ਅੰਗਰੇਜ਼ ਹਕੂਮਤ ਦੀਆਂ ਲੀਹਾਂ ਤੇ ਚੱਲ ਰਹੀ ਹੈ ਮੋਦੀ ਸਰਕਾਰ -ਬਿੱਟੂ ਮੱਲਣ
ਅਸ਼ੋਕ ਵਰਮਾ
ਨਵੀਂ ਦਿੱਲੀ, 27 ਮਈ 2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਿਹਾ ਦਿੱਲੀ ਮੋਰਚਾ ਅੱਜ 184ਵੇਂ ਦਿਨ ਵਿੱਚ ਦਾਖਲ ਹੋ ਗਿਆ ।ਅੱਜ ਦੇ ਦਿਨ ਸਟੇਜ ਦੀ ਜ਼ਿੰਮੇਵਾਰੀ ਨੌਜਵਾਨਾਂ ਵੱਲੋਂ ਸੰਭਾਲੀ ਗਈ। ਅੱਜ ਦੀ ਸਟੇਜ ਤੋਂ ਗੁਰਭੇਜ ਸਿੰਘ ਰੋਹੀਵਾਲਾ ਨੇ ਕਿਹਾ ਇਹ ਸੰਘਰਸ਼ ਦੌਰਾਨ ਕਿਸਾਨਾਂ ਨੇ ਬਹੁਤ ਜਿੱਤਾਂ ਪ੍ਰਾਪਤ ਕੀਤੀਆਂ ਹਨ।। ਹਰਿਆਣਾ ਸਰਕਾਰ ਵੱਲੋਂ ਵਿਰੋਧ ਕਰ ਰਹੇ ਲੋਕਾਂ ਉੱਤੇ ਪਏ ਕੇਸ ਇਸ ਸੰਘਰਸ਼ ਦੀ ਬਦੌਲਤ ਹੀ ਰੱਦ ਕਰਵਾਏ ਗਏ ਹਨ ਇਹ ਸੰਘਰਸ਼ ਨੇ ਮੁਲਕ ਦੇ ਕਿਸਾਨਾਂ ਦੀ ਸਾਂਝ ਹੋਰ ਪਕੇਰੀ ਕੀਤੀ ਜੋ ਕਿ ਇਕ ਪ੍ਰਾਪਤੀ ਹੈ ਇਹ ਸੰਘਰਸ਼ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਮੁਲਕ ਦੀ ਕਿਸਾਨੀ ਦਾ ਸ਼ੰਘਰਸ਼ ਹੈ। ਇਹ ਸੰਘਰਸ਼ ਸੂਬਿਆਂ ਦੀਆਂ ਹੱਦਬੰਦੀਆਂ ਤੋਡ਼ ਕੇ ਮੁਲਕ ਦੀ ਕਿਸਾਨੀ ਨੂੰ ਏਕਤਾ ਵਿਚ ਪਰੋਇਆ ਹੈ
ਯੁਵਰਾਜ ਸਿੰਘ ਘੁੜਾਣੀ ਕਲਾਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦਾ ਹੱਲਾ ਸਾਮਰਾਜ ਦਾ ਹੱਲਾ ਹੈ ।ਜਦੋਂ ਮੁਲਕ ਵਿੱਚ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਸ ਮੌਕੇ ਹੀ ਸਨਅਤੀ ਮਜ਼ਦੂਰਾਂ ਦਾ ਉਜਾੜਾ ਕਰਨ ਲਈ ਉਨ੍ਹਾਂ ਦੀ ਕਿਰਤ ਲੁਟਾਉਣ ਲਈ ਵੱਡੇ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇ ਦੀ ਖ਼ਾਤਰ ਕਿਰਤ ਕਾਨੂੰਨਾਂ ਚ ਸੋਧ ਕੀਤੀ ਗਈ ਹੈ । ਉਸ ਮੌਕੇ ਹੀ ਸਰਕਾਰੀ ਸਿੱਖਿਆ ਨੀਤੀ ਦਾ ਉਜਾੜਾ ਕਰਨ ਲਈ ਨਵੀਂ ਸਿੱਖਿਆ ਨੀਤੀ 2020 ਲਿਆਂਦੀ ਗਈ ਹੈ ਨਾਲ ਹੀ ਉਨ੍ਹਾਂ ਕਿਹਾ ਸਾਮਰਾਜ ਦਾ ਇਹ ਹੱਲਾ ਇਕੱਲੇ ਭਾਰਤ ਵਿੱਚ ਹੀ ਨਹੀਂ ਹੋਰ ਪਿਛੜੇ ਮੁਲਕਾਂ ਵਿੱਚ ਵੀ ਆਰਥਿਕ ਸੁਧਾਰਾਂ ਦੇ ਨਾਂ ਤੇ ਇਹੋ ਜਿਹੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ।
ਬਿੱਟੂ ਮੱਲਣ ਨੇ ਕਿਹਾ ਕਿ ਮੁਲਕ ਦੀ ਸਰਕਾਰ ਉਹੀ ਅੰਗਰੇਜ਼ੀ ਹਕੂਮਤ ਦੀਆਂ ਲੀਹਾਂ ਤੇ ਚੱਲ ਰਹੀ ਹੈ ਜਿਸ ਤਹਿਤ ਮੁਲਕ ਦੇ ਸਾਰੇ ਜਨਤਕ ਅਦਾਰੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ ਇਸ ਦਾ ਨਮੂਨਾ ਸਾਲ 2021 ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰੀ ਬੈਂਕਾਂ ਨੂੰ ਨਿੱਜੀ ਬੈਂਕਾਂ ਵਿੱਚ ਬਦਲਣ ਦਾ ਐਲਾਨ ਕਰਕੇ ਪੇਸ਼ ਕੀਤਾ।
ਦਵਿੰਦਰ ਸਿੰਘ ਰਾਮਗਡ਼੍ਹ ਨੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ।
ਅੱਜ ਦੀ ਸਟੇਜ ਤੋਂ ਅਜ਼ਾਦ ਰੰਗਮੰਚ ਫਗਵਾੜਾ ਦੀ ਟੀਮ ਵੱਲੋਂ ਇਨਕਲਾਬੀ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਅੱਜ ਦੀ ਸਟੇਜ ਤੋਂ ਹਰਮਨ ਟੱਲੇਵਾਲ, ਹਰਦੇਵ ਸਿੰਘ ਸੰਗਰੂਰ, ਪ੍ਰੀਤ ਮੋਗਾ ਅਤੇ ਕਿਸਾਨ ਆਗੂ ਹਰਿਆਣਾ ਜਗਵੀਰ ਸਿੰਘ ਝੱਜਰ ਨੇ ਸੰਬੋਧਨ ਕੀਤਾ।