ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ 2021-ਪ੍ਰਸਿੱਧ ਸਮਾਜਸੇਵੀ ਸ਼ਖ਼ਸੀਅਤ ਤੇ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਡਾ. (ਪ੍ਰੋ) ਐਸਪੀ ਸਿੰਘ ਉਬਰਾਏ ਦੀ ਅਗਵਾਈ ਹੇਠ ਕਿਸਾਨ ਸੰਘਰਸ਼ ਦੌਰਾਨ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਦਿੱਲੀ ਦੇ ਟਿੱਕਰੀ, ਸ਼ੰਭੂ, ਗਾਜੀਪੁਰ ਅਤੇ ਕੁੰਡਲੀ ਬਾਰਡਰਾਂ ’ਤੇ ਮੈਡੀਕਲ ਕੈਂਪ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਟਰੱਸਟ ਦੀ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਸੇਵਾਦਾਰਾਂ ਵੱਲੋਂ ਅੱਜ ਟਿੱਕਰੀ ਬਾਰਡਰ ’ਤੇ ਚੱਲ ਰਹੇ ਮੈਡੀਕਲ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਸਮੇਂ ਡਾ. ਰਾਖੀ ਸ਼ੌਕੀਨ, ਡਾ. ਕੁਲਬੀਰ ਸਿੰਘ, ਡਾ. ਜਸਪਾਲ ਸਿੰਘ, ਡਾ. ਗੁਰਦੀਪ ਸਿੰਘ, ਡਾ. ਜਗਸੀਰ ਸਿੰਘ ਜੀਂਦਾ ਅਤੇ ਡਾ. ਗੁਰਤੇਜ ਸਿੰਘ ਜੀਂਦਾ ਨੇ ਸਹਿਯੋਗ ਕੀਤਾ।
ਜ਼ਿਲ੍ਹਾ ਪ੍ਰਧਾਨ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਕਿਸਾਨ ਵੀਰਾਂ ਦੀ ਸਿਹਤ ਸਹੂਲਤਾਂ ਨੂੰ ਪਹਿਲ ਦਿੰਦੇ ਹੋਏ ਮੈਡੀਕਲ ਕੈਂਪ, ਐਂਬੂਲੈਂਸ ਸੇਵਾਵਾਂ ਤੋਂ ਇਲਾਵਾ ਸੁੱਕਾ ਰਾਸ਼ਨ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਸੰਘਰਸ਼ ਦੌਰਾਨ ਆਪਣੀ ਜ਼ਿੰਦਗੀ ਗਵਾ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਵੀ ਟਰੱਸਟ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੌਕੇ ਜਤਿੰਦਰ ਸਿੰਘ, ਜਸਵਿੰਦਰ ਸਿੰਘ ਮਣਕੂ, ਜਤਿੰਦਰ ਸਿੰਘ, ਇਕਬਾਲ ਸਿੰਘ ਮਾਨ, ਸੋਮਨਾਥ, ਮਾ. ਰਾਜਿੰਦਰ ਸਿੰਘ, ਜਸਕਰਨ ਸਿੰਘ ਅਤੇ ਸੁਖਬੀਰ ਸਿੰਘ ਆਦਿ ਹਾਜ਼ਰ ਸਨ।