ਨਵੀਂ ਦਿੱਲੀ, 24 ਅਪ੍ਰੈਲ 2021 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅੱਜ ਦਿੱਲੀ ਵਿਚ 26 ਜਨਵਰੀ ਦੇ ਲਾਲ ਕਿਲੇ ਮਾਮਲੇ ਵਿਚ ਗ੍ਰਿਫਤਾਰ ਦੋ ਹੋਰ ਨੌਜਵਾਨਾਂ ਨੂੰ ਜ਼ਮਾਨਤ ਮਿਲ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਇਹ ਨੌਜਵਾਨ ਹਰਜੋਤ ਸਿੰਘ ਤੇ ਜਸਪ੍ਰੀਤ ਸਿੰਘ ਪੁਲਿਸ ਥਾਣਾ ਕੋਤਵਾਲੀ ਵੱਲੋਂ ਦਰਜ ਐਫ ਆਈ ਆਰ ਨੰਬਰ 96/2021 ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੀ ਲੀਗਲ ਟੀਮ ਜਿਸ ਵਿਚ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੋਂ ਇਲਾਵਾ ਐਡਵੋਕੇਟ ਜਸਪ੍ਰੀਤ ਸਿੰ ਰਾਏ, ਜਸਦੀਪ ਸਿੰਘ ਢਿੱਲੋਂ, ਵਰਿੰਦਰ ਸੰਧੂ, ਰਾਹੁਲ ਸਹਿਗਲ, ਨਿਤਿਨ ਕੁਮਾਰ ਤੇ ਹਰਮਨ ਬਰਾੜ ਸ਼ਾਮਲ ਸਨ, ਨੇ ਇਹ ਕੇਸ ਅਦਾਲਤ ਵਿਚ ਲੜਿਆ ਤੇ ਅਦਾਲਤ ਨੇ ਉਹਨਾਂ ਦੀਆਂ ਦਲੀਲਾਂ ਨੁੰ ਸਹਿਮਤ ਹੁੰਦਿਆਂ ਦੋਵਾਂ ਨੌਜਵਾਨਾਂ ਨੁੰ ਜ਼ਮਾਨਤ ਦੇ ਦਿੱਤੀ।
ਸਿਰਸਾ ਨੇ ਜਿਥੇ ਇਹਨਾਂ ਵਕੀਲਾਂ ਦਾ ਧੰਨਵਾਦ ਕੀਤਾ, ਉਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਨੁੰ ਆਸ਼ੀਰਵਾਦ ਤੇ ਅਸੀਸਾਂ ਦੇਣ ਵਾਲੀਆਂ ਮਾਵਾਂ ਦਾ ਧੰਨਵਾਦ ਕੀਤਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਇਹਨਾਂ ਦੀਆਂ ਦੁਆਵਾਂ ਸਦਕਾ ਦਿੱਲੀ ਗੁਰਦੁਆਰਾ ਕਮੇਟੀ ਨੂੰ ਇਹਨਾਂ ਯਤਨਾਂ ਵਿਚ ਕਾਮਯਾਬੀ ਮਿਲ ਰਹੀ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਜਿਥੇ ਇਹ ਦੋਵੇਂ ਨੌਜਵਾਨ ਜਲਦ ਹੀ ਤਿਹਾੜ ਜੇਲ ਵਿਚੋਂ ਬਾਹਰ ਹੋਣਗੇ, ਉਥੇ ਹੀ ਅਦਾਕਾਰ ਦੀਪ ਸਿੱਧੂ ਦੇ ਮਾਮਲੇ ਵਿਚ ਅੱਜ ਅਦਾਲਤ ਨੇ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਤੇ ਸੋਮਵਾਰ ਨੁੰ ਉਸਦੀ ਜ਼ਮਾਨਤ ਹੋਣ ਦੇ ਪੂਰੇ ਆਸਾਰ ਹਨ। ਉਹਨਾਂ ਕਿਹਾ ਕਿ ਅਸੀਂ ਇਹਨਾਂ ਨੌਜਵਾਨਾਂ ਦੇ ਕੇਸ ਇਹਨਾਂ ਦੇ ਬਰੀ ਹੋਣ ਤੱਕ ਲੜਦੇ ਰਹਾਂਗੇ ਤੇ ਯਕੀਨੀ ਬਣਾਵਾਂਗੇ ਕਿ ਇਹ ਸਾਰੇ ਬਾਇੱਜ਼ਤ ਬਰੀ ਹੋ ਜਾਣ।