ਕਿਸਾਨ ਅਤੇ ਸਾਬਕਾ ਮੰਤਰੀ ਦੀ ਬਹਿਸਬਾਜ਼ੀ ਦੌਰਾਨ ਲਈ ਗਈ ਤਸਵੀਰ
ਜਗਦੀਸ਼ ਥਿੰਦ
ਫ਼ਾਜ਼ਿਲਕਾ 29 ਮਈ , ਜ਼ਿਲ੍ਹਾ ਹੈਡਕੁਆਰਟਰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਸਥਿਤੀ ਉਸ ਵਕਤ ਪੇਚੀਦਾ ਬਣ ਗਏ ਜਦੋਂ ਸਾਬਕਾ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਨੀ ਨੂੰ ਨੌਜਵਾਨ ਕਿਸਾਨ ਨੇ ਘੇਰ ਲਿਆ ।
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਸਬੰਧਤ ਪਾਸ ਕੀਤੇ ਤਿੰਨ ਕਾਨੂੰਨਾਂ ਸੰਬੰਧੀ ਨੌਜਵਾਨ ਕਿਸਾਨ ਜਿਆਨੀ ਨੂੰ ਪੁੱਛ ਰਿਹਾ ਸੀ ਕਿ ਆਖਰ ਕੇਂਦਰ ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਇਹ ਕਾਨੂੰਨ ਵਾਪਸ ਨਹੀਂ ਲੈ ਰਹੀ ।
ਬੁਰੀ ਤਰ੍ਹਾਂ ਘਿਰੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪਹਿਲੇ ਤਾਂ ਕਾਨੂੰਨ ਸਬੰਧੀ ਨੌਜਵਾਨ ਨਾਲ ਬਹਿਸ ਕਰਦਿਆਂ ਕਿਹਾ ਕਿ ਇਸ ਖੇਤਰ ਦੇ ਹੀ ਹਜ਼ਾਰ ਕਿਸਾਨ ਇਕੱਠੇ ਕਰ ਲਓ ਅਤੇ ਵਕੀਲ ਬੁਲਾ ਲੈਂਦੇ ਹਾਂ ਉਹ ਦੱਸਣਗੇ ਕਿ ਕਾਨੂੰਨਾਂ ਵਿੱਚ ਕੁਝ ਵੀ ਗ਼ਲਤ ਨਹੀਂ ਹੈ ।
ਨੌਜਵਾਨ ਕਿਸਾਨ ਜਿਸ ਦਾ ਛੋਟਾ ਨਾਮ ਬਿੱਟੂ ਹੈ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਕਿਸਾਨ ਆਗੂਆਂ ਨੇ ਕਲਾਜ਼ ਬਾਈ ਕਲਾਜ਼ ਬਹਿਸ ਦੌਰਾਨ ਇਨ੍ਹਾਂ ਕਾਨੂੰਨਾਂ ਵਿੱਚ ਕਮੀਆਂ ਗਿਣਾਉਂਦਿਆਂ ਦੱਸਿਆ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਕਾਲੇ ਕਾਨੂੰਨ ਹਨ ।
ਇਸ ਤੇ ਸੁਰਜੀਤ ਜਿਆਣੀ ਕਹਿਣ ਲੱਗੇ ਕਿ ਕਾਨੂੰਨਾਂ ਵਿੱਚ ਕੁਝ ਵੀ ਕਾਲਾ ਨਹੀਂ ਹੈ ।
ਜਿਆਣੀ ਬੋਲੇ ਕੇ ਗਹੁ ਨਾਲ ਦੇਖੋਗੇ ਤਾਂ ਸਾਫ਼ ਲਿਖਿਆ ਨਜ਼ਰੀਂ ਪਵੇਗਾ ਕਿ ਵਪਾਰੀਆਂ ਲਈ ਕਾਨੂੰਨ ਕੀ ਕਹਿੰਦੇ ਹਨ ਅਤੇ ਕਿਸਾਨਾਂ ਲਈ ਕੀ ।
ਚਲਦੀ ਤਿੱਖੀ ਬਹਿਸ ਦੇਖ ਕੇ ਇੱਥੇ ਹੋਰ ਲੋਕ ਇਕੱਠੇ ਹੋਣ ਲੱਗੇ ਤਾਂ ਸੁਰਜੀਤ ਕੁਮਾਰ ਜਿਆਣੀ ਪੱਲਾ ਛੁਡਾਉਂਦੇ ਨਜ਼ਰੀਂ ਪਏ ।
ਉਨ੍ਹਾਂ ਕਿਹਾ ਚਲੋ ਕਿਸਾਨਾਂ ਦੀ ਮੌਜੂਦਗੀ ਵਿੱਚ ਜੇਕਰ ਵਕੀਲ ਇਨ੍ਹਾਂ ਕਾਨੂੰਨਾਂ ਵਿੱਚੋਂ ਕੋਈ ਨੁਕਸ ਕੱਢ ਦਿੰਦੇ ਹਨ ਤਾਂ ਉਹ ਰਾਜਨੀਤੀ ਹੀ ਛੱਡ ਦੇਣਗੇ ।
ਦੱਸਣਯੋਗ ਹੈ ਕਿ ਭਾਜਪਾ ਨਾਲ ਸਬੰਧਤ ਲੋਕਾਂ ਵੱਲੋਂ ਹੀ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਹੋਇਆ ਸੀ ।
ਇਸ ਕੈਂਪ ਵਿਚ ਭਾਜਪਾ ਤੋਂ ਇਲਾਵਾ ਹੋਰ ਵੀ ਆਮ ਲੋਕ ਖੂਨ ਦਾਨ ਕਰਨ ਲਈ ਪੁੱਜੇ ਹੋਏ ਸਨ ।
ਏਨੀ ਦੇਰ ਨੂੰ ਭਾਜਪਾ ਦੀ ਕੇਂਦਰੀ ਕਮਾਨ ਵੱਲੋਂ ਤਿੰਨ ਕਾਨੂੰਨਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਥਾਪੇ ਗਏ ਕਨਵੀਨਰ ਸੁਰਜੀਤ ਜਿਆਣੀ ਵੀ ਆਣ ਪੁੱਜੇ ।
ਗਨੀਮਤ ਇਹ ਰਹੀ ਕਿ ਬਹਿਸ ਕਰਨ ਵਾਲਾ ਨੌਜਵਾਨ ਤਹਿਜ਼ੀਬ ਨਾਲ ਪੇਸ਼ ਆ ਰਿਹਾ ਸੀ ਅਤੇ ਸਾਬਕਾ ਮੰਤਰੀ ਵੀ ਜ਼ਾਬਤੇ ਵਿਚ ਰਹਿੰਦਿਆਂ ਆਪਣਾ ਪੱਖ ਪੇਸ਼ ਕਰਦੇ ਨਜ਼ਰੀਂ ਪਏ ।