ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹਰਿਆਣਾ ਪੁਲਿਸ ਦੁਆਰਾ ਕਿਸਾਨਾਂ 'ਤੇ ਕੀਤੇ ਗਏ ਜਬਰ ਦੀ ਸਖ਼ਤ ਨਿੰਦਾ
ਚੰਡੀਗੜ੍ਹ 16ਮਈ 2021 - ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਿਸਾਰ ਵਿਖੇ ਕੀਤੇ ਜਾ ਰਹੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਰਿਆਣਾ ਦੇ ਕਿਸਾਨਾਂ 'ਤੇ ਕੀਤੇ ਗਏ ਜ਼ਬਰਦਸਤ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਗੋਲੀਬਾਰੀ ਦੀ ਜਾਬਰ ਕਾਰਵਾਈ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਗਿਆ ਹੈ ਕਿ ਅਜਿਹਾ ਜਬਰ ਲੋਕਾਂ'ਚੋਂ ਨਿੱਖੜ ਰਹੀ ਭਾਜਪਾ ਦੀ ਅਗਵਾਈ ਵਾਲੀ ਖੱਟਰ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਡਾਂਗ ਦੇ ਜੋਰ ਕਦੇ ਲੋਕਾਂ ਦੀ ਹੱਕੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਭਾਜਪਾ ਆਗੂਆਂ ਨੂੰ ਜਾਣ ਬੁੱਝ ਕੇ ਜਨਤਕ ਥਾਵਾਂ 'ਤੇ ਭੇਜਣ ਰਾਹੀਂ ਭਾਜਪਾ ਖਿਲਾਫ ਕਿਸਾਨਾਂ ਦੇ ਵਧ ਰਹੇ ਗੁੱਸੇ ਉੱਪਰ ਬਲ਼ਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਚਾਲ ਨੂੰ ਸਮਝਦੇ ਹੋਏ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਸ਼ਾਂਤਮਈ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ।