ਖੇਤੀ ਵਿਰੋਧੀ ਕਾਨੂੰਨ ਕੋਰੋਨਾ ਤੋਂ ਵੀ ਜ਼ਿਆਦਾ ਖ਼ਤਰਨਾਕ - ਰਘਵੀਰ ਸਿੰਘ ਸਿਰਸਾ
ਅਸ਼ੋਕ ਵਰਮਾ
ਨਵੀਂ ਦਿੱਲੀ, 27 ਅਪਰੈਲ 2021 - ਵਿਸ਼ਵ ਵਪਾਰ ਜਥੇਬੰਦੀ ਆਪਣੀਆਂ ਨੀਤੀਆਂ ਦਾ ਨਿਸ਼ਾਨਾ ਤੀਜੀ ਦੁਨੀਆਂ ਦੇ ਮੁਲਕਾਂ ਨੂੰ ਬਣਾ ਕੇ ਸਰਮਾਏਦਾਰੀ ਨਿਜ਼ਾਮ ਦੀ ਉਮਰ ਲੰਬੀ ਕਰਨ ਦੇ ਰਾਹ ਪਈ ਹੋਈ ਹੈ ਜਿਨ੍ਹਾਂ ਲਈ ਮੁੱਖ ਨਿਸ਼ਾਨਾ ਭਾਰਤ ਨੂੰ ਬਣਾਇਆ ਹੋਇਆ ਹੈ ਜੋ ਵਿਸ਼ਵ ਦੀ ਵੱਡੀ ਮੰਡੀ 'ਤੇ ਕਾਬਜ਼ ਹੋ ਕੇ ਆਪਣਾ ਮਾਲ ਖਪਾਉਣਾ ਚਾਹੁੰਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਬਾਰਡਰ 'ਤੇ ਪਕੋੜਾ ਚੌਕ ਨੇੜੇ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਕੀਤਾ।ਉਨ੍ਹਾਂ ਕਿਹਾ ਇਹ ਨੀਤੀਆਂ ਦਾ ਉਦੇਸ਼ ਖੇਤੀ ਉਪਜਾਂ ਦੇ ਸਬੰਧ ਵਿੱਚ ਭਾਰਤ ਦੀ ਆਤਮ ਨਿਰਭਰਤਾ ਵੱਡਾ ਅੜਿੱਕਾ ਬਣੀ ਹੋਈ ਹੈ ਇਸ ਨੂੰ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਰਾਹੀਂ ਆਪਣਾ ਰਾਹ ਪੱਧਰਾ ਕਰਕੇ ਖੇਤੀ ਤੇ ਕਿਸਾਨੀ ਦਾ ਵੱਡਾ ਉਜਾੜਾ ਕਰਨ ਦੀ ਤਿਆਰੀ 'ਚ ਹੈ।
ਬਲਾਕ ਸੁਨਾਮ (ਸੰਗਰੂਰ) ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਗੁਰਭਿੰਦਰ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਉੱਠੀ ਕਿਰਤੀਆਂ ਦੀ ਇਹ ਮੁਹਿੰਮ ਮਹਾਂ ਸੰਗਰਾਮ ਦਾ ਰੂਪ ਧਾਰ ਚੁੱਕੀ ਹੈ ਜਿਸ ਨੂੰ ਠੱਲ੍ਹਣਾ ਦੇਸ਼ ਦੀ ਫਾਸ਼ੀਵਾਦੀ ਮੋਦੀ ਸਰਕਾਰ ਲਈ ਬੇਵੱਸ ਹੀ ਨਹੀਂ ਨਾ ਮੁਮਕਿਨ ਹੈ।ਇਸ ਦਾ ਜ਼ਿਆਦਾ ਲੰਮਾ ਹੋਣਾ ਸਰਕਾਰ ਲਈ ਵੱਡੀ ਮੁਸੀਬਤ ਬਣਨ ਦੇ ਸੰਕੇਤ ਹਨ। ਹਾਲਾਤ ਜ਼ਰੱਈ ਇਨਕਲਾਬ ਵੱਲ ਜਾਂਦੇ ਨਜ਼ਰ ਆ ਰਹੇ ਹਨ।ਲੋਕ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਕਰਵਾਉਣਾ ਹੁਣ ਛੋਟੀ ਮੰਗ ਜਾਪ ਰਹੀ ਹੈ। ਉਨ੍ਹਾਂ ਕਿਹਾ ਕਿ ਲਾਮਬੰਦੀਆਂ ਅਤੇ ਅੰਦੋਲਨ ਦਾ ਵਿਸ਼ਾਲ ਘੇਰਾ ਨਵੀਆਂ ਮੰਗਾਂ ਅਤੇ ਇਤਿਹਾਸਕ ਤਬਦੀਲੀਆਂ ਲਈ ਜੁਝਾਰੂ ਰੂਪ ਧਾਰ ਚੁੱਕਾ ਹੈ।
ਹਰਿਆਣਾ ਤੋਂ ਰਘਵੀਰ ਸਿੰਘ ਸਿਰਸਾ ਨੇ ਕਿਹਾ ਕਿ ਕੋਰੋਨਾ ਬੀਮਾਰੀ ਸਬੰਧੀ ਇੱਕ ਬਚਾਅ ਰਵੱਈਆ ਅਖ਼ਤਿਆਰ ਕਰਨਾ ਜ਼ਰੂਰੀ ਹੈ ਪਰ ਡਰ ਦਾ ਮਾਹੌਲ ਸਿਰਜਣਾ ਬਿਮਾਰੀ ਨਾਲ ਜੂਝਣ ਦੀ ਸ਼ਕਤੀ ਨੂੰ ਕੰਮ ਨਹੀਂ ਕਰਨ ਦਿੰਦਾ।ਇਸ ਲਈ ਆਪਣੇ ਰੋਜ਼ ਮਰਾ ਦੇ ਕੰਮ ਵੀ ਆਮ ਵਾਂਗ ਕਰਨੇ ਹਨ ਅਤੇ ਸਫਾਈ,ਇਲਾਜ,ਪਰਹੇਜ ਵਰਤ ਕੇ ਅੰਦੋਲਨ ਵਿੱਚ ਕੋਰੋਨਾ ਪ੍ਰਵੇਸ਼ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਕਰੋਨਾ ਇੱਕ ਖਤਰਨਾਕ ਭਿਆਨਕ ਬਿਮਾਰੀ ਹੈ ਪਰ ਖੇਤੀ ਵਿਰੋਧੀ ਨਵੇਂ ਕਾਲੇ ਕਾਨੂੰਨ ਇਸ ਬਿਮਾਰੀ ਤੋਂ ਵੀ ਜਿਆਦਾ ਖਤਰਨਾਕ ਹਨ ਇਸ ਲਈ ਸਾਨੂੰ ਸਰਕਾਰ ਦੇ ਫ਼ਾਸ਼ੀਵਾਦੀ ਕਦਮਾਂ ਤੋਂ ਸੁਚੇਤ ਹੁੰਦੇ ਹੋਏ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਨਾਲ ਨਾਲ ਸਾਵਧਾਨੀਆਂ ਵਰਤਦੇ ਹੋਏ ਇਸ ਬਿਮਾਰੀ ਹਰਾਉਂਦੇ ਹੋਏ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਣ ਦੇ ਬਚਨਬੱਧ ਹੋਣਾ ਚਾਹੀਦਾ ਹੈ।ਅੱਜ ਦੀ ਸਟੇਜ ਤੋਂ ਹਰਬੰਸ ਸਿੰਘ ਕੋਟਲੀ, ਪਰਮਜੀਤ ਕੌਰ ਕੌਟੜਾ,ਬਿੱਟੂ ਮੱਲਣ, ਗੁਰਦੇਵ ਸਿੰਘ ਕਿਸ਼ਨਪੁਰਾਅਤੇ ਸੁਖਦੀਪ ਸਿੰਘ ਬਠਿੰਡਾ ਡੀਟੀਐਫ ਆਦਿ ਨੇ ਵੀ ਸੰਬੋਧਨ ਕੀਤਾ।