ਦਿੱਲੀ ਮੋਰਚਾ: ਮੋਦੀ ਸਰਕਾਰ ਨੂੰ ਦਿਖਾਇਆ ਕੁਰਬਾਨੀਆਂ ਭਰੇ ਇਤਿਹਾਸ ਦਾ ਸ਼ੀਸ਼ਾ
ਅਸ਼ੋਕ ਵਰਮਾ
ਨਵੀਂ ਦਿੱਲੀ,16 ਮਈ 2021:ਪੰਜਾਬ ਦੀਆਂ ਜਮਹੂਰੀ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ 'ਤੇ ਲਾਇਆ ਪੱਕਾ ਮੋਰਚਾ ਅੱਜ 170ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਜਿਸ ਵਿੱਚ ਦੇਸ਼ ਦੀਆਂ ਹੋਰ ਸੈਂਕੜੇ ਕਿਸਾਨ ਜਥੇਬੰਦੀਆਂ ਸਾਮਲ ਹੋ ਗਈਆਂ ਅਤੇ ਦੇਸ਼ ਦੇ ਹੋਰ ਤਬਕਿਆਂ ਦੀਆਂ ਜਥੇਬੰਦੀਆਂ ਅਤੇ ਸਮੂਹ ਕਿਰਤੀ ਲੋਕਾਂ ਦੇ ਸਹਿਯੋਗ ਮਿਲਣ ਨਾਲ ਇਹ ਪੂਰੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣਿਆ ਹੋਇਆ ਹੈ।ਟਿਕਰੀ ਬਾਰਡਰ 'ਤੇ ਪਕੌੜਾ ਚੌਂਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਜਾਬਰ ਭਾਜਪਾ ਹਕੂਮਤ ਨੇ ਪਿਛਲੇ ਸਾਲ 5 ਜੂਨ ਨੂੰ ਕਰੋਨਾ ਦੀ ਆੜ ਹੇਠ ਖੇਤੀਬਾੜੀ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸਨ ਜਿਨ੍ਹਾਂ ਦਾ ਉਸੇ ਦਿਨ ਤੋਂ ਹੀ ਵਿਰੋਧ ਹੋਣ ਲੱਗ ਪਿਆ ਸੀ।
ਕਿਸਾਨ ਆਗੂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਡਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਸਾਲ ਦਾ ਸ਼ਾਇਦ ਕੋਈ ਦਿਨ ਹੋਵੇ ਜਿਸ ਦਿਨ ਸਮਾਜ ਜਾਂ ਆਪਣੇ ਹੱਕਾਂ ਲਈ ਲੜਦੇ ਹੋਏ ਕੁਰਬਾਨੀਆਂ ਨਾ ਦਿੱਤੀਆਂ ਹੋਣ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਲੋਕਾਂ ਉੱਤੇ ਤਸ਼ੱਦਦ ਕਰਦੀਆਂ ਸਨ ਪਰ ਸੰਘਰਸ਼ ਕਰਨ ਵਾਲੇ ਲੋਕ ਕਦੇ ਵੀ ਡਰੇ ਨਹੀਂ।ਉਨ੍ਹਾਂ ਮਈ ਦੇ ਇਨ੍ਹਾਂ ਦਿਨਾਂ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੱਬਰ ਅਕਾਲੀ ਲਹਿਰ ਦੇ ਆਗੂ ਸਾਧੂ ਸਿੰਘ ਬੱਬਰ ਅਤੇ ਲਾਭ ਸਿੰਘ ਬੱਬਰ ਨੂੰ ਜਲੰਧਰ ਦੀ ਜੇਲ੍ਹ ਅੰਦਰ ਫਾਂਸੀ ਦਿੱਤੀ ਗਈ। ਇਸ ਤੋਂ ਇਲਾਵਾ ਗ਼ਦਰ ਲਹਿਰ ਦੇ ਪ੍ਰੇਮ ਸਿੰਘ ਅਤੇ ਈਸ਼ਰ ਸਿੰਘ ਨੂੰ ਅੱਜ ਦੇ ਦਿਨ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਯੋਧਿਆਂ ਲਾਹੌਰ ਦੀ ਜੇਲ੍ਹ ਅੰਦਰ ਫਾਂਸੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੱਲ ਰਹੇ ਸੰਘਰਸ਼ ਦੌਰਾਨ 400 ਦੇ ਕਰੀਬ ਕਿਸਾਨ,ਮਜ਼ਦੂਰ ਸ਼ਹੀਦ ਹੋ ਗਏ ਹਨ ਜਿਨ੍ਹਾਂ ਦੀ ਕਾਤਲ ਅਸਲ ਵਿੱਚ ਸਰਕਾਰ ਹੈ।
ਗੁਰਪ੍ਰੀਤ ਸਿੰਘ ਨੂਰਪੁਰਾ ਨੇ ਵੀ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਪ੍ਰੋ ਸਤਬੀਰ ਸਿੰਘ ਦੀ ਖੋਜ ਮੁਤਾਬਕ 5 ਜਨਵਰੀ,1761 ਈਸਵੀ ਨੂੰ ਅਹਿਮਦਸ਼ਾਹ ਅਬਦਾਲੀ ਦੀ ਫੌਜ ਨੇ ਮਰਾਠਾ ਕੌਮ ’ਤੇ ਹਮਲਾ ਕਰ ਕੇ ਵੱਡੀ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਸੀ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਫੌਜ ਅਗਵਾ ਕਰਕੇ ਲੈ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਮਰਾਠਿਆਂ ਨੇ ਅਕਾਲ ਤਖ਼ਤ ਤੇ ਆ ਕੇ ਮਦਦ ਦੀ ਅਪੀਲ ਕੀਤੀ ਸੀ ਤਾਂ ਸਿੱਖਾਂ ਨੇ ਉਨ੍ਹਾਂ ਦੀ ਮਦਦ ਕਰਦੇ ਹੋਏ ਔਰਤਾਂ ਅਤੇ ਸੈਨਿਕਾਂ ਨੂੰ ਛੁਡਵਾ ਕੇ ਉਨ੍ਹਾਂ ਨੂੰ ਸੁਰੱਖ਼ਿਅਤ ਵਪਸ ਲਿਆਦਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਸਿੰਘਾਂ ਨੂੰ ਸਬਕ ਸਿਖਾਉਣ ਦੀ ਧਾਰ ਲਈ ਫਿਰ ਸਿੰਘ ਵੀ ਇਸ ਸਾਰੀ ਗੱਲ ਨੂੰ ਭਾਂਪ ਗਏ ਅਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੀ ਵਿਉਂਤ ਬਣਾ ਲਈ।
ਉਨ੍ਹਾਂ ਕਿਹਾ ਕਿ ਬੀਕਾਨੇਰ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਿੰਘਾਂ ਦੀ ਗਿਣਤੀ 45000 ਦੇ ਕਰੀਬ ਪਹੁੰਚ ਚੁੱਕੀ ਸੀ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਲੱਖਾਂ ਦੀ ਫ਼ੌਜ ਨਾਲ ਲੈ ਕੇ 16 ਮਈ 1761 ਈਸਵੀ ਨੂੰ ਸਵੇਰੇ ਤਿੰਨ ਵਜੇ ਸਿੰਘਾਂ ਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਬੱਚੇ, ਬੁੱਢੇ ਅਤੇ ਨੌਜਵਾਨ ਲਗਪਗ 35000 ਸ਼ਹੀਦ ਕਰ ਦਿੱਤੇ ਸੀ। ਉਨ੍ਹਾਂ ਕਿਹਾ ਕਿ ਲੜਾਈ ਉਸ ਸਮੇਂ ਵੀ ਜਰ ਜੋਰੂ ਜ਼ਮੀਨ ਦੀ ਸੀ ਅੱਜ ਦੀਆਂ ਹਾਲਤਾ ਉਸ ਸਮੇਂ ਨਾਲੋਂ ਵੀ ਮਾੜੀਆਂ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਮੁਤਾਬਕ ਅੱਜ ਵੀ ਲੁਟੇਰੀ ਜਮਾਤ ਨਾਲ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।ਸਟੇਜ ਸੰਚਾਲਨ ਦੀ ਭੂਮਿਕਾ ਹਰਬੰਸ ਸਿੰਘ ਕੋਟਲੀ ਨੇ ਨਿਭਾਈ ਅਤੇ ਪੰਡਾਲ ਨੂੰ ਫ਼ਿਲਮੀ ਕਲਾਕਾਰ ਮਲਕੀਤ ਰੌਣੀ,ਹਰਜੀਤ ਸਿੰਘ ਮਹਿਲਾਂ ਚੌਂਕ,ਰਮਨਦੀਪ ਸਿੰਘ ਲੌਂਗੋਵਾਲ ਅਤੇ ਬਹਾਦਰ ਭੁਟਾਲ ਨੇ ਵੀ ਸੰਬੋਧਨ ਕੀਤਾ ।