ਕਿਸਾਨ ਮੋਰਚੇ ਦੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 26 ਮਈ 2021 - ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰਾਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਰੰਭ ਕੀਤੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਣ ਤੇ ਘਰਾਂ ਵਿੱਚ ਕਾਲੇ ਝੰਡੇ ਲਹਿਰਾੳੁਣ ਦੇ ਦਿੱਤੇ ਸੱਦੇ ਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਕੁੱਲ ਹਿੰਦ ਕਿਸਾਨ ਸਭਾ ਦੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਕਿਸਾਨ ਸੰਘਰਸ਼ ਕਮੇਟੀ ਰਾਜੇਵਾਲ ਦੇ ਸਤਨਾਮ ਸਿੰਘ ਸਾਬੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ ਆਦਿ ਨੇ ਅੱਜ ਤਹਿਸੀਲ ਕੰਪਲੈਕਸ ਦੇ ਬਾਹਰ ਮੋਦੀ ਸਰਕਾਰ ਵਿਰੁੱਧ ਧਰਨਾ ਦੇ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਣ ਸਮੇਂ ਵੱਖ ਵੱਖ ਆਗੂਆਂ ਐਡ. ਰਜਿੰਦਰ ਸਿੰਘ ਰਾਣਾ ਤੇ ਐਡ. ਸਤਨਾਮ ਸਿੰਘ ਮੋਮੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਦਿੱਲੀ ਬਾਰਡਰਾਂ ਤੇ ਸ਼ੁਰੂ ਕੀਤੇ ਹੋਏ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਇਨ੍ਹਾਂ 6 ਮਹੀਨਿਆਂ ਵਿੱਚ ਮੋਦੀ ਸਰਕਾਰ ਨੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਢੇ ਅਜ਼ਮਾਏ ਪ੍ਰੰਤੂ ਹਰ ਵਾਰ ਫੇਲ੍ਹ ਹੋਣ ਤੋਂ ਬਾਅਦ ਵੀ ਮੋਦੀ ਸਰਕਾਰ ਨੂੰ ਅਕਲ ਨਹੀਂ ਆਈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਮੋਦੀ ਸਰਕਾਰ ਦੇ ਪਤਨ ਉਪਰੰਤ ਹੀ ਖਤਮ ਹੋਵੇਗਾ।
ਕਾਮਰੇਡ ਬਲਦੇਵ ਸਿੰਘ ਨੇ ਕਿਹਾ ਇਹ ਸੱਤਾ ਦੇ ਨਸ਼ੇ ਵਿੱਚ ਚੂਰ ਅਹੰਕਾਰ 'ਚ ਡੁੱਬੀ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਦਰਦ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਅੱਜ ਸੰਘਰਸ਼ ਨੂੰ ਸ਼ੁਰੂ ਹੋਇਆ 6 ਮਹੀਨੇ ਹੋ ਗਏ ਹਨ ਇਨ੍ਹਾਂ 6 ਮਹੀਨਿਆਂ ਵਿਚ ਚੱਲੇ ਅੰਦੋਲਨ ਵਿੱਚ 400 ਦੇ ਕਰੀਬ ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਪ੍ਰੰਤੂ ਸੰਘਰਸ਼ ਬਾ-ਦਸਤੂਰ ਚਲ ਰਿਹਾ ਹੈ।ਸੁਰਜੀਤ ਸਿੰਘ ਟਿੱਬਾ ਤੇ ਅਮਰਜੀਤ ਸਿੰਘ ਜੇਈ ਨੇ ਕਿਹਾ ਕਿ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ਤੇ ਕਿਸਾਨੀ ਅੰਦੋਲਨ ਨੂੰ ਚਲਦਿਆਂ 6 ਮਹੀਨੇ ਬੀਤ ਚੁੱਕੇ ਹਨ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ 7 ਸਾਲ ਦਾ ਸਮਾਂ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਜੇ ਕੋਈ ਆਕੜ ਅਤੇ ਹੰਕਾਰ ਵਿੱਚ ਅੰਨ੍ਹਾ ਹੋਇਆ ਹਾਕਮ ਇਹ ਸਮਝ ਲਵੇ ਕਿ ਲੋਕਾਂ ਨੂੰ ਉਸ ਨੇ ਗੁਲਾਮ ਬਣਾ ਲਿਆ ਹੈ ਤੇ ਇਹ ਉਸ ਦੀ ਸਭ ਤੋਂ ਵੱਡੀ ਗਲਤ ਫਹਿਮੀ ਹੈ। ਗੁਰੂ ਸਾਹਿਬ ਉਸ ਦਾ ਹੰਕਾਰ ਜ਼ਰੂਰ ਤੋੜਨਗੇ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਅਤੇ ਡਰਾਉਣ ਦੀ ਸਾਜ਼ਿਸ਼ ਬੰਦ ਕੀਤੀ ਜਾਵੇ ਨਹੀਂ ਤਾਂ ਕਿਸਾਨ ਮੋਦੀ ਸਰਕਾਰ ਦਾ ਬਾਕੀ ਬਚਿਆ ਕਾਰਜਕਾਲ ਨੂੰ ਪੂਰਾ ਕਰਨ ਵਿੱਚ ਨੱਕ ਚ ਦਮ ਕਰ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਜਰਨੈਲ ਸਿੰਘ ਸੰਧਾ, ਐਡਵੋਕੇਟ ਜਸਪਾਲ ਸਿੰਘ ਧੰਜੂ, ਐਡਵੋਕੇਟ ਤਰੁਣ ਕੰਬੋਜ, ਐਡਵੋਕੇਟ ਪਰਮਿੰਦਰ ਨੰਡਾ, ਐਡਵੋਕੇਟ ਗੁਰਮੀਤ ਸਿੰਘ ਢਿੱਲੋਂ, ਐਡਵੋਕੇਟ ਕੇਹਰ ਸਿੰਘ, ਐਡਵੋਕੇਟ ਸ਼ਿੰਗਾਰਾ ਸਿੰਘ, ਕੇਹਰ ਸਿੰਘ ਜਨਰਲ ਸਕੱਤਰ, ਮਦਨ ਲਾਲ, ਐਡਵੋਕੇਟ ਰਾਜਵਿੰਦਰ ਕੌਰ ਸੰਧਾ, ਐਡਵੋਕੇਟ ਭੁਪਿੰਦਰ ਕੌਰ, ਜਸਪਾਲ ਸਿੰਘ ਲੱਕੀ, ਸੂਰਜ ਕੁਮਾਰ , ਸੁਖਵਿੰਦਰ ਸਿੰਘ, ਮਲਕੀਤ ਸਿੰਘ, ਕਾਮਰੇਡ ਬਲਦੇਵ ਸਿੰਘ, ਬਸੰਤ ਸਿੰਘ, ਕਰਮਜੀਤ ਕੌਰ, ਸੁਰਜੀਤ ਸਿੰਘ ਟਿੱਬਾ, ਜਸਵੰਤ ਸਿੰਘ, ਨਰਿੰਦਰ ਸਿੰਘ, ਜਸਬੀਰ ਸਿੰਘ ਜੋਸਨ ਆਦਿ ਵੀ ਹਾਜ਼ਰ ਸਨ।