ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,ਕੁੰਡਲੀ ਬਾਰਡਰ, 16 ਅਪ੍ਰੈਲ 2021 - ਦਿੱਲੀ ਦੇ ਸਿੰਘੂ-ਕੁੰਡਲੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਅੱਜ 141ਵੇਂ ਦਿਨ ਵੀ ਪੂਰੀ ਚੜਦੀ ਕਲਾ ਵਿੱਚ ਚੱਲ ਰਿਹਾ,ਜਿਸ ਵਿੱਚ ਹਜ਼ਾਰਾਂ ਕਿਸਾਨ ਇਥੇ ਬੈਠ ਕੇ ਤਿੰਨੇ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ। ਮੋਦੀ ਸਰਕਾਰ ਕਰੋਨਾ ਦੇ ਨਾਮ ਤੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਕਰੋਨਾ ਫੈਲਣ ਦਾ ਇਕ ਹਊਆ ਬਣਾਇਆ ਜਾ ਰਿਹਾ ਹੈ ਪਰ ਇਸ ਦਾ ਕਿਸਾਨੀ ਮੋਰਚੇ ਤੇ ਕੋਈ ਵੀ ਅਸਰ ਨਹੀ ਪਵੇਗਾ ਤੇ ਨਾਂ ਹੀ ਅੱਜ ਤੱਕ ਕਿਸਾਨੀ ਅੰਦੋਲਨ ਚੋਂ ਕੋਈ ਕਰੋਨਾ ਦਾ ਕੇਸ ਸਾਹਮਣੇ ਆਇਆ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਸ਼ੋਸ਼ਲ ਮੀਡੀਆ ਤੇ ਆਪਣੀ ਇੱਕ ਦੋ ਕੁ ਮਿੰਟ ਦੀ ਸ਼ੇਅਰ ਕੀਤੀ ਵੀਡੀਓ ਵਿੱਚ ਦੇਸ਼ ਦੇ ਕਿਸਾਨਾਂ ਤੇ ਮੋਦੀ ਸਰਕਾਰ ਨੂੰ ਸੰਬੋਧਨ ਹੁੰਦਿਆਂ ਕੀਤਾ ਹੈ।
ਉਹਨਾਂ ਕਿਹਾ ਕੇ ਕਰੋਨਾ ਦੇ ਨਾਮ ਤੇ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਸ਼ਾਜਿਸ ਹੈ ਜਦ ਕੇ ਕਈ ਸੂਬਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਚੋਣ ਰੈਲੀਆਂ ਕਰਕੇ ਉਹਨਾਂ ਵਿਚ ਵੱਡੇ ਵੱਡੇ ਇਕੱਠ ਕਰ ਰਹੇ ਹਨ ਅਤੇ ਹਰਿਦੁਆਰ ਵਿੱਚ ਕੁੰਭ ਦੇ ਮੇਲੇ ਦੇ ਨਾਮ ਤੇ ਵੱਡੇ ਵੱਡੇ ਇਕੱਠ ਹੋ ਰਹੇ ਹਨ ਪਰ ਓਥੇ ਕੋਈ ਪਾਬੰਦੀ ਨਹੀ। ਉਹਨਾਂ ਅੱਗੇ ਕਿਹਾ ਹੈ ਕੇ ਸਰਕਾਰ ਦੀ ਜੋ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਮਨਸ਼ਾ ਹੈ ਇਸ ਨੂੰ ਕਦੇ ਵੀ ਸਿਰੇ ਨਹੀ ਚੜ੍ਹਨ ਦਿਆਂਗੇ।
ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਅੱਗੇ ਇਹ ਵੀ ਕਿਹਾ ਕੇ ਇਹ ਮੋਰਚਾ ਓਨਾਂ ਸਮਾਂ ਜਾਰੀ ਰਹੇਗਾ ਜਿੰਨਾਂ ਸਮਾਂ ਸਾਡੀਆਂ ਸਾਰੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ ਤੇ ਸਰਕਾਰ ਦੀਆਂ ਚਾਲਾਂ ਨੂੰ ਨਾਕਾਮਯਾਬ ਕਰਾਂਗੇ ਤੇ ਸਰਕਾਰ ਦੇ ਹਰ ਜਬਰ ਦਾ ਸਬਰ ਨਾਲ ਮੂੰਹ ਤੋੜ ਜਵਾਬ ਦਿਆਂਗੇ। ਉਹਨਾਂ ਕਿਹਾ ਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਝੂਠੀਆਂ ਅਫਵਾਹਾਂ ਨਾਂ ਫੈਲਾਈਆਂ ਜਾਣ । ਉਹਨਾਂ ਕਿਹਾ ਕੇ ਇਹਨਾਂ ਅਫਵਾਹਾਂ ਨਾਲ ਕਿਸਾਨੀ ਸੰਘਰਸ਼ ਨੂੰ ਢਾਹ ਲੱਗ ਸਕਦੀ ਹੈ ।