ਕੋਰੋਨਾ ਨਾਲ ਨਜਿੱਠਣ ਦੀ ਥਾਂ ਧੱਕੇ ਨਾਲ ਮੜ੍ਹੀਆਂ ਜਾ ਰਹੀਆਂ ਪਾਬੰਦੀਆਂ -ਮਾਨ
ਅਸ਼ੋਕ ਵਰਮਾ
ਨਵੀਂ ਦਿੱਲੀ, 6 ਮਈ 2021 ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਨੂੰ ਪੰਜ ਮਹੀਨਿਆਂ ਤੋਂ ਉੱਪਰ ਸਮਾਂ ਹੋ ਗਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਦੀ ਟਿਕਰੀ ਹੱਦ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਆਉਣ ਵਾਲੇ ਦਿਨਾਂ ਦੇ ਐਕਸ਼ਨਾਂ ਦਾ ਐਲਾਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਯੋਗ ਕਦਮ ਚੁੱਕਣ ਦੀ ਥਾਂ ਲੋਕਾਂ 'ਤੇ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ ਜਿਸ ਵਿੱਚ ਪ੍ਰੇਰ ਕੇ ਸਮਝਾਉਣ ਦੀ ਬਜਾਏ ਧੱਕੇ ਨਾਲ ਟੈਸਟ ਕਰਵਾਏ ਜਾ ਰਹੇ ਹਨ।ਰਾਹਗੀਰਾਂ ਦੇ ਚਲਾਨ ਕੱਟੇ ਜਾ ਰਹੇ ਹਨ। ਕਾਰੋਬਾਰ ਬੰਦ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ।ਇਨ੍ਹਾਂ ਪਾਬੰਦੀਆਂ ਦੇ ਖਿਲਾਫ 8 ਮਈ ਨੂੰ ਦੁਕਾਨਦਾਰਾਂ ਵਲੋਂ ਦੁਕਾਨਾਂ ਖੋਲ੍ਹ ਕੇ ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ਵਿੱਚ ਜੋ ਐਕਸ਼ਨ ਕੀਤਾ ਜਾਵੇਗਾ।
ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਟਵੀਂ ਹਮਾਇਤ ਕੀਤੀ ਜਾਵੇਗੀ ਅਤੇ ਇਹ ਮੰਗ ਕੀਤੀ ਜਾਵੇਗੀ ਕਿ ਸਰਕਾਰ ਕਰੋਨਾ ਵਾਇਰਸ ਦੀ ਰੋਕਥਾਮ ਲਈ ਪਾਬੰਦੀਆਂ ਲਾਉਣ ਦੀ ਥਾਂ ਯੋਗ ਪ੍ਰਬੰਧ ਕਰੇ ਅਤੇ ਦੁਕਾਨਦਾਰ 'ਤੇ ਦੁਕਾਨਾਂ ਬੰਦ ਕਰਨ ਦੇ ਹੁਕਮ ਵਾਪਸ ਲਵੇ।ਨਾਲ ਹੀ ਉਨ੍ਹਾਂ ਦੂਜਾ ਐਕਸ਼ਨ ਐਲਾਨਦਿਆਂ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੌਰਾਨ ਕੰਮਕਾਰ ਕਰਕੇ ਦਿੱਲੀ ਮੋਰਚੇ 'ਚ ਕਿਸਾਨਾਂ ਦੀ ਜੋ ਗਿਣਤੀ ਘਟ ਗਈ ਸੀ।ਉਸ ਨੂੰ ਪੂਰਾ ਕਰਨ ਲਈ 10 ਅਤੇ 12 ਮਈ ਨੂੰ ਪੰਜਾਬ ਦੇ ਹਜ਼ਾਰਾਂ ਕਿਸਾਨ,ਮਜ਼ਦੂਰ ਅਤੇ ਛੋਟੇ ਕਾਰੋਬਾਰੀ ਵੱਡੇ ਕਾਫਲਿਆਂ ਦੇ ਰੂਪ ਵਿੱਚ ਵਹੀਰਾਂ ਘੱਤ ਕੇ ਦਿੱਲੀ ਮੋਰਚੇ ਵਿੱਚ ਪਹੁੰਚਣਗੇ।
ਕਿਸਾਨ ਔਰਤ ਵਿੰਗ ਦੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੌਟੜਾ ਨੇ ਕਿਹਾ ਸਾਲ ਪਹਿਲਾਂ ਆਈ ਕਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।ਕਰੋਨਾ ਸਮੇਂ ਦੌਰਾਨ ਜਦੋਂ ਲੋਕ ਘਰਾਂ ਵਿੱਚ ਸਨ ਤਾਂ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਉੱਪਰ ਲੁੱਟ ਦਾ ਕੁਹਾੜਾ ਵਾਹਿਆ ਗਿਆ।ਉਸ ਸਮੇਂ ਖੇਤੀ ਕਾਲੇ ਕਾਨੂੰਨ ਲਿਆਂਦੇ ਗਏ ਅਤੇ ਕਿਰਤ ਕਾਨੂੰਨਾਂ 'ਚ ਸੋਧ ਕੀਤੀ ਗਈ।ਸਰਕਾਰੀ ਸਿੱਖਿਆ ਦੇ ਉਜਾੜੇ ਲਈ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ।ਮੁਲਕ ਦੇ ਜਨਤਕ ਅਦਾਰੇ ਸੇਲ ਤੇ ਲਾਏ ਗਏ। ਉਨ੍ਹਾਂ ਕਿਹਾ ਹੋਰਨਾਂ ਰਾਜਾਂ ਤੋਂ ਪਰਵਾਸ ਕਰ ਕੇ ਦੂਜੇ ਸੂਬਿਆਂ ਵਿੱਚ ਰੁਜ਼ਗਾਰ ਲਈ ਆਏ ਮਜ਼ਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਵੀ ਇਸੇ ਕਰੋਨਾ ਬਿਮਾਰੀ ਦੇ ਦੌਰ ਦੌਰਾਨ ਹੋਇਆ ਸੀ।ਪਿਛਲੇ ਸਮੇਂ ਉਨੇ ਪਰਵਾਸੀ ਮਜ਼ਦੂਰ ਕਰੋਨਾ ਕਾਰਨ ਨਹੀਂ ਮਰੇ ਜਿੰਨੇ ਰੁਜ਼ਗਾਰ ਦੇ ਉਜਾੜੇ ਕਾਰਨ ਅਤੇ ਘਰਾਂ ਤਕ ਪਹੁੰਚਣ ਲਈ ਸਾਧਨਾਂ ਦੇ ਪ੍ਰਬੰਧ ਨਾ ਹੋਣ ਕਾਰਨ ਰਾਹਾਂ ਵਿੱਚ ਹੀ ਮਰ ਗਏ।
ਮਾਸਟਰ ਗੁਰਚਰਨ ਸਿੰਘ ਖੋਖਰ ਬਲਾਕ ਆਗੂ ਲਹਿਰਾਗਾਗਾ ਨੇ ਕਿਹਾ ਕਿ ਮੋਦੀ ਹਕੂਮਤ ਦੇ ਨਵ - ਉਦਾਰ ਵਾਦੀ ਮਾਡਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦਾ ਕੰਮ ਸਿਰਫ ਡੰਡੇ ਨਾਲ ਰਾਜ ਕਰਨਾ ਅਤੇ ਹਰ ਤਰ੍ਹਾਂ ਦੇ ਸਰਕਾਰੀ ਸਰੋਤਾਂ ਨੂੰ ਸੰਕਟ ਵਿੱਚ ਘਿਰੇ ਕਹਿ ਕੇ ਵੇਚ ਦੇਣਾ ਹੁੰਦਾ ਹੈ।ਇਸ ਦਾ ਸਭ ਤੋਂ ਵੱਡਾ ਸਬੂਤ ਇੱਕ ਸਾਲ ਤੋਂ ਸਿਹਤ ਸਹੂਲਤਾਂ ਨੂੰ ਪ੍ਰਫੁੱਲਿਤ ਕਰਨ ਦੀ ਥਾਂ ਉੱਨਾਂ ਨੂੰ ਨਕਾਰਾ ਕਰ ਦਿੱਤਾ ਗਿਆ ਹੈ।ਸਿਹਤ, ਭੋਜਨ,ਸਿੱਖਿਆਂ,ਰੁਜ਼ਗਾਰ ਆਦਿ ਨਾਲ ਸਬੰਧਤ ਸਰਕਾਰੀ ਸਹਾਇਤਾ ਅਤੇ ਲੋੜਾ ਜੋ ਸਰਕਾਰਾਂ ਵੱਲੋਂ ਦੇਣੀਆਂ ਚਾਹੀਦੀਆਂ ਸਨ ਤੋਂ ਮੂੰਹ ਮੋੜ ਲਿਆ ਗਿਆ ਹੈ।ਸੰਕਟ ਦੇ ਅਜਿਹੇ ਹਾਲਾਤਾਂ ਵਿੱਚ ਮਨੂੱਖਤਾ ਨੂੰ ਨਵੀਂ ਕਿਸਮ ਦੇ ਸਦਮਿਆਂ ਵੱਲ ਧੱਕਿਆ ਜਾ ਰਿਹਾ ਹੈ।
ਇਸ ਮੌਕੇ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਨਾਟਕ ਟੀਮ ਵੱਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਗੁਰਸ਼ਰਨ ਭਾਜੀ ਦਾ ਲਿਖਿਆ ਨਾਟਕ " ਜੰਗੀ ਰਾਮ ਦੀ ਹਵੇਲੀ " ਖੇਡਿਆ ਗਿਆ।ਅੱਜ ਸਟੇਜ ਸੰਚਾਲਨ ਦੀ ਭੂਮਿਕਾ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾਗੁਰੂ ਨੇ ਬਾਖ਼ੂਬੀ ਨਿਭਾਈ ਆਤੇ ਸਟੇਜ ਤੋਂ ਬਿੱਟੂ ਮੱਲਣ,ਹਰਜੀਤ ਮਹਿਲਾ ਚੌਕ, ਸਤਪਾਲ ਸਿੰਘ ਫਾਜ਼ਿਲਕਾ ਅਤੇ ਸੰਦੀਪ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।