ਸੈਂਕੜੇ ਕਿਸਾਨ ਮਜ਼ਦੂਰ ਸ਼ਹੀਦਾਂ ਦੀ ਕਾਤਲ ਹੈ ਮੋਦੀ ਸਰਕਾਰ- ਕੁਲਾਰਾਂ
ਅਸ਼ੋਕ ਵਰਮਾ
ਨਵੀਂ ਦਿੱਲੀ, 30 ਮਈ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟਿਕਰੀ ਬਾਰਡਰ 'ਤੇ ਲਾਏ ਮੋਰਚੇ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਮੋਰਚੇ ਨੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕਰ ਲਈਆਂ ਹਨ।ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਨੂੰ ਪਾਣੀਆਂ ਦੇ ਮਸਲੇ ਤੇ ਲੜਾਉਣ ਦੀ ਚਾਲ ਚੱਲੀ ਤਾਂ ਕਿ ਹਰਿਆਣੇ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਮੋਰਚੇ 'ਚ ਜਾਣ ਤੋਂ ਰੋਕਣ ਪਰ ਹਰਿਆਣੇ ਦੇ ਕਿਸਾਨਾਂ ਨੇ ਇਸ ਚਾਲ ਨੂੰ ਸਮਝਦੇ ਹੋਏ ਦਿੱਲੀ ਮੋਰਚੇ ਵਿੱਚ ਪਹੁੰਚੇ ਪੰਜਾਬ ਦੇ ਕਿਸਾਨਾਂ ਨੂੰ ਹੱਥੀਂ ਛਾਵਾਂ ਕੀਤੀਆਂ।
ਦੁੱਧ,ਲੱਸੀ,ਬਾਲਣ,, ਸਬਜੀਆਂ ਅਤੇ ਹੋਰ ਬਹੁਤ ਸਾਰੇ ਲੋਡ਼ੀਂਦੇ ਸਾਮਾਨ ਦੇ ਢੇਰ ਲਾ ਦਿੱਤੇ। ਉਨ੍ਹਾਂ ਕਿਹਾ ਕਿ ਮੋਦੀ ਦੀ ਭਾਜਪਾ ਹਕੂਮਤ ਨੇ ਜੰਮੂ ਕਸ਼ਮੀਰ ਅਤੇ ਹੋਰ ਸੂਬਿਆਂ ਦੇ ਟੁੱਕੜੇ ਕਰ ਕੇ ਦੇਸ਼ ਨੂੰ ਕਮਜ਼ੋਰ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਲੋਕ ਮਾੜੇ ਨਹੀਂ ਹੁੰਦੇ ਸਗੋਂ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਨੂੰ ਬੇਈਮਾਨ ਬਣਾਉਦੀਆਂ ਹਨ। ਸਰਕਾਰਾਂ ਨੇ ਸਾਨੂੰ ਬੈਂਕਾਂ ਦੇ ਕਰਜ਼ਦਾਰ ਬਣਾਇਆ,ਸਾਨੂੰ ਚੋਰ ਬਣਾਇਆ ਗਿਆ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਗੰਨੇ, ਧੁੱਪ, ਹਵਾ, ਪਾਣੀ, ਪਰਾਲੀ ਅਤੇ ਮੱਕੀ ਤੋਂ ਸਸਤੀ ਬਿਜਲੀ ਬਣਾਈ ਜਾ ਸਕਦੀ ਹੈ ਪਰ ਪਰਮਾਣੂ ਅਤੇ ਕੋਲੇ ਤੋਂ ਮਹਿੰਗੀ ਬਿਜਲੀ ਬਣਾਉਣਾ ਸਰਕਾਰਾਂ ਦੀ ਨੀਤੀ ਅਤੇ ਨੀਅਤ ਵਿੱਚ ਖੋਟ ਦਰਸਾਉਂਦਾ ਹੈ। ਬਿਜਲੀ ਜ਼ਿਆਦਾ ਮਹਿੰਗੇ ਹੋਣ ਕਾਰਨ ਹੀ ਮਜਬੂਰੀ ਵੱਸ ਲੋਕ ਚੋਰੀ ਕਰਨ ਵੱਲ ਭਜਦੇ ਹਨ।
ਹਰਦੇਵ ਸਿੰਘ ਕੁਲਾਰਾਂ (ਸੰਗਰੂਰ) ਨੇ ਕਿਹਾ ਕਿ ਤਿੰਨ ਕਾਲੇ ਕਾਨੂੰਨ ਸਮੂਹ ਕਿਰਤੀ ਲੋਕਾਂ ਦਾ ਉਜਾੜਾ ਵੱਡੀ ਪੱਧਰ ਤੇ ਕਰਨਗੇ।ਕੋਰੋਨਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਕਾਲੇ ਕਾਨੂੰਨ ਪਾਸ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਭਾਜਪਾ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰੇਕ ਦੇ ਖਾਤੇ 'ਚ ਪੰਦਰਾਂ ਪੰਦਰਾਂ ਲੱਖ ਰੁਪਏ ਆਉਣਗੇ ਪਰ ਲੋਕਾਂ ਦੇ ਵਾਰੇ ਨਿਆਰੇ ਕਰਨ ਦੀ ਥਾਂ ਤੇ ਮਹਿੰਗਾਈ ਇੰਨੀ ਵਧ ਗਈ ਹੈ ਕਿ ਹਰ ਚੀਜ਼ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ।ਆਗੂਆਂ ਨੇ ਕਿਹਾ ਕਿ ਲਲਿਤ ਮੋਦੀ ਅਤੇ ਮੁਹੇਲ ਚੋਕਸੀ ਵਰਗੇ ਦੇਸ਼ ਨੂੰ ਲੁੱਟ ਕੇ ਲੈ ਗਏ। ਸੰਘਰਸ਼ ਦੋਰਾਨ 400 ਤੋਂ ਵੱਧ ਕਿਸਾਨ ਅਤੇ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਅਸਲ ਵਿੱਚ ਮੌਕੇ ਦੀ ਭਾਜਪਾ ਹਕੂਮਤ ਇਨ੍ਹਾਂ ਸ਼ਹੀਦਾਂ ਦੀ ਕਾਤਲ ਹੈ।
ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਪੂਰੇ ਜੋਸ਼ ਅਤੇ ਹੋਸ਼ ਨਾਲ ਲੜਿਆ ਜਾ ਰਿਹਾ ਹੈ।ਮੋਦੀ ਦੀ ਭਾਜਪਾ ਹਕੂਮਤ ਅਤੇ ਆਰਐੱਸਐੱਸ ਆਪਣਾ ਫਿਰਕੂ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ।ਹਰਿਆਣਾ ਤੋਂ ਵਰਿੰਦਰ ਹੁੱਡਾ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਸਭ ਤੁਹਾਡੇ ਨਾਲ ਹਾਂ। ਮੋਦੀ ਹਕੂਮਤ ਵੱਲੋਂ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕਦੇ ਅਤਿਵਾਦੀ,ਵੱਖਵਾਦੀ, ਮਾਓਵਾਦੀ ਅਤੇ ਟੁਕੜੇ ਟੁਕੜੇ ਗੈਂਗ ਆਦਿ ਨਾਵਾਂ ਨਾਲ ਨਵਾਜਿਆ ਜਾ ਰਿਹਾ ਹੈ।ਸਟੇਜ ਸੰਚਾਲਨ ਦੀ ਭੂਮਿਕਾ ਸੁਖਵੰਤ ਸਿੰਘ ਵਲਟੋਹਾ ਨੇ ਬਾਖ਼ੂਬੀ ਨਿਭਾਈ ਅਤੇ ਬਿੱਟੂ ਮੱਲਣ,ਬਹਾਦਰ ਸਿੰਘ ਅਤੇ ਹਰਮਨਦੀਪ ਸਿੰਘ ਟੱਲੇਵਾਲ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।