਰ, ਰਘਵੀਰ ਸਿੰਘ ਉਸਮਾਨ ਪੁਰ ਆਗੂ ਸ਼ਾਮਲ ਸਨ।