ਪ੍ਰੈਸ ਕਲੱਬ ਬਰਨਾਲਾ ਵੱਲੋਂ ਕਿਸਾਨ ਸੰਘਰਸ਼ ਨੂੰ ਭਰਾਤਰੀ ਤੇ ਆਰਥਿਕ ਥਾਪੜਾ
ਅਸ਼ੋਕ ਵਰਮਾ
ਬਰਨਾਲਾ: 30 ਅਪਰੈਲ 2021 :ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ ਆਪਣੇ 212ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਵਿੱਚ ਬਰਨਾਲਾ ਪ੍ਰੈੱਸ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਅਸ਼ੀਸ਼ ਪਾਲਕੋ, ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ ਤੇ ਨਵੇਂ ਚੁਣੇ ਖਜਾਨਚੀ ਕਰਨਪ੍ਰੀਤ ਧੰਦਰਾਲ ਸਾਰੇ ਕਲੱਬ ਮੈਂਬਰਾਂ ਸਮੇਤ ਧਰਨੇ 'ਚ ਸ਼ਾਮਲ ਹੋਏ। ਪੱਤਰਕਾਰ ਭਾਈਚਾਰੇ ਤਰਫੋਂ ਹਰਜਿੰਦਰ ਸਿੰਘ ਪੱਪੂ ਨੇ ਕਿਸਾਨ ਸਰਗਰਮੀਆਂ ਦੀ ਕਵਰੇਜ਼ ਪ੍ਰਮੁੱਖਤਾ ਨਾਲ ਕਰਦੇ ਰਹਿਣ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਹਰ ਤਰ੍ਹਾਂ ਦੀ ਮਦਦ ਦਾ ਵੀ ਭਰੋਸਾ ਦਿਵਾਇਆ। ਪ੍ਰੈੱਸ ਕਲੱਬ ਨੇ ਸੰਚਾਲਨ ਕਮੇਟੀ ਨੂੰ 5000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਸੰਚਾਲਨ ਕਮੇਟੀ ਨੇ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਕੁਲ ਹਿੰਦ ਕਿਸਾਨ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਜੋਗਿੰਦਰ ਦਿਆਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਅੱਜ ਧਰਨੇ ਵਿੱਚ ਇੱਕ ਤਰੀਕ ਨੂੰ ਮਈ ਦਿਵਸ ਅਤੇ ਸ੍ਰੀ ਗੁਰੁ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਵਸ ਮਨਾਉਣ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ। ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਅਮਰਜੀਤ ਕੌਰ, ਬਾਬੂ ਸਿੰਘ ਖੁੱਡੀ ਕਲਾਂ, ਨਰੈਣ ਦੱਤ,ਜਗਸੀਰ ਸਿੰਘ ਸ਼ੀਰਾ, ਸਰਪੰਚ ਸਿੰਘ ਸਿਕੰਦਰ ਸਿੰਘ, ਚਰਨਜੀਤ ਕੌਰ, ਗੁਰਦਰਸ਼ਨ ਸਿੰਘ ਦਿਉਲ ਤੇ ਬਲਵੀਰ ਸੇਖਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਇੱਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੈ। ਸੰਨ 1886 ਦੇ ਇਸ ਦਿਵਸ 'ਤੇ ਸ਼ਿਕਾਗੋ 'ਚ ਮਜਦੂਰਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਅੱਠ ਘੰਟੇ ਦੀ ਦਿਹਾੜੀ ਦੀ ਮੰਗ ਮਨਵਾਈ ਸੀ। ਉਨ੍ਹਾਂ ਕਿਹਾ ਕਿ ਮਜਦੂਰਾਂ ਵੱਲੋਂ ਇਸ ਤਰ੍ਹਾਂ ਆਪਣਾ ਖੂਨ ਦੇ ਕੇ ਹਾਸਲ ਕੀਤੇ ਕਿਰਤ ਅਧਿਕਾਰਾਂ ਨੂੰ ਹੁਣ ਛਾਂਗਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 40 ਤੋਂ ਵੱਧ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਸਿਰਫ ਚਾਰ ਕੋਡ ਬਣਾ ਦਿੱਤੇ ਗਏ ਹਨ। ਕੱਲ੍ਹ ਨੂੰ ਮਜਦੂਰਾਂ ਨੂੰ ਵੱਧ ਤੋਂ ਵੱਧ ਤੋਂ ਗਿਣਤੀ 'ਕਿਸਾਨ ਧਰਨਿਆਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ੍ਹ ਦੋ ਵਜੇ ਸ਼ਹਿਰ ਵਿੱਚ ਮਈ ਦਿਵਸ ਨੂੰ ਸਮਰਪਿਤ ਜੋਸ਼ੀਲਾ ਮਾਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਤਰੀਕ ਨੂੰ ਸਾਡੇ ਮਹਾਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਪ੍ਰਕਾਸ਼ ਦਿਵਸ ਵੀ ਹੈ। ਇਸ ਮੌਕੇ ਗੁਰੂ ਜੀ ਦੀਆਂ ਸਿਖਿਆਵਾਂ ਤੇ ਕੁਰਬਾਨੀ ਬਾਰੇ ਚਰਚਾ ਕੀਤੀ ਜਾਵੇਗੀ। ਕਿਸਾਨ ਅੰਦੋਲਨ ਲਈ ਉਨ੍ਹਾਂ ਦੀ ਕੁਰਬਾਨੀ ਸਾਡੇ ਲਈ ਪ੍ਰੇਰਨਾ ਸਰੋਤ ਹੈ।ਅੱਜ ਰਾਜਵਿੰਦਰ ਸਿੰਘ ਮੱਲੀ, ਨਛੱਤਰ ਸਿੰਘ ਸਾਹੌਰ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।