ਖੇਤੀ ਕਾਨੂੰਨ:ਕਿਸਾਨ ਮੋਰਚਾ ਲੰਮਾ ਖਿੱਚਣ ਦੀ ਸੂਰਤ ’ਚ ਤਿਆਰੀਆਂ ਵਿੱਢੀਆਂ
ਅਸ਼ੋਕ ਵਰਮਾ
ਬਠਿੰਡਾ,6 ਮਈ 2021: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੇ ਲੰਮਾਂ ਖਿੱਚ੍ਹਣ ਦੀਆਂ ਆ ਰਹੀਆਂ ਰਿਪੋਰਟਾਂ ਨੂੰ ਦੇਖਦਿਆਂ ਕਿਸਾਨ ਜੱਥੇਬੰਦੀਆਂ ਨੇ ਵੀ ਪ੍ਰਬੰਧ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਅਤੇ ਪੰਜਾਬ ਦੀਆਂ ਵੱਖ ਵੱਖ ਥਾਵਾਂ ਤੇ ਕੜਾਕੇ ਦੀ ਠੰਢ ਅਤੇ ਬਾਰਸ਼ਾਂ ਵਰਗੇ ਮਾੜੇ ਮੌਸਮ ਦਾ ਸਫਲਤਾ ਪੂਰਵਕ ਸਾਹਮਣਾ ਕਰਨ ਤੋਂ ਬਾਅਦ ਕਿਸਾਨ ਧਿਰਾਂ ਨੇ ਗਰਮੀ ਅਤੇ ਮੱਛਰਾਂ ਵਰਗੀਆਂ ਅਲਾਮਤਾਂ ਨੂੰ ਮਾਤ ਦੇਣ ਦੀ ਠਾਣ ਲਈ ਹੈ। ਕਈ ਮੋਰਚਿਆਂ ’ਚ ਤਾਂ ਵੱਡੇ ਕੂਲਰ ਲਾਏ ਜਾ ਚੁੱਕੇ ਹਨ ਜਦੋਂਕਿ ਹੋਰਨਾਂ ਥਾਵਾਂ ਤੇ ਵਿਉਂਤਬੰਦੀ ਚੱਲ ਰਹੀ ਹੈ। ਮਹੱਤਵਪੂਰਨ ਤੱਥ ਹੈ ਕਿ ਕਿਸਾਨ ਆਗੂਆਂ ਨੇ ਕੂਲਰਾਂ, ਪੱਖਿਆਂ ਅਤੇ ਬਿਜਲੀ ਸੰਦਾਂ ਨੂੰ ਚਲਾਉਣ ਲਈ ਜੈਨਰੇਟਰ ਲਾਉਣ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਕਰਕੇ ਹੁਣ ਕਿਸਾਨ ਮੋਰਚਾ ਵੱਡੀ ਮਿਸਾਲ ਬਣਨ ਲੱਗਿਆ ਹੈ।
ਬਰਨਾਲਾ ’ਚ ਤਾਂ ਕਿਸਾਨ ਜੱਥੇਬੰਦੀਆਂ ਨੇ ਕੂਲਰਾਂ ਦੇ ਨਾਲ ਨਾਲ ਪੰਡਾਲ ਦੇ ਆਸ ਪਾਸ ਜਾਲੀ ਵੀ ਲਾ ਦਿੱਤੀ ਹੈ ਜੋ ਬਾਹਰ ਤੋਂ ਆਉਣ ਵਾਲੇ ਕੀੜੇ ਮਕੌੜਿਆਂ ਤੋਂ ਬਚਾਅ ਕਰੇਗੀ। ਕਿਸਾਨਾਂ ਦਾ ਕਹਿਣਾ ਹੈ ਜੇਕਰ ਮੋਦੀ ਸਰਕਾਰ ਹੱਠ ਦੀ ਪੱਕੀ ਹੈ ਤਾਂ ਉਨ੍ਹਾਂ ਦੇ ਡੇਰੇ ਵੀ ਦੂਰ ਹਨ। ਉਨ੍ਹਾਂ ਆਖਿਆ ਕਿ ਮੋਰਚਾ ਜਿੰਨਾਂ ਮਰਜੀ ਲੰਮਾਂ ਚੱਲੇ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਘਰਾਂ ਨੂੰ ਵਾਪਿਸ ਨਹੀਂ ਮੁੜਨਗੇ। ਇਵੇਂ ਹੀ ਕਿਸਾਨ ਬੀਬੀਆਂ ਨੇ ਵੀ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਮਨ ਬਣਾ ਲਿਆ ਹੈ। ਬੀਬੀਆਂ ਆਖਦੀਆਂ ਹਨ ਕਿ ਮੋਦੀ ਸਰਕਾਰ ਦੇ ਹੱਲਿਆਂ ਨੇ ਉਨ੍ਹਾਂ ਨੂੰ ਸਿਆਣਾ ਬਣਾ ਦਿੱਤਾ ਹੈ ਇਸ ਲਈ ਉਨ੍ਹਾਂ ਨੂੰ ਵੀ ਹਕੂਮਤਾਂ ਦੀ ਕੋਈ ਪ੍ਰਵਾਹ ਨਹੀਂ ਅਤੇ ਉਹ ਵੀ ਕਿਸਾਨਾਂ ਦੇ ਬਰਾਬਰ ਮੋਰਚੇ ’ਚ ਡਟਣਗੀਆਂ।
ਇਹ ਵਰਤਾਰਾ ਸਿਰਫ ਮਾਲਵੇ ਤੱਕ ਸੀਮਤ ਨਹੀਂ ਬਲਕਿ ਮਾਝੇ ਦੁਆਬੇ ਤੱਕ ਵੀ ਕਿਸਾਨ ਸੰਘਰਸ਼ ਨੂੰ ਵੱਡੀ ਹਮਾਇਤ ਮਿਲੀ ਹੈ। ਅਜਾਦੀ ਤੋਂ ਬਾਅਦ ਪਹਿਲੀ ਦਫ਼ਾ ਹੈ ਕਿ ਕਿਸਾਨ ਅੰਦੋਲਨ ਨੂੰ ਹਰ ਘਰ ਆਪਣੀ ਲੜਾਈ ਸਮਝ ਰਿਹਾ ਹੈ। ਕਿਸਾਨ ਆਖਦੇ ਹਨ ਕਿ ਕੇਂਦਰ ਸਰਕਾਰ ਨੂੰ ਵੀ ਇਹ ਰਮਜ਼ ਸਮਝ ਲੈਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਕਿਸਾਨ ਆਗੂ ਬਲਬੀਰ ਕੌਰ ਕਰਮਗੜ੍ਹ ਦਾ ਕਹਿਣਾ ਸੀ ਕਿ ਧਰਨੇ ਵਾਲੀ ਥਾਂ ਤੇ ਕੂਲਰ ਲਾਉਣ ਨਾਲ ਧਰਨਕਾਰੀਆਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਨਾਲ ਇਹ ਇਰਾਦਾ ਵੀ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਲੰਬੇ ਘੋਲ ਲਈ ਤਿਆਰ ਹਾਂ। ਉਨ੍ਹਾਂ ਆਖਿਆ ਕਿ ਹੁਣ ਤਾਂ ਭਾਰਤੀ ਜੰਤਾ ਪਾਰਟੀ ਨੇ ਕਿਸਾਨਾਂ ਅਤੇ ਸੰਘਰਸ਼ੀ ਲੋਕਾਂ ਦੀ ਤਾਕਤ ਨੂੰ ਵੀ ਦੇਖ ਲਿਆ ਹੈ ਇਸ ਲਈ ਮੋਦੀ ਸਰਕਾਰ ਕੰਧ ਤੇ ਲਿਖਿਆ ਪੜ੍ਹੇ।
ਕਿਸਾਨ ਆਗੂ ਕਰਨੈਲ ਸਿੰਘ ਗਾਂਧੀ ਦਾ ਕਹਿਣਾ ਸੀ ਕਿ ਭਾਵੇਂ ਗਰਮੀ ਦੂਰ ਕਰਨ ਵਾਲੀਆਂ ਤਕਨੀਕਾਂ ਮਹਿੰਗੀਆਂ ਹਨ ਪਰ ਖੇਤੀ ਕਾਨੂੰਨਾਂ ਵਰਗੇ ਵੱਡੇ ਮਸਲੇ ਅੱਗੇ ਸਭ ਕੁੱਝ ਛੋਟਾ ਹੈ। ਉਹਨਾਂ ਦੱਸਿਆ ਕਿ ਜਮੀਨਾਂ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਵਿੱਚ ਤਾਂ ਪਿੰਡਾਂ ਦੇ ਲੋਕ ਹੀ ਕਿਸੇ ਕਿਸਮ ਦੀ ਤੋਟ ਨਹੀਂ ਆਉਣ ਦਿੰਦੇ ਸਨ ਬਲਕਿ ਹੁਣ ਤਾਂ ਸਮੁੱਚੇ ਪੰਜਾਬ ਨੇ ਮੋਰਚਿਆਂ ਲਈ ਦਿਲ ਖੋਹਲ ਦਿੱਤੇ ਹਨ। ਕਿਸਾਨ ਆਗੂ ਗੁਰਨਾਮ ਸਿੰਘ ਠੀਕਰੀ ਵਾਲਾ ਆਖਦੇ ਹਨ ਕਿ ਇੰਨ੍ਹਾਂ ਖੇਤੀ ਕਾਨੂੰਨਾਂ ਨੇ ਸਮੁੱਚੀ ਮਾਨਵਤਾ ਦੀ ਸੰਘੀ ਪੂਰੀ ਤਰਾਂ ਘੁੱਟ ਦੇਣੀ ਹੈ ਜਿਸ ਕਰਕੇ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਲੋਕ ਹਰ ਹੀਲਾ ਵਰਤਣ ਲਈ ਤਿਆਰ ਬੈਠੇ ਹਨ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਅਮਲਾਂ ਅਤੇ ਬਿਆਨਾਂ ਰਾਹੀਂ ਲਗਾਤਾਰ ਇਹ ਸੰਦੇਸ਼ ਦਿੰਦੇ ਆ ਰਹੇ ਹਾਂ ਕਿ ਕਾਲੇ ਕਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਘਰ ਵਾਪਿਸੀ ਨਹੀਂ ਹੋਣੀ।
ਆਮ ਲੋਕਾਂ ਨੇ ਜਿਗਰਾ ਦਿਖਾਇਆ
ਪੰਜਾਬ ’ਚ ਚੱਲ ਰਹੇ ਕਿਸਾਨ ਮੋਰਚਿਆਂ ਲਈ ਕਿਸਾਨਾਂ ਨੇ ਤਾਂ ਦਿਲ ਖੋਲ੍ਹੇ ਹਨ ਬਲਕਿ ਆਮ ਲੋਕਾਂ ਨੇ ਵੀ ਸਮਰੱਥਾ ਮੁਤਾਬਕ ਦਸਵੰਧ ਕੱਢਿਆ ਹੈ। ਪਤਾ ਲੱਗਿਆ ਹੈ ਕਿ ਦਰਜਨਾਂ ਪੁਲਿਸ ਮੁਲਾਜਮ ਕਿਸਾਨ ਅੰਦੋਲਨ ਗੁਪਤ ਦਾਨ ਦੇ ਕੇ ਗਏ ਹਨ। ਇੱਕ ਪੁਲਿਸ ਅਧਿਕਾਰੀ ਨੇ ਵੀ ਗੁਪਤ ਰੂਪ ’ਚ ਸੰਘਰਸ਼ ਲਈ ਫੰਡ ਭੇਜਿਆ ਹੈ ਜਦੋਂਕਿ ਕੁੱਝ ਸਿਪਾਹੀ ਲੜਕੀਆਂ ਵੀ ਆਪਣਾ ਯੋਗਦਾਨ ਪਾਕੇ ਗਈਆਂ ਹਨ। ਨਵੇਂ ਖੇਤੀ ਕਨੂੰਨਾਂ ਦਾ ਹਰ ਵਰਗ ਨੂੰ ਸੇਕ ਲੱਗਣਾ ਹੈ ਜਿਸ ਕਰਕੇ ਕੋਈ ਵੀ ਪਿੱਛੇ ਨਹੀਂ ਹਟ ਰਿਹਾ ਹੈ। ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਕਿਸੇ ਵੀ ਸਿਆਸੀ ਧਿਰ ਦੇ ਆਗੂ ਨੇ ਕਿਸਾਨ ਅੰਦੋਲਨ ਲਈ ਹਾਲੇ ਤੱਕ ਸਿੱਧੇ ਤੌਰ ਤੇ ਜੇਬ੍ਹ ਨਹੀਂ ਢਿੱਲੀ ਕੀਤੀ ਹੈ।
ਕਿਸਾਨੀ ਰੋਹ ਦਾ ਪ੍ਰਮਾਣ: ਨਰਾਇਣ ਦੱਤ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਕਿ ਭਾਵੇਂ ਮਾਲੀ ਤੌਰ ਤੇ ਕਿਸਾਨੀ ਘੋਲ ਕਾਫੀ ਮਹਿੰਗੇ ਪੈਣ ਲੱਗੇ ਹਨ ਪਰ ਪੰਜਾਬੀਆਂ ਨੇ ਕਿਸਾਨ ਜੱਥੇਬੰਦੀਆਂ ਲਈ ਹਮੇਸ਼ਾ ਹੱਥ ਖੋਹਲ ਰੱਖਿਆ ਹੈ। ਉਹਨਾਂ ਆਖਿਆ ਕਿ ਕਿਸਾਨੀ ਬਚਾਉਣ ਲਈ ਕੋਈ ਵੀ ਮੌਸਮ ਮਾਇਨੇ ਨਹੀਂ ਰੱਖਦਾ ਹੈ ਪਰ ਅਸਲ ’ਚ ਇਹ ਇੰਤਜਾਮ ਕਿਸਾਨ ਰੋਹ ਦੀ ਡੂੰਘਾਈ ਦਾ ਪ੍ਰਤੱਖ ਪ੍ਰਮਾਣ ਹੈ । ਉਨ੍ਹਾਂ ਆਖਿਆ ਕਿ ਨਵੇਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਨੇ ਤਾਂ ਪਿੰਡਾਂ ’ਚ ਚੁੱਪ ਬੈਠੀ ਕਿਸਾਨਾਂ ਨੂੰ ਜਗਾ ਦਿੱਤਾ ਹੈ ਜੋ ਇਹ ਕਾਨੂੰਨ ਰੱਦ ਕਰਵਾਏ ਬਗੈਰ ਮੁੜਨ ਵਾਲੀ ਨਹੀਂ ਹਨ।