ਚੰਡੀਗੜ੍ਹ, 16 ਅਪ੍ਰੈਲ 2021 - ਸ਼ੁੱਕਰਵਾਰ ਸਵੇਰ ਤੋਂ ਵੱਖ ਵੱਖ ਮੀਡੀਆ ਅਦਾਰੇ ਆਪਣੇ ਤੌਰ 'ਤੇ ਇੱਕ ਖਬਰ ਚਲਾ ਰਹੇ ਨੇ ਤੇ ਇੱਕ ਹਿੰਦੀ ਅਖਬਾਰ ਦੀ ਕਟਿੰਗ ਵੀ ਖੂਬ ਵਾਇਰਲ ਹੋ ਰਹੀ ਹੈ ਜਿਸ 'ਚ ਕਿਸਾਨ ਮੋਰਚੇ 'ਤੇ "ਆਪ੍ਰੇਸ਼ਨ ਕਲੀਨ" ਚਲਾਉਣ ਦੀ ਗੱਲ ਦਾ ਦਾਅਵਾ ਕੀਤਾ ਗਿਆ ਹੈ। ਇਸ ਖਬਰ 'ਚ ਇਹ ਵੀ ਲਿਖਿਆ ਗਿਆ ਹੈ ਕਿ ਕੋਰੋਨਾ ਦੀ ਵਧ ਰਹੀ ਮਹਾਂਮਾਰੀ ਨੂੰ ਦੇਖਦਿਆਂ ਭਾਰਤੀ ਗ੍ਰੀਹ ਮੰਤਰਾਲੇ ਤੇ ਹਰਿਆਣਾ ਸਰਕਾਰ "ਆਪ੍ਰੇਸ਼ਨ ਕਲੀਨ" ਚਲਾਉਣ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਇਹ ਦਾਅਵਾ ਕੀਤਾ ਗਿਆ ਸੀ ਕਿ ਪਹਿਲਾਂ ਕਿਸਾਨਾਂ ਨੂੰ ਗੱਲਬਾਤ ਨਾਲ ਸਮਝਾਇਆ ਜਾਏਗਾ , ਪਰ ਬਾਅਦ 'ਚ ਪ੍ਰਸ਼ਾਸਨ ਬਲ ਪ੍ਰਯੋਗ ਕਰਕੇ ਕਿਸਾਨਾਂ ਨੂੰ ਘਰੋਂ ਘਰੀਂ ਤੋਰੇਗਾ।
ਇਸ ਖਬਰ ਦੇ ਵਾਇਰਲ ਹੋਣ ਮਗਰੋਂ ਹਰਿਆਣਾ ਦੇ ਸੀ.ਐਮ ਮਨੋਹਰ ਲਾਲ ਖੱਟਰ ਸ਼ੁੱਕਰਵਾਰ ਸ਼ਾਮ ਨੂੰ ਲਾਈਵ ਸੈਸ਼ਨ ਰਾਹੀਂ ਹਰਿਆਣਾ ਵਾਸੀਆਂ ਨੂੰ ਸੰਬੋਧਂਨ ਕਰਦੇ ਹਨ ਤੇ ਸਰਕਾਰ ਦੇ ਕੰਮਾਂ ਦੀ ਵਿਆਖਿਆ ਵੀ ਕਰਦੇ ਨੇ , ਜਿਸ ਦੌਰਾਨ ਹੀ ਖੱਟਰ ਕਿਸਾਨ ਮੋਰਚੇ ਬਾਰੇ ਵੀ ਗੱਲ ਕਰਦੇ ਨੇ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਉਹ ਅਪੀਲ ਕਰਦੇ ਨੇ ਕਿ ਉਹ ਸੜਕਾਂ ਖਾਲੀ ਕਰਕੇ ਆਪੋ ਆਪਣੇ ਪਰਿਵਾਰਾਂ 'ਚ ਚਲੇ ਜਾਣ , ਅੰਦੋਲਨ ਕੋਰੋਨਾ ਖਤਮ ਹੋਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ। ਖੱਟਰ ਨੇ ਕਿਹਾ ਕਿ ਕੋਰੋਨਾ ਕਾਰਨ ਹਰਿਆਣਾ 'ਚ ਸਖਤੀ ਕੀਤੀ ਗਈ ਹੈ ਤੇ ਨਾਈਟ ਕਰਫਿਊ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ, ਜੇਕਰ ਕੋਈ ਨਿਯਮ ਤੋੜੇਗਾ ਤਾਂ ਪ੍ਰਸ਼ਾਸਨ ਉਸ 'ਤੇ ਸਖਤ ਕਾਰਵਾਈ ਵੀ ਕਰੇਗਾ।
ਕਿਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਹ ਸਮਾਂ ਘਰਾਂ 'ਚ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਹੈ ਤੇ ਨਾਲ ਹੀ ਹੋਰਨਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਜਿਸ ਕਰਕੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ ਚਾਹੀਦਾ ਹੈ ਤੇ ਬਾਅਦ 'ਚ ਜਦੋਂ ਕੋਰੋਨਾ ਖਤਮ ਹੋ ਜਾਏਗਾ, ਸੰਵਿਧਾਨਕ ਤੌਰ 'ਤੇ ਸਾਨੂੰ ਹੱਕ ਹੈ ਕਿ ਅਸੀਂ ਮੁੜ ਅੰਦੋਲਨ ਕਰ ਸਕਦੇ ਹਾਂ , ਪਰ ਹਾਲ ਦੀ ਘੜੀ ਉਹ ਸਭ ਨੂੰ ਅਪੀਲ ਕਰਦੇ ਨੇ ਕਿ ਸਾਰੇ ਅੰਦੋਲਨ ਖਤਮ ਕਰਕੇ ਇੱਥੋਂ ਚਲੇ ਜਾਣ।