ਮੋਦੀ ਸਰਕਾਰ ਵੱਲੋਂ ਲਏ ਪੈਂਤੜੇ ਵੀ ਸੰਘਰਸ਼ ਨੂੰ ਨਹੀਂ ਕਰ ਸਕੇ ਕੰਮਜੋਰ- ਹਰਿੰਦਰ ਬਿੰਦੂ
ਅਸ਼ੋਕ ਵਰਮਾ
ਨਵੀਂ ਦਿੱਲੀ, 7 ਮਈ 2021:ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚੇ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਦੇ ਕਿਸਾਨਾਂ,ਮਜ਼ਦੂਰਾਂ,ਔਰਤਾਂ ਅਤੇ ਛੋਟੇ ਕਾਰੋਬਾਰੀਆਂ ਨਾਲ ਖਚਾ ਖੱਚ ਭਰੇ ਪੰਡਾਲ ਨੂੰ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਸਾਡੀਆਂ ਨੌਜਵਾਨ ਭੈਣਾਂ,ਬਜ਼ੁਰਗ ਮਾਵਾਂ ਮੋਰਚੇ ਵਿੱਚ ਡਟੀਆਂ ਬੈਠੀਆਂ ਹਨ ਸਾਰੀਆਂ ਦੁੱਖ ਤਕਲੀਫ਼ਾਂ ਉਨ੍ਹਾਂ ਨੇ ਆਪਣੇ ਸਰੀਰ 'ਤੇ ਝੱਲੀਆਂ ਅਤੇ ਮੋਦੀ ਹਕੂਮਤ ਸ਼ੰਘਰਸ਼ ਨੂੰ ਕਮਜ਼ੋਰ ਨਹੀਂ ਕਰ ਸਕੀ।
ਉਨ੍ਹਾਂ ਕਿਹਾ ਕਿ 8 ਮਾਰਚ ਨੂੰ ਰਿਕਾਰਡ ਤੋੜ ਇਕੱਠ ਕਰਕੇ ਅਤੇ ਵੱਡੀ ਮਾਤਰਾ 'ਚ ਫੰਡ ਦੇ ਕੇ ਕੌਮੀ ਔਰਤ ਦਿਹਾੜਾ ਮਨਾਇਆ ਤਾਂ ਵੱਡੇ ਵੱਡੇ ਬੁੱਧੀਜੀਵੀਆਂ ਨੂੰ ਸੋਚਣ ਲਈ ਮਜਬੂਰ ਕਰਿਆ ਹੈ। ਉਨ੍ਹਾਂ ਕਿਹਾ ਕਿ ਗਾਤਾਰ ਇਕੱਠ ਵਿੱਚ ਆਉਣ ਨਾਲ ਸਾਡੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮਰਦ ਪ੍ਰਧਾਨ ਸਮਾਜ ਵਿੱਚ ਹੱਕਾਂ ਲਈ ਔਰਤਾਂ ਨੂੰ ਲਗਾਤਾਰ ਸੰਘਰਸ਼ ਕਰਨੇ ਪੈਂਦੇ ਹਨ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਡੇ ਬਾਬੇ ਨਾਨਕ ਨੇ ਵੀ ਕਿਰਤੀ ਲੋਕਾਂ ਦੇ ਹੱਕ 'ਚ ਨਾਅਰਾ ਮਾਰਿਆ ਅਤੇ ਸਮੇਂ ਦੀਆਂ ਜਾਬਰ ਹਕੂਮਤਾਂ ਖਿਲਾਫ ਨਾਹਰਾ ਦਿੱਤਾ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ ਜਾਂ ਰਾਜੇ ਸ਼ੀਂਹ ਮਕੱਦਮ ਕੁਤੇ ਜਾਇ ਜਗਾਇਨਿ ਬੈਠੇ ਸੁੱਤੇ ਸਮੇਂ ਦੀਆਂ ਸਰਕਾਰਾਂ ਦੇ ਖ਼ਿਲਾਫ਼ ਬਾਣੀ ਦੇ ਇਹ ਸ਼ਬਦ " ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ " ਬੋਲ ਕੇ ਔਰਤ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਪਰ ਅਜੋਕੇ ਸਮੇਂ ਦੀਆਂ ਸਰਕਾਰਾਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਿੰਦੂ ਰਾਸ਼ਟਰ ਦੇ ਨਾਂ 'ਤੇ ਔਰਤ ਉੱਤੇ ਜੁਲਮ ਕਰ ਰਹੀ ਹੈ।
ਪਰਮਜੀਤ ਕੌਰ ਸੰਗਰੂਰ ਨੇ ਕਿਹਾ ਕਿ ਕਿਵੇਂ 73 ਸਾਲਾਂ ਤੋਂ ਲਗਾਤਾਰ ਸਰਕਾਰਾਂ ਸਾਨੂੰ ਝੂਠ ਬੋਲ ਕੇ,ਸੌਂਹਾਂ ਖਾ ਕੇ, ਨਸ਼ੇ ਵੰਡ ਕੇ ਵੋਟਾਂ ਬਟੋਰ ਲੈਂਦੀਆਂ ਹਨ ਤੇ ਰਾਜ ਸੱਤਾ 'ਤੇ ਕਾਬਜ਼ ਹੋ ਕੇ ਸਾਰੇ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਹਨ।ਜਦੋਂ ਲੋਕ ਆਪਣੇ ਹੱਕਾਂ ਲਈ ਧਰਨੇ ਮੁਜ਼ਾਹਰੇ ਕਰਦੇ ਹਨ ਤਾਂ ਉਨ੍ਹਾਂ ਤੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ।ਅੱਜ ਸਟੇਜ ਸੰਚਾਲਨ ਦੀ ਭੂਮਿਕਾ ਦਰਬਾਰਾ ਸਿੰਘ ਬਾਜਵਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਨੇ ਬਾਖ਼ੂਬੀ ਨਿਭਾਈ ਅਤੇ ਮੋਠੂ ਸਿੰਘ ਕੋਟੜਾ,ਸੁਦਾਗਰ ਸਿੰਘ ਘੁਡਾਣੀ ਕਲਾਂ,ਪਰਵਿੰਦਰ ਸਿੰਘ ਪੰਡੋਰੀ ਅਤੇ ਬਹਾਦਰ ਸਿੰਘ ਭੁਟਾਲ ਨੇ ਸੰਬੋਧਨ ਕੀਤਾ।